ਸੇਂਜੂ ਜ਼ਮੀਨਾਂ ਵਿਚ ਸਮੇਂ 'ਤੇ ਬਿਜਾਈ ਕਰਨ ਲਈ ਪਹਿਲੀ ਤੋਂ 30 ਨਵੰਬਰ ਤੱਕ ਦਾ ਸਮਾਂ ਹੈ, ਜਿਸ ਦੌਰਾਨ ਆਮ ਕਿਸਾਨ ਸੇਂਜੂ ਜ਼ਮੀਨਾਂ 'ਤੇ ਵਧੇਰੇ ਝਾੜ ਦੇਣ ਵਾਲੀਆਂ ਕਿਸਮਾਂ ਦੀ ਬਿਜਾਈ ਕਰਦੇ ਹਨ। ਭਾਵੇਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਅਖੀਰ ਅਕਤੂਬਰ ਤੋਂ 15 ਨਵੰਬਰ ਤੱਕ ਕਣਕ ਬੀਜੇ ਜਾਣ ਦੀ ਸਿਫਾਰਸ਼ ਕਰਦੀ ਹੈ। ਆਈ.ਸੀ.ਏ.ਆਰ.- ਇੰਡੀਅਨ ਐਗਰੀਕਲਚਰਲ ਰਿਸਰਚ ਇਸੰਟੀਚਿਊਟ ਨਵੀਂ ਦਿੱਲੀ ਦੇ ਕਣਕ ਦੇ ਸੀਨੀਅਰ ਬ੍ਰੀਡਰ ਡਾ. ਰਾਜਬੀਰ ਯਾਦਵ ਕਹਿੰਦੇ ਹਨ ਕਿ ਕਣਕ ਲਈ ਮੌਸਮ ਦੀ ਬੜੀ ਅਹਿਮੀਅਤ ਹੈ। ਇਸ ਸਾਲ ਬਿਜਾਈ ਵੇਲੇ ਮੌਸਮ ਅਨੁਕੂਲ ਰਿਹਾ, ਇਸੇ ਲਈ ਕਣਕ ਦੀ ਕਾਸ਼ਤ ਹੜ੍ਹਾਂ, ਬਿਮਾਰੀਆਂ ਅਤੇ ਝੋਨੇ ਦੇ ਮੰਡੀਕਰਨ 'ਚ ਆ ਰਹੀਆਂ ਮੁਸ਼ਕਿਲਾਂ ਦੇ ਬਾਵਜੂਦ ਕਾਫੀ ਵੱਡੇ ਰਕਬੇ 'ਤੇ ਕਿਸਾਨਾਂ ਨੇ ਹੰਭਲਾ ਮਾਰ ਕੇ ਕਰ ਲਈ ਹੈ। ਹੁਣ ਵਧੇਰੇ ਝਾੜ ਤਾਂ ਹੀ ਸੰਭਵ ਹੋਵੇਗਾ ਜੇ ਫ਼ਸਲ ਦੇ ਵਾਧੇ ਅਤੇ ਦਾਣੇ ਭਰਨ ਦੌਰਾਨ ਕ੍ਰਮਵਾਰ ਵੱਧ ਤੋਂ ਵੱਧ ਤਾਪਮਾਨ 15-22 ਤੇ 21-28 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 4-11 ਤੇ 7-13 ਡਿਗਰੀ ਵਿਚ ਰਹੇ। ਬੂਝਾ ਮਾਰਨ ਤੋਂ ਲੈ ਕੇ ਫ਼ਸਲ ਦੇ ਨਿਸਾਰ ਦੇ ਸਮੇਂ ਤੱਕ ਵਧੇਰੇ ਤਾਪਮਾਨ ਫ਼ਸਲ ਦੇ ਬੂਝਾ ਮਾਰਨ ਦੀ ਸਮਰੱਥਾ ਨੂੰ ਘਟਾ ਦਿੰਦਾ ਹੈ ਅਤੇ ਫ਼ਸਲ ਜਲਦੀ ਨਿੱਸਰ ਜਾਂਦੀ ਹੈ। ਜੇਕਰ ਦਾਣੇ ਭਰਦੇ ਸਮੇਂ ਤਾਪਮਾਨ ਵੱਧ ਰਹਿੰਦਾ ਹੈ ਤਾਂ ਫ਼ਸਲ ਸਮੇਂ ਤੋਂ ਪਹਿਲਾਂ ਪੱਕ ਜਾਂਦੀ ਹੈ, ਜਿਸ ਉਪਰੰਤ ਦਾਣਿਆਂ ਦਾ ਭਾਰ ਘਟ ਕੇ ਉਤਪਾਦਕਤਾ 'ਚ ਕਮੀ ਆ ਜਾਂਦੀ ਹੈ।
