ਜਲੰਧਰ, 3 ਦਸੰਬਰ (ਸ਼ਿਵ)-ਮੇਅਰ ਵਨੀਤ ਧੀਰ ਅਤੇ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨਾਲ ਹੋਈ ਲੰਬੀ ਮੀਟਿੰਗ ਤੋਂ ਬਾਅਦ ਬੰਟੂ ਸੱਭਰਵਾਲ ਦੇ ਧੜੇ ਵਾਲੀਆਂ ਯੂਨੀਅਨਾਂ ਵਲੋਂ ਕਈ ਦਿਨਾਂ ਤੋਂ ਚੱਲ ਰਹੀ ਹੜਤਾਲ ਨੂੰ ਖ਼ਤਮ ਕਰ ਦਿੱਤਾ ਗਿਆ | ਨਿਗਮ ਯੂਨੀਅਨ 143 ਕਰੋੜ ਦੇ ਕੂੜਾ ਪ੍ਰਬੰਧਨ ਦੇ ਪ੍ਰਾਜੈਕਟ ਦੇ ਟੈਂਡਰ ਦਾ ਵਿਰੋਧ ਕਰ ਰਹੀਆਂ ਸਨ ਸਗੋਂ ਭਰਤੀ ਕਰਨ ਅਤੇ ਹੋਰ ਮੰਗਾਂ ਨੂੰ ਲੈ ਕੇ ਕਈ ਦਿਨਾਂ ਤੋਂ ਹੜਤਾਲ 'ਤੇ ਚੱਲ ਰਹੀਆਂ ਸੀ | ਮੇਅਰ ਵਨੀਤ ਧੀਰ ਨੇ ਨਿਗਮ ਦਫਤਰ 'ਚ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਮੰਗਾਂ ਮੰਨ ਲਈਆਂ ਜਿਸ ਤੋਂ ਯੂਨੀਅਨ ਵਲੋਂ ਹੜਤਾਲ ਖ਼ਤਮ ਕਰਨ ਦਾ ਐਲਾਨ ਕੀਤਾ ਗਿਆ | ਨਿਗਮ ਪ੍ਰਸ਼ਾਸਨ ਵਲੋਂ ਨਿਗਮ ਯੂਨੀਅਨ ਦੀਆਂ ਜਿਹੜੀਆਂ ਮੰਗਾਂ ਮੰਨੀਆਂ ਗਈਆਂ, ਉਨ੍ਹਾਂ 'ਚ ਫ਼ੈਸਲਾ ਕੀਤਾ ਗਿਆ ਕਿ ਸ਼ਹਿਰ ਵਿਚ ਕੂੜਾ ਪ੍ਰਬੰਧਨ ਦੇ ਕੰਮ ਵਾਲੇ 143 ਕਰੋੜ ਦੇ ਪ੍ਰਾਜੈਕਟ ਦੇ ਟੈਂਡਰ ਯੂਨੀਅਨ ਦੀ ਸਹਿਮਤੀ ਤੋਂ ਬਿਨਾਂ ਨਹੀਂ ਖੋਲ੍ਹੇ ਜਾਣਗੇ ਤੇ ਇਸ ਤੋਂ ਇਲਾਵਾ 1196 ਸਫ਼ਾਈ ਸੇਵਕ, ਸੀਵਰਮੈਨਾਂ ਦੀ ਭਰਤੀ ਕੀਤੀ ਜਾਣੀ ਹੈ, ਉਸ ਬਾਰੇ 1 ਜਨਵਰੀ 2026 ਨੂੰ ਇਸ਼ਤਿਹਾਰ ਕੱਢ ਕੇ ਇਸ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਜਾਵੇਗੀ ਤੇ ਇਸ ਤੋਂ ਇਲਾਵਾ ਆਊਟ ਸੋਰਸ 'ਤੇ ਕੰਮ ਕਰ ਰਹੇ ਮਾਲੀ, ਬੇਲਦਾਰ ਅਤੇ ਹੋਰ ਮੁਲਾਜ਼ਮਾਂ ਨੂੰ 1196 ਮੁਲਾਜ਼ਮਾਂ ਦੀ ਭਰਤੀ ਪ੍ਰਕਿਰਿਆ 'ਚ ਸ਼ਾਮਿਲ ਕਰਕੇ ਪੱਕਾ ਕੀਤਾ ਜਾਵੇਗਾ | ਨਿਗਮ ਯੂਨੀਅਨ ਦੀ ਹੋਰ ਮੰਗ ਜਿਸ ਵਿਚ ਕੈਂਟ ਹਲਕੇ ਦੇ 11 ਪਿੰਡਾਂ ਨੂੰ ਨਿਗਮ ਵਿਚ ਸ਼ਾਮਿਲ ਕੀਤਾ ਗਿਆ ਸੀ ਤਾਂ ਕੌਂਸਲਰਾਂ ਨੇ ਸਫ਼ਾਈ ਸੇਵਕ ਰੱਖ ਲਏ ਸੀ ਪਰ ਇੱਕ ਸਾਲ ਤੋਂ ਉਨ੍ਹਾਂ ਨੂੰ ਤਨਖ਼ਾਹਾਂ ਨਹੀਂ ਮਿਲ ਰਹੀਆਂ ਸੀ, ਇਸ ਬਾਰੇ ਨਿਗਮ ਵਲੋਂ ਸਾਰੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਦੇਣ ਦਾ ਫ਼ੈਸਲਾ ਕੀਤਾ ਗਿਆ | ਮੰਗਾਂ ਮੰਨੇ ਜਾਣ ਦੇ ਉਪਰੰਤ ਯੂਨੀਅਨ ਵਲੋਂ ਹੜਤਾਲ ਖ਼ਤਮ ਕਰ ਦਿੱਤੀ ਗਈ | ਇਸ ਮੀਟਿੰਗ ਵਿਚ ਮੇਅਰ ਵਨੀਤ ਧੀਰ, ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਤੋਂ ਇਲਾਵਾ ਯੂਨੀਅਨ ਆਗੂ ਬੰਟੂ ਸਭਰਵਾਲ, ਸ਼ੰਮੀ ਲੂਥਰ, ਰਿੰਪੀ ਕਲਿਆਣ, ਰਾਜਨ ਕਲਿਆਣ, ਵਿਕਰਮ ਕਲਿਆਣ, ਮਨੀਸ਼ ਬਾਬਾ, ਹਿਤੇਸ਼ ਨਾਹਰ, ਨਿਤਿਸ਼ ਨਾਹਰ, ਸਿਕੰਦਰ ਖੋਸਲਾ, ਸੋਨੂੰ ਸੁਪਰਵਾਈਜ਼ਰ, ਵਿਪਨ ਸਭਰਵਾਲ, ਮਨਦੀਪ ਮਿੱਠੂ, ਅਸ਼ੋਕ ਵਾਲਮੀਕਿ, ਸੁਨੀਲ ਦੱਤ ਬੌਬੀ, ਹਰਦੇਵ ਨਾਹਰ, ਸੋਮਨਾਥ ਥਾਪਰ ਤੇ ਹੋਰ ਵੀ ਹਾਜਰ ਸਨ | ਇਸ ਤੋਂ ਪਹਿਲਾਂ ਨਿਗਮ ਯੂਨੀਅਨ ਵਲੋਂ ਨਿਗਮ ਦਫਤਰ ਵਿਚ ਧਰਨਾ ਪ੍ਰਦਰਸ਼ਨ ਕੀਤਾ ਗਿਆ | ਹੜਤਾਲ ਖ਼ਤਮ ਹੋਣ ਤੋਂ ਬਾਅਦ ਕੂੜਾ ਚੁੱਕਣ ਦਾ ਕੰਮ ਸ਼ੁਰੂ ਹੋਇਆ | ਹੜਤਾਲ ਦੇ ਖ਼ਤਮ ਹੋਣ ਨਾਲ ਲੋਕਾਂ ਨੂੰ ਵੀ ਰਾਹਤ ਮਿਲੀ ਕਿਉਂਕਿ ਕਈ ਦਿਨ ਤੋਂ ਲੋਕਾਂ ਦੇ ਕੰਮ ਵੀ ਫਸੇ ਹੋਏ ਸਨ |