10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਮਹਿੰਗਾ ਪਏਗਾ ਹਾਈਵੇ ਤੇ ਸੜਕਾਂ ਦੀਆਂ ਸਾਈਡਾਂ 'ਤੇ ਕੂੜਾ ਸੁੱਟਣਾ

ਅਜੀਤ ਡੈਸਕ 04-12-2025
ਜਲੰਧਰ, 3 ਦਸੰਬਰ (ਸ਼ਿਵ)-ਰੈਗ ਪਿੱਕਰਾਂ ਨੂੰ ਕੂੜਾ ਨਾ ਦੇ ਕੇ ਰਾਤ ਨੂੰ ਹਾਈਵੇ ਤੇ ਸੜਕਾਂ ਦੀਆਂ ਸਾਈਡਾਂ 'ਤੇ ਕੂੜਾ ਸੁੱਟਣ ਵਾਲੇ ਲੋਕਾਂ, ਅਦਾਰਿਆਂ ਨੂੰ ਮਹਿੰਗਾ ਪੈਣ ਵਾਲਾ ਹੈ ਕਿਉਂਕਿ ਨਗਰ ਨਿਗਮ ਵੱਲੋਂ ਰਾਤ ਨੂੰ ਚੋਰੀ ਛੁਪੇ ਇਸ ਤਰਾਂ ਨਾਲ ਕੂੜਾ ਸੁੱਟ ਕੇ ਸ਼ਹਿਰ ਦੀ ਹਾਲਤ ਖ਼ਰਾਬ ਕਰਨ ਵਾਲਿਆਂ ਨੂੰ ਫੜਨ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ | ਮੇਅਰ ਵਨੀਤ ਧੀਰ ਦੀ ਹਦਾਇਤ 'ਤੇ ਇਨ੍ਹਾਂ ਟੀਮਾਂ ਨੂੰ ਚੈਕਿੰਗ ਕਰਨ ਲਈ ਕਿਹਾ ਗਿਆ ਹੈ | ਦੱਸਿਆ ਜਾਂਦਾ ਹੈ ਕਿ ਰਾਤ ਨੂੰ ਕਈ ਲੋਕ ਚੋਰੀ ਛੁਪੇ ਕੂੜਾ ਸੁੱਟ ਰਹੇ ਹਨ ਜਦਕਿ ਕੂੜਾ ਇਕੱਠਾ ਕਰਨ ਵਾਲੇ ਰੈਗ ਪਿੱਕਰਾਂ ਨੂੰ ਦੇਣਾ ਚਾਹੀਦਾ ਹੈ | ਫ਼ੀਸ ਦੇਣ ਤੋਂ ਬਚਣ ਲਈ ਕਈ ਢਾਬੇ ਅਤੇ ਹੋਰ ਕੰਮ ਕਰਨ ਵਾਲੇ ਰਾਤ ਨੂੰ ਕੂੜਾ ਡੰਪਾਂ 'ਤੇ ਸੁੱਟਦੇ ਹਨ ਸਗੋਂ ਕਈ ਵਾਰ ਤਾਂ ਕੂੜਾ ਸੜਕਾਂ, ਗਲੀਆਂ ਦੇ ਮੋੜ 'ਤੇ ਸੁੱਟਿਆ ਜਾਂਦਾ ਹੈ | ਮੇਅਰ ਨੇ ਸੰਬੰਧਿਤ ਅਫ਼ਸਰਾਂ ਨੂੰ ਇਸ ਮਾਮਲੇ 'ਚ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ ਜਿਸ ਵਿਚ ਭਾਰੀ ਜੁਰਮਾਨਾ ਲਗਾਉਣ ਤੋਂ ਇਲਾਵਾ ਅਦਾਲਤਾਂ ਵਿਚ ਵੀ ਇਸ ਤਰ੍ਹਾਂ ਦੇ ਚਲਾਨ ਭੇਜੇ ਜਾਣਗੇ |