ਉਤਪਾਦਕਤਾ ਪੱਖੋਂ ਕਿਸਮ ਦੀ ਚੋਣ ਬੜਾ ਅਹਿਮ ਰੋਲ ਅਦਾ ਕਰਦੀ ਹੈ। ਬਿਜਾਈ ਲਈ ਪੰਜਾਬ ਦੇ ਕਿਸਾਨਾਂ ਦੀ ਚੋਣ ਜ਼ਿਆਦਾ ਪੀ.ਏ.ਯੂ., ਆਈ.ਸੀ.ਏ.ਆਰ. ਅਤੇ ਆਈ.ਸੀ.ਏ.ਆਰ- ਇੰਡੀਅਨ ਇੰਸਟੀਚਿਊਟ ਆਫ ਵ੍ਹੀਟ ਐਂਡ ਬਾਰਲੇ ਰਿਸਰਚ ਆਦਿ ਇਨ੍ਹਾਂ ਤਿੰਨਾਂ ਸੰਸਥਾਵਾਂ ਵਲੋਂ ਵਿਕਸਿਤ ਕਿਸਮਾਂ 'ਚੋਂ ਹੁੰਦੀ ਹੈ। ਸਮੇਂ ਸਿਰ ਬਿਜਾਈ ਲਈ ਪੀ.ਏ.ਯੂ. ਵਲੋਂ ਵਿਕਸਿਤ ਪੀਬੀਡਬਲਿਊ-872 (ਔਸਤ ਝਾੜ 24.4 ਕੁਇੰਟਲ ਪ੍ਰਤੀ ਏਕੜ), ਪੀਬੀਡਬਲਿਊ-826 (ਔਸਤ ਝਾੜ 24 ਕੁਇੰਟਲ ਪ੍ਰਤੀ ਏਕੜ) ਅਤੇ ਆਈ.ਏ.ਆਰ.ਆਈ. ਵਲੋਂ ਵਿਕਸਿਤ ਐਚਡੀ-3386 (ਔਸਤ ਝਾੜ 25 ਕੁਇੰਟਲ ਪ੍ਰਤੀ ਏਕੜ), ਐਚਡੀ-3406 (ਔਸਤ ਝਾੜ 22-23 ਕੁਇੰਟਲ ਪ੍ਰਤੀ ਏਕੜ), ਐਚਡੀ-3226 (ਔਸਤ ਝਾੜ 22 ਕੁਇੰਟਲ ਪ੍ਰਤੀ ਏਕੜ), ਐਚਡੀ-3086 (ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ) ਅਤੇ ਆਈ. ਆਈ. ਡਬਲਿਊ. ਬੀ. ਆਰ. ਵਲੋਂ ਵਿਕਸਿਤ ਡੀਬੀਡਬਲਿਊ-327 ਕਿਸਮ (ਜਿਸ ਨੇ ਸੰਸਥਾ ਵਲੋਂ ਵਿਕਸਿਤ ਸਭ ਦੂਜੀਆਂ ਕਿਸਮਾਂ ਨਾਲੋਂ ਵੱਧ ਝਾੜ ਦਿੱਤਾ ਹੈ ਅਤੇ ਜਿਸ ਨੂੰ ਕਿਸਾਨਾਂ ਨੇ ਵੱਡੇ ਪੱਧਰ 'ਤੇ ਅਪਣਾਇਆ ਹੈ) ਆਦਿ ਆਮ ਕਿਸਾਨਾਂ ਦੀ ਪਸੰਦ ਰਹੀਆਂ ਹਨ। ਹੁਣ ਜੋ ਰਕਬਾ ਰਹਿ ਗਿਆ ਹੈ, ਉਸ 'ਤੇ ਕਿਸਾਨਾਂ ਨੂੰ 30 ਨਵੰਬਰ ਤੱਕ ਉੱਨਤ ਪੀਬੀਡਬਲਿਊ-550 ਜਿਹੀ ਕਿਸੇ ਕਿਸਮ ਦੀ ਬਿਜਾਈ ਕਰਨੀ ਚਾਹੀਦੀ ਹੈ। ਦਸੰਬਰ ਤੋਂ 10 ਜਨਵਰੀ ਤੱਕ ਐਚਡੀ-3298 ਕਿਸਮ ਬੀਜਣੀ ਚਾਹੀਦੀ ਹੈ, ਜੋ ਆਲੂਆਂ, ਮਟਰਾਂ, ਗੰਨੇ ਦੇ ਮੁੱਢਾਂ ਅਤੇ ਸਬਜ਼ੀਆਂ ਆਦਿ ਤੋਂ ਖਾਲੀ ਹੋਈ ਜ਼ਮੀਨ 'ਤੇ ਬੀਜੀ ਜਾ ਸਕਦੀ ਹੈ। ਇਸ ਦਾ ਝਾੜ ਦੂਜੀਆਂ ਸਮੇਂ ਤੋਂ ਬਾਅਦ ਬੀਜੀਆਂ ਜਾਣ ਵਾਲੀਆਂ ਕਿਸਮਾਂ ਜਿਵੇਂ ਡੀਬੀਡਬਲਿਊ-71, ਡੀਬੀਡਬਲਿਊ-14 ਅਤੇ ਡਬਲਿਊਆਰ-544 ਨਾਲੋਂ 6 ਤੋਂ 26 ਫ਼ੀਸਦੀ ਜ਼ਿਆਦਾ ਹੈ ਅਤੇ ਇਸ ਵਿਚ 12.12 ਫ਼ੀਸਦੀ ਪ੍ਰੋਟੀਨ ਹੈ। ਇਸ ਕਿਸਮ ਦੀ ਰੋਟੀ ਬੜੀ ਵਧੀਆ ਬਣਦੀ ਹੈ ਤੇ ਇਸ ਨੂੰ ਬਿਮਾਰੀ ਵੀ ਬਹੁਤ ਘੱਟ ਲਗਦੀ ਹੈ। ਇਸ ਦਾ ਬੀਜ ਆਈ.ਸੀ.ਏ.ਆਰ., ਆਈ.ਏ.ਆਰ.ਆਈ. ਨਵੀਂ ਦਿੱਲੀ ਤੋਂ ਇਲਾਵਾ ਪੰਜਾਬ 'ਚ ਵਾਈ.ਐਫ.ਏ., ਆਈ.ਏ.ਆਰ.ਆਈ., ਸੀ.ਓ.ਆਰ.ਸੀ. ਕੇਂਦਰ ਰੱਖੜਾ ਵਿਖੇ ਵੀ ਉਪਲਬਧ ਹੈ। ਪੀਬੀਡਬਲਿਊ-771 ਤੇ ਪੀਬੀਡਬਲਿਊ-753 ਆਦਿ ਕਿਸਮਾਂ ਦਸੰਬਰ ਦੌਰਾਨ ਸੇਂਜੂ ਹਾਲਾਤ 'ਚ ਪਛੇਤੀ ਬਿਜਾਈ ਲਈ ਵੀ ਅਨੁਕੂਲ ਹਨ।
ਇਸ ਸਾਲ ਕਿਸਾਨਾਂ ਨੇ ਪ੍ਰਮਾਣਿਤ ਸੰਸਥਾਵਾਂ ਤੇ ਨਿੱਜੀ ਡੀਲਰਾਂ ਤੋਂ ਪ੍ਰਮਾਣਿਤ ਕਣਕ ਦੀਆਂ ਕਿਸਮਾਂ ਦਾ ਬੀਜ ਬਹੁਤ ਹੀ ਘੱਟ ਮਾਤਰਾ 'ਚ ਖ਼ਰੀਦਿਆ ਹੈ। ਪੀ.ਏ.ਯੂ., ਆਈ.ਏ.ਆਰ.ਆਈ. ਤੇ ਆਈ.ਆਈ.ਡਬਲਿਊ.ਬੀ.