ਜਦ 2010 ਵਿਚ ਮੈਂ ਆਸਟ੍ਰੇਲੀਆ ਘੁੰਮਣ ਫਿਰਨ ਗਿਆ ਤਾਂ 'ਅਜੀਤ' ਦੇ ਪ੍ਰਤੀਨਿਧ ਸਰਤਾਜ ਸਿੰਘ ਧੌਲ ਨੇ ਦੱਸਿਆ ਕਿ ਪੰਜਾਬ ਦੇ ਖਾਂਦੇ-ਪੀਂਦੇ ਘਰਾਂ ਦੇ ਮੁੰਡੇ ਇੱਥੇ ਆ ਕੇ ਬੜੀ ਹੁੱਲ੍ਹੜਬਾਜ਼ੀ ਕਰਦੇ ਹਨ, ਨਿਯਮ-ਕਾਨੂੰਨ ਤੋੜਦੇ ਹਨ, ਮਨ-ਮਰਜ਼ੀ ਕਰਦੇ ਹਨ, ਲੜਾਈ ਝਗੜਿਆਂ ਵਿਚ ਲੱਗੇ ਰਹਿੰਦੇ ਹਨ। ਉਨ੍ਹਾਂ ਦੇ ਇੰਝ ਕਰਨ ਨਾਲ ਸਾਰੇ ਪੰਜਾਬੀਆਂ ਦਾ ਅਕਸ ਵਿਗੜਦਾ ਹੈ ਤੇ ਸਥਾਨਕ ਲੋਕਾਂ ਵਿਚ ਮਾੜਾ ਪ੍ਰਭਾਵ ਜਾਂਦਾ ਹੈ।
ਅੱਜ ਪੰਦਰਾਂ ਸਾਲਾਂ ਬਾਅਦ 2025 ਵਿਚ ਸਾਰੇ ਮੁਲਕਾਂ ਵਿਚੋਂ ਅਜਿਹੀਆਂ ਆਵਾਜ਼ਾਂ ਲਗਾਤਾਰ ਆ ਰਹੀਆਂ ਹਨ, ਕਿ ਵਿਦੇਸ਼ਾਂ ਵਿਚ ਲਗਾਤਾਰ ਪੰਜਾਬੀਆਂ ਦਾ ਅਕਸ ਵਿਗੜ ਰਿਹਾ ਹੈ। ਇਸ ਦੇ ਬਹੁਤ ਸਾਰੇ ਕਾਰਨ ਹਨ।
ਅਜੀਤ ਦੇ ਸੰਤੁਲਿਤ ਤੇ ਮਿਆਰੀ ਵਿਚਾਰ ਪੇਸ਼ ਕਰਨ ਵਾਲੇ ਚਲੰਤ ਮਾਮਲਿਆਂ 'ਤੇ ਆਧਾਰਿਤ ਪ੍ਰੋਗਰਾਮ 'ਖ਼ਬਰਾਂ ਦੇ ਆਰ-ਪਾਰ' ਵਿਚ ਬੀਤੇ ਦਿਨੀਂ ਇਸ ਮਸਲੇ ਸੰਬੰਧੀ ਵਿਸਥਾਰ ਵਿਚ ਚਰਚਾ ਕੀਤੀ ਗਈ। ਚਰਚਾ ਦਾ ਸਿਰਲੇਖ ਸੀ 'ਵਿਦੇਸ਼ਾਂ ਵਿਚ ਵਿਗੜ ਰਿਹਾ ਪੰਜਾਬੀਆਂ ਦਾ ਅਕਸ'।
ਅੱਜਕੱਲ੍ਹ ਦੇਸ਼ ਵਿਦੇਸ਼ ਦੀਆਂ ਪੰਜਾਬੀ ਅਖ਼ਬਾਰਾਂ ਵਿਚ ਪ੍ਰਵਾਸੀ ਪੰਜਾਬੀਆਂ ਨਾਲ ਸੰਬੰਧਿਤ ਪ੍ਰਕਾਸ਼ਿਤ ਖ਼ਬਰਾਂ ਵਿਚੋਂ 70 ਫ਼ੀਸਦੀ ਖ਼ਬਰਾਂ ਨਾਂਹ-ਪੱਖੀ ਹੁੰਦੀਆਂ ਹਨ। ਬੁਰੀਆਂ ਆਦਤਾਂ, ਬੁਰਾ ਵਿਹਾਰ, ਲੜਾਈ-ਝਗੜਾ, ਕੁੱਟਮਾਰ, ਨਿਯਮਾਂ ਕਾਨੂੰਨਾਂ ਦੀ ਉਲੰਘਣਾ, ਗ਼ੈਰ-ਕਾਨੂੰਨੀ ਢੰਗ ਨਾਲ ਵੱਖ-ਵੱਖ ਦੇਸ਼ਾਂ ਵਿਚ ਦਾਖਲਾ, ਦਿਖਾਵਾ, ਐਸ਼ਪ੍ਰਸਤੀ ਅਤੇ ਕਾਨੂੰਨ ਨੂੰ ਆਪਣੇ ਹੱਥਾਂ ਵਿਚ ਲੈਣ ਵਰਗੀਆਂ ਖ਼ਬਰਾਂ। ਵਿਕਸਿਤ ਮੁਲਕਾਂ ਦੀਆਂ ਸਰਕਾਰਾਂ, ਪ੍ਰਸ਼ਾਸਨ ਅਤੇ ਪੁਲਿਸ ਵਾਲੇ ਬੜੇ ਸਬਰ, ਬੜੇ ਸਹਿਜ, ਬੜੇ ਤੁਹੱਮਲ, ਬੜੇ ਸਲੀਕੇ ਤੋਂ ਕੰਮ ਲੈਂਦੇ ਹਨ। ਪਰੰਤੂ ਜਦ ਪਾਣੀ ਸਿਰ ਤੋਂ ਲੰਘ ਜਾਂਦਾ ਹੈ, ਅੱਤ ਹੋ ਜਾਂਦੀ ਹੈ ਤਾਂ ਚੁਸਤੀ-ਫੁਰਤੀ ਨਾਲ ਸਖ਼ਤੀ ਵੀ ਬਹੁਤ ਕਰਦੇ ਹਨ।
ਸੀਨੀਅਰ ਪੱਤਰਕਾਰ ਅਤੇ ਚਲੰਤ ਮਾਮਲਿਆਂ ਦੇ ਮਾਹਿਰ ਸ੍ਰੀ ਸਤਨਾਮ ਸਿੰਘ ਮਾਣਕ ਪ੍ਰੋਗਰਾਮ 'ਖ਼ਬਰਾਂ ਦੇ ਆਰ-ਪਾਰ' ਵਿਚ ਉਪਰੋਕਤ ਵਿਸ਼ੇ 'ਤੇ ਚਰਚਾ ਕਰਦਿਆਂ ਅਜਿਹੀ ਹੀ ਚਿੰਤਾ ਵਿਅਕਤ ਕਰ ਰਹੇ ਸਨ।
ਵਿਦੇਸ਼ਾਂ ਵਿਚੋਂ ਪੰਜਾਬੀਆਂ ਬਾਰੇ ਹਮੇਸ਼ਾ ਚੰਗੀਆਂ, ਮਾਣ-ਤਾਣ ਵਾਲੀਆਂ ਖ਼ਬਰਾਂ ਆਉਂਦੀਆਂ ਸਨ, ਪ੍ਰੰਤੂ ਵੇਖਦਿਆਂ-ਵੇਖਦਿਆਂ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਇਹ ਬੇਹੱਦ ਚਿੰਤਾ ਵਾਲੀ ਗੱਲ ਹੈ। ਪੰਜਾਬੀ ਮਿਹਨਤ, ਇਮਾਨਦਾਰੀ ਲਈ ਜਾਣੇ ਜਾਂਦੇ ਸਨ। ਰੇਲ ਗੱਡੀ ਦੇ ਜਿਸ ਡੱਬੇ ਵਿਚ ਕੋਈ ਸਰਦਾਰ ਬੈਠਾ ਹੋਵੇ, ਉੱਥੇ ਔਰਤਾਂ ਖ਼ੁਦ ਨੂੰ ਸੁਰੱਖਿਅਤ ਸਮਝਦੀਆਂ ਸਨ।
ਪੰਜਾਬ ਦੀ ਧਰਤੀ ਤੋਂ ਸਮੇਂ-ਸਮੇਂ ਵੱਖ-ਵੱਖ ਲਹਿਰਾਂ ਉੱਠਦੀਆਂ ਰਹੀਆਂ। ਪੰਜਾਬੀ ਉਨ੍ਹਾਂ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦੇ ਰਹੇ। ਜੁਰਮ ਅਤੇ ਵਧੀਕੀ ਵਿਰੁੱਧ ਖੜ੍ਹੇ ਹੋਣਾ ਪੰਜਾਬੀਆਂ ਦਾ ਸੁਭਾਅ ਰਿਹਾ ਹੈ। ਇਸੇ ਸਦਕਾ ਭਾਰਤ ਵਿਚ ਹੀ ਨਹੀਂ, ਸਗੋਂ ਵਿਦੇਸ਼ਾਂ ਵਿਚ ਵੀ ਪੰਜਾਬੀਆਂ ਨੂੰ ਅਣਖ ਅਤੇ ਇੱਜ਼ਤ ਵਾਲੇ ਲੋਕਾਂ ਵਜੋਂ ਜਾਣਿਆ ਜਾਂਦਾ ਰਿਹਾ ਹੈ। ਪਰ ਅੱਜ ਸਮਾਂ ਬਦਲ ਗਿਆ ਹੈ। ਰੋਜ਼ ਗੋਲੀਆਂ ਚੱਲ ਰਹੀਆਂ ਹਨ ਤੇ ਲੜਾਈ-ਝਗੜੇ ਹੋ ਰਹੇ ਹਨ।