ਸਹਾਇਕ ਕਮਿਸ਼ਨਰ ਵਿਕਰਾਂਤ ਵਰਮਾ ਨੇ ਦੱਸਿਆ ਕਿ ਬੀਤੀ ਰਾਤ ਪਠਾਨਕੋਟ ਚੌਕ ਹੋਟਲ ਦੋ ਕੋਲ, ਸ੍ਰੀ ਦੇਵੀ ਤਾਲਾਬ ਮੰਦਰ ਰੋਡ ਤੇ ਚੁਗਿੱਟੀ ਬਾਈਪਾਸ ਕੋਲ ਨਾਕੇ ਲਗਾਏ ਗਏ ਸੀ | ਟੀਮ ਨੇ ਚੈਕਿੰਗ ਵੇਲੇ ਕਈ ਲੋਕਾਂ ਨੂੰ ਰਾਤ ਨੂੰ ਕੂੜਾ ਸੁੱਟਦੇ ਫੜਿਆ ਤੇ ਉਨ੍ਹਾਂ ਨੂੰ ਪਹਿਲੀ ਵਾਰ ਚਿਤਾਵਨੀ ਦੇ ਕੇ ਛੱਡ ਦਿੱਤਾ ਕਿ ਜੇਕਰ ਇਸ ਤਰ੍ਹਾਂ ਨਾਲ ਅੱਗੇ ਵੀ ਹਾਈਵੇ ਅਤੇ ਸੜਕਾਂ ਦੀਆਂ ਸਾਈਡਾਂ 'ਤੇ ਕੂੜਾ ਸੁੱਟਦੇ ਕੋਈ ਫੜਿਆ ਜਾਂਦਾ ਹੈ ਤਾਂ ਜੁਰਮਾਨਾ ਵਸੂਲ ਕੀਤਾ ਜਾਵੇਗਾ | ਵਿਕਰਾਂਤ ਵਰਮਾ ਨੇ ਦੱਸਿਆ ਕਿ ਰਾਤ ਨੂੰ ਇਸ ਬਾਰੇ ਚੈਕਿੰਗ ਕਰਨ 'ਤੇ ਕੁਝ ਲੋਕਾਂ ਨੂੰ ਹਾਈਵੇ ਅਤੇ ਸੜਕਾਂ 'ਤੇ ਕੂੜਾ ਸੁੱਟਦਿਆਂ ਫੜਿਆ ਸੀ |
ਡੰਪਾਂ 'ਤੇ ਨਹੀਂ ਲੱਗੇ ਕੈਮਰੇ
ਕੁਝ ਸਮਾਂ ਪਹਿਲਾਂ ਨਿਗਮ ਪ੍ਰਸ਼ਾਸਨ ਨੇ ਫ਼ੈਸਲਾ ਕੀਤਾ ਸੀ ਕਿ ਡੰਪਾਂ 'ਤੇ ਕਈ ਰੈਸਟੋਰੈਂਟ, ਢਾਬੇ ਅਤੇ ਹੋਰ ਅਦਾਰੇ ਕੂੜਾ ਇਕੱਠਾ ਕਰਨ ਵਾਲੇ ਰੈਗ ਪਿੱਕਰਾਂ ਨੂੰ ਫ਼ੀਸ ਨਾ ਦੇਣ ਕਰਕੇ ਕੂੜਾ ਨਹੀਂ ਦਿੰਦੇ ਤੇ ਉਹ ਦੇਰ ਰਾਤ ਜਾਂ ਦਿਨ ਚੜੇ੍ਹ ਉਹ ਕੂੜਾ ਡੰਪਾਂ 'ਤੇ ਸੁੱਟ ਦਿੰਦੇ ਹਨ ਜਿਸ ਕਰਕੇ ਨਿਗਮ ਪ੍ਰਸ਼ਾਸਨ ਨੂੰ ਕੂੜਾ ਚੁੱਕਣ ਲਈ ਖਰਚਾ ਕਰਨਾ ਪੈਂਦਾ ਹੈ, ਉਨ੍ਹਾਂ ਨੂੰ ਰੋਕਣ ਲਈ ਡੰਪਾਂ 'ਤੇ ਕੈਮਰੇ ਲਗਾਏ ਜਾਣਗੇ ਪਰ ਅਜੇ ਤੱਕ ਕੈਮਰੇ ਨਹੀਂ ਲਗਾਏ ਗਏ ਹਨ, ਜਿਸ ਕਰਕੇ ਡੰਪਾਂ 'ਤੇ ਕੂੜਾ ਲਗਾਤਾਰ ਵਧ ਰਿਹਾ ਹੈ |
ਪਿਛਲੀ ਖ਼ਬਰ ਮੇਅਰ, ਕਮਿਸ਼ਨਰ ਨੇ ਖ਼ਤਮ ਕਰਵਾਈ ਨਿਗਮ ਯੂਨੀਅਨ ਦੀ ਹੜਤਾਲ ਅਗਲੀ ਖ਼ਬਰ ਨਾਬਾਲਗ ਬੱਚੇ ਨਾਲ ਬਦਫੈਲੀ ਦੇ ਮਾਮਲੇ 'ਚ 20 ਸਾਲ ਦੀ ਕੈਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।