ਆਰ. ਵਲੋਂ ਸਾਰੀਆਂ ਕਿਸਮਾਂ ਦੇ ਬੀਜ ਖੁੱਲ੍ਹਮ-ਖੁੱਲ੍ਹਾ ਕਿਸਾਨਾਂ ਨੂੰ ਅਜੇ ਤੱਕ ਵੀ ਵੇਚੇ ਜਾ ਰਹੇ ਹਨ। ਪਿਛਲੇ ਸਾਲਾਂ ਵਿਚ ਵਿਸ਼ੇਸ਼ ਕਰ ਕੇ ਕਿਸਾਨ ਮੇਲਿਆਂ ਤੋਂ ਬਾਅਦ ਕਿਸਾਨਾਂ ਨੂੰ ਇਨ੍ਹਾਂ ਸੰਸਥਾਵਾਂ ਤੋਂ ਪ੍ਰਮਾਣਿਤ ਕਿਸਮਾਂ ਦੇ ਬੀਜ ਲੈਣ ਲਈ ਬੜੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਪੰਜਾਬ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਕੇਂਦਰ ਦੇ ਨੈਸ਼ਨਲ ਫੂਡ ਸਕਿਉਰਟੀ ਅਤੇ ਨੈਸ਼ਨਲ ਮਿਸ਼ਨ ਹੇਠ ਜੋ ਕਿਸਾਨਾਂ ਨੂੰ ਸਬਸਿਡੀ 'ਤੇ ਅਤੇ ਹੜ੍ਹ ਪੀੜਤ ਇਲਾਕਿਆਂ 'ਚ ਸੀਮਾਂਤ ਕਿਸਾਨਾਂ ਨੂੰ ਮੁਫ਼ਤ ਬੀਜ ਦੇਣਾ ਸੀ, ਉਹ ਵੀ ਦੇਰੀ ਨਾਲ ਬਿਜਾਈ ਤੋਂ ਬਾਅਦ ਆਉਣ ਕਰਕੇ ਕਿਸਾਨਾਂ ਤੱਕ ਸਮੇਂ ਸਿਰ ਨਹੀਂ ਪਹੁੰਚਿਆ। ਜੋ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਕੋਲ ਅਣਵਿਕਿਆ ਪਿਆ ਹੈ। ਵਿਭਾਗ ਦੇ ਕਰਮਚਾਰੀਆਂ ਵਲੋਂ ਕਿਸਾਨਾਂ ਨੂੰ ਬੀਜ ਖਰੀਦਣ ਲਈ ਦਬਾਅ ਪਾਇਆ ਜਾ ਰਿਹਾ ਹੈ। ਆਈ.ਏ.ਆਰ.ਆਈ. ਦੇ ਸੀਡ ਪ੍ਰੋਡਕਸ਼ਨ ਯੂਨਿਟ ਦੇ ਇੰਚਾਰਜ ਡਾ. ਗਿਆਨਇੰਦਰਾ ਸਿੰਘ ਅਤੇ ਆਈ.ਆਈ.ਡਬਲਿਊ.ਬੀ.ਆਰ. ਕਰਨਾਲ ਦੇ ਡਾ. ਅਮਿਤ ਸ਼ਰਮਾ ਅਨੁਸਾਰ ਇਸ ਸਾਲ ਪਿਛਲੇ ਸਾਲਾਂ ਦੇ ਮੁਕਾਬਲੇ ਪੰਜਾਬ ਦੇ ਬਹੁਤ ਘੱਟ ਕਿਸਾਨ ਉਨ੍ਹਾਂ ਦੇ ਬੀਜ ਵੰਡ-ਕੇਂਦਰਾਂ 'ਤੇ ਵੱਖੋ-ਵੱਖ ਕਿਸਮਾਂ ਦੇ ਬੀਜ ਖਰੀਦਣ ਲਈ ਪਹੁੰਚੇ ਹਨ। ਇਸ ਤੋਂ ਪ੍ਰਤੱਖ ਹੈ ਕਿ ਇਸ ਸਾਲ ਬਹੁਤ ਘੱਟ ਕਿਸਾਨਾਂ ਨੇ ਪ੍ਰਮਾਣਿਤ ਕਿਸਮਾਂ ਦੇ ਬੀਜ ਬੀਜੇ ਹਨ। ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਕਣਕ ਦੀ ਉਤਪਾਦਕਤਾ ਪ੍ਰਭਾਵਿਤ ਹੋਣ ਦਾ ਅੰਦੇਸ਼ਾ ਹੈ।