ਕਦੇ ਅਜਿਹੀਆਂ ਖ਼ਬਰਾਂ ਯੂ.ਪੀ., ਬਿਹਾਰ ਤੋਂ ਆਉਂਦੀਆਂ ਸਨ। ਅੱਜ ਪੰਜਾਬੀ ਉਨ੍ਹਾਂ ਲੀਹਾਂ 'ਤੇ ਚੱਲ ਪਏ ਹਨ।
ਅਮਰੀਕਾ ਵਿਚ 12 ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਕਿਉਂਕਿ ਉਨ੍ਹਾਂ ਨੇ ਰਲ ਕੇ ਇਕ ਅਜਿਹੀ ਕੰਪਨੀ ਖੋਲ੍ਹੀ ਜਿਹੜੀ ਲੋਕਾਂ ਦਾ ਤਰ੍ਹਾਂ-ਤਰ੍ਹਾਂ ਦਾ ਸਾਮਾਨ ਇਕ ਥਾਂ ਤੋਂ ਦੂਸਰੀ ਥਾਂ ਪਹੁੰਚਾਉਣ ਦੀ ਜ਼ਿੰਮੇਵਾਰੀ ਲੈਂਦੀ ਸੀ। ਉਹ ਲੋਕਾਂ ਕੋਲੋਂ ਸਾਮਾਨ ਲੈ ਤਾਂ ਲੈਂਦੇ ਸਨ, ਪ੍ਰੰਤੂ ਪਹੁੰਚਾਉਂਦੇ ਨਹੀਂ ਸਨ। ਆਪਣੇ ਕੋਲ ਹੀ ਰੱਖ ਲੈਂਦੇ ਸਨ। ਇਹ ਧੰਦਾ ਆਖ਼ਰ ਕਿੰਨੀ ਦੇਰ ਚੱਲਦਾ? ਅਖ਼ੀਰ ਪੁਲਿਸ ਦੇ ਅੜਿੱਕੇ ਆ ਗਏ ਅਤੇ ਪੰਜਾਬੀ ਭਾਈਚਾਰੇ ਦੀ ਖ਼ੂਬ ਬਦਨਾਮੀ ਹੋਈ। ਸਤਨਾਮ ਸਿੰਘ ਮਾਣਕ ਹੁਰਾਂ ਨੇ ਗੱਲ ਕਰਦੇ ਹੋਏ ਅੱਗੇ ਕਿਹਾ ਕਿ ਅੱਜ ਸਮੁੱਚਾ ਮਾਹੌਲ ਪ੍ਰਵਾਸੀ ਪੰਜਾਬੀਆਂ ਦੇ ਖ਼ਿਲਾਫ਼ ਬਣਿਆ ਹੋਇਆ ਹੈ, ਪ੍ਰੰਤੂ ਕੋਈ ਬੁੱਧੀਜੀਵੀ, ਕੋਈ ਲੇਖਕ ਇਸ ਸੰਬੰਧ ਵਿਚ ਗੱਲ ਨਹੀਂ ਕਰ ਰਿਹਾ।
ਨੌਜਵਾਨਾਂ ਨੂੰ, ਮਾਪਿਆਂ ਨੂੰ ਇਨ੍ਹਾਂ ਪੱਖਾਂ ਤੋਂ ਹੁਣ ਵਧੇਰੇ ਚੌਕਸ ਰਹਿਣ ਦੀ ਲੋੜ ਹੈ। ਚੰਗੇ ਸੰਸਕਾਰ, ਚੰਗੀਆਂ ਨੈਤਿਕ ਕਦਰਾਂ-ਕੀਮਤਾਂ ਸਿਖਾਉਣ ਤੇ ਅਪਣਾਉਣ ਦੀ ਜ਼ਰੂਰਤ ਹੈ।