ਕਣਕ ਪੰਜਾਬ ਦੀ ਮੁੱਖ ਫ਼ਸਲ ਹੈ, ਜੋ ਇਸ ਸਾਲ 35 ਲੱਖ ਹੈਕਟੇਅਰ ਰਕਬੇ 'ਤੇ ਬੀਜੀ ਜਾਵੇਗੀ। ਕੁਝ ਸਾਲ ਪਹਿਲਾਂ ਮਾਰਚ 'ਚ ਸ਼ਦੀਦ ਗਰਮੀ ਪੈਣ ਕਾਰਨ ਪ੍ਰਤੀ ਹੈਕਟੇਅਰ ਝਾੜ 'ਚ ਬੜੀ ਕਮੀ ਆਈ ਸੀ। ਪਰ ਹੁਣ ਕਿਸਾਨਾਂ 'ਚ ਜੋ ਕਿਸਮਾਂ ਹਰਮਨ ਪਿਆਰੀਆਂ ਹਨ, ਉਨ੍ਹਾਂ 'ਚ ਵਧੇਰੇ ਗਰਮੀ ਸਹਿਣ ਦੀ ਸ਼ਕਤੀ ਹੈ। ਭਾਰਤ ਦੇ ਪੰਜ ਰਾਜ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਰਾਜਸਥਾਨ ਕੁੱਲ ਭਾਰਤ ਦੇ ਕਣਕ ਉਤਪਾਦਨ ਦਾ ਲਗਭਗ 92 ਫ਼ੀਸਦੀ ਹਿੱਸਾ ਪੈਦਾ ਕਰਦੇ ਹਨ।
ਕਣਕ ਦੀ ਐਮ.ਐਸ.ਪੀ. ਹੋਣ ਕਾਰਨ ਤੇ ਕਿਸਾਨਾਂ ਨੂੰ ਪੱਕੀ ਉਮੀਦ ਹੋਣ ਕਾਰਨ ਕਿ ਖੁੱਲ੍ਹੀ ਮੰਡੀ 'ਚ ਉਨ੍ਹਾਂ ਨੂੰ ਫ਼ਸਲ ਦਾ ਲਾਹੇਵੰਦ ਭਾਅ ਮਿਲੇਗਾ, ਵੱਧ ਤੋਂ ਵੱਧ ਕਿਸਾਨਾਂ ਨੇ ਕਣਕ ਦੀ ਕਾਸ਼ਤ ਨੂੰ ਅਪਣਾਇਆ ਹੈ। ਮੁਕਾਬਲਤਨ ਕਣਕ ਦੀ ਫ਼ਸਲ ਯਕੀਨੀ ਵੀ ਹੈ, ਜਿਸ ਵਿਚ ਜੋਖ਼ਮ ਬਹੁਤ ਘੱਟ ਹੈ, ਜਿਸ ਕਰਕੇ ਹਰ ਛੋਟਾ-ਵੱਡਾ ਕਿਸਾਨ ਹਾੜ੍ਹੀ ਦੇ ਸੀਜ਼ਨ 'ਚ ਇਸ ਨੂੰ ਬੀਜਦਾ ਹੈ। ਸਰਕਾਰ ਵਲੋਂ ਕਣਕ ਉਤਪਾਦਕਾਂ ਨੂੰ ਪੂਰੀਆਂ ਸਹੂਲਤਾਂ ਮੁਹੱਈਆ ਕਰਨ ਦੀ ਲੋੜ ਹੈ, ਤਾਂ ਜੋ ਉਹ ਪੂਰੀ ਮਿਹਨਤ ਨਾਲ ਉਤਪਾਦਕਤਾ ਤੇ ਉਤਪਾਦਨ ਵਧਾਉਣ ਅਤੇ ਪੰਜਾਬ ਕੇਂਦਰ ਫੂਡ ਭੰਡਾਰ 'ਚ ਆਪਣਾ ਪਿਛਲਾ ਮੋਹਰੀ ਦਰਜਾ ਕਾਇਮ ਰੱਖ ਸਕੇ। ਖੋਜ ਨੂੰ ਮਜ਼ਬੂਤ ਕਰਨ ਲਈ ਵੀ ਧਿਆਨ ਦੇਣ ਦੀ ਲੋੜ ਹੈ।
ਈ-ਮੇਲ : bhagwandass226@gmail.com