ਵਿਦੇਸ਼ਾਂ ਵਿਚ ਬਹੁਤ ਸਾਰੇ ਪੰਜਾਬੀ ਲਗਾਤਾਰ ਸਮਾਜ ਵਿਰੋਧੀ ਕਾਰਵਾਈਆਂ ਵਿਚ ਲੱਗੇ ਹੋਏ ਹਨ। ਜਿਸ ਨਾਲ ਪੰਜਾਬੀਆਂ ਦਾ, ਅਕਸ ਦਿਨੋ-ਦਿਨ ਹੋਰ ਵਿਗੜ ਰਿਹਾ ਹੈ। ਜੇ ਅਜਿਹਾ ਕੁਝ ਜਾਰੀ ਰਹਿੰਦਾ ਹੈ ਤਾਂ ਭਵਿੱਖ ਵਿਚ ਪੰਜਾਬੀਆਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਉਥੋਂ ਦੀਆਂ ਸਰਕਾਰਾਂ ਦਾ, ਸਥਾਨਕ ਲੋਕਾਂ ਦਾ ਤੇ ਖ਼ਾਸ ਕਰਕੇ ਪੁਲਿਸ ਦੇ ਸਬਰ ਦਾ ਪਿਆਲਾ ਨੱਕੋ-ਨੱਕ ਭਰ ਚੁੱਕਾ ਹੈ।
ਪ੍ਰਵਾਸ ਨਾਲ ਜੁੜੀ ਅਮਰੀਕਾ ਦੀ ਸਖ਼ਤੀ ਸੰਬੰਧੀ ਆਪਾਂ ਰੋਜ਼ਾਨਾ ਪੜ੍ਹਦੇ, ਸੁਣਦੇ, ਵੇਖਦੇ ਹਾਂ। ਕੈਨੇਡਾ ਵੀ ਸਖ਼ਤ ਕਦਮ ਚੁੱਕਣ ਦੇ ਰੌਂਅ ਵਿਚ ਹੈ। ਬਹੁਤ ਸਾਰੇ ਮੁਲਕਾਂ ਨੇ ਪਹਿਲਾਂ ਹੀ ਸਖ਼ਤ ਰੁਖ਼ ਅਪਣਾਇਆ ਹੋਇਆ ਹੈ। ਇੰਗਲੈਂਡ ਵੀ ਪ੍ਰਵਾਸ ਦੇ ਸੰਬੰਧ ਵਿਚ ਡੈਨਮਾਰਕ ਮਾਡਲ ਅਪਣਾਉਣ ਬਾਰੇ ਵਿਚਾਰ ਕਰ ਰਿਹਾ ਹੈ। ਇੰਗਲੈਂਡ ਦੇ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਡੈਨਮਾਰਕ ਮਾਡਲ ਦਾ ਅਧਿਐਨ ਕਰਨ ਲਈ ਕੋਪਨ ਹੈਗਮਨ ਭੇਜਿਆ ਹੈ। ਡੈਨਮਾਰਕ ਪ੍ਰਵਾਸ ਦੇ ਮਾਮਲੇ ਵਿਚ ਯੂਰਪ ਦੇ ਦੇਸ਼ਾਂ ਵਿਚੋਂ ਸਭ ਤੋਂ ਸਖ਼ਤ ਹੈ। ਦੂਜੇ ਪਾਸੇ ਅਮਰੀਕਾ ਨੇ ਕਮਜ਼ੋਰ ਸਿਹਤ ਵਾਲੇ ਤੇ ਬਿਮਾਰ ਲੋਕਾਂ ਨੂੰ ਵੀਜ਼ੇ ਨਾ ਦੇਣ ਦੀ ਗੱਲ ਕਹੀ ਹੈ।
ਪੰਜਾਬੀਆਂ ਨੂੰ ਹੁਣ ਵਿਦੇਸ਼ਾਂ ਵਿਚ ਸਮਝ-ਸਲੀਕੇ ਨਾਲ ਰਹਿਣ ਦਾ ਰਾਹ ਚੁਣਨਾ ਪਵੇਗਾ, ਨਹੀਂ ਤਾਂ ਭਵਿੱਖ ਵਿਚ ਵਿਦੇਸ਼-ਉਡਾਰੀ ਕੇਵਲ ਸੁਪਨਾ ਬਣ ਕੇ ਰਹਿ ਜਾਵੇਗੀ, ਕਿਉਂਕਿ ਉੱਥੋਂ ਦੀਆਂ ਸਰਕਾਰਾਂ ਇਹ ਕਹਿਣ ਲਈ ਮਜਬੂਰ ਹੋ ਗਈਆਂ ਹਨ ਕਿ ਜੇਕਰ ਇਹ ਕੁਝ ਕਰਨਾ ਹੈ ਤਾਂ ਆਪਣੇ ਮੁਲਕਾਂ ਵਿਚ ਜਾ ਕੇ ਕਰੋ।
ਈ-ਮੇਲ : prof_kulbir@yahoo.com