ਪਾਇਲ, 4 ਦਸੰਬਰ (ਨਿਜ਼ਾਮਪੁਰ, ਰਜਿੰਦਰ ਸਿੰਘ)-ਬੀਤੇ ਦਿਨ ਮਿਸਤਰੀ ਸਵਰਨ ਸਿੰਘ ਬਿੱਟੂ ਸੰਖੇਪ ਜਿਹੀ ਬਿਮਾਰੀ ਉਪਰੰਤ ਅਕਾਲ ਚਲਾਣਾ ਕਰੇ ਗਏ ਸਨ | ਉਨ੍ਹਾਂ ਨਮਿੱਤ ਹੋਏ ਸ਼ਰਧਾਂਜਲੀ ਸਮਾਗਮ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ, ਸਾਬਕਾ ਵਿਧਾਇਕ ਲਖਵੀਰ ਸਿੰਘ ਪਾਇਲ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸਵ: ਸਵਰਨ ਸਿੰਘ ਬਿੱਟੂ ਨਰਮ ਸੁਭਾਅ ਦੇ ਇੱਕ ਨੇਕ ਦਿਲ ਇਨਸਾਨ ਸਨ, ਜਿਨ੍ਹਾਂ ਦੀ ਮੌਤ ਜਿੱਥੇ ਇਲਾਕੇ ਨੂੰ ਘਾਟਾ ਪਿਆ ਉੱਥੇ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਵੀ ਬਹੁਤ ਘਾਟਾ ਪਿਆ ਹੈ | ਉਨ੍ਹਾਂ ਕਿਹਾ ਕਿ ਜਿੱਥੇ ਉਨ੍ਹਾਂ ਸਖ਼ਤ ਮਿਹਨਤ ਸਦਕਾ ਆਪਣੇ ਕਾਰੋਬਾਰ ਨੂੰ ਬੁਲੰਦੀਆਂ 'ਤੇ ਪਹੁੰਚਾਇਆ ਅਤੇ ਉੱਥੇ ਸਮਾਜ ਸੇਵੀ ਕੰਮਾਂ ਰਾਹੀ ਪਰਿਵਾਰ ਦਾ ਨਾਂ ਉੱਚਾ ਕੀਤਾ | ਸਾਬਕਾ ਵਿਧਾਇਕ ਲਖਵੀਰ ਸਿੰਘ ਪਾਇਲ ਨੇ ਕਿਹਾ ਕਿ ਸਵਰਗੀ ਬਿੱਟੂ ਸਿੱਖ ਗੁਰੂ ਸਾਹਿਬਾਨ ਵਲ਼ੋਂ ਕਿਰਤ ਦੇ ਸਿਧਾਂਤ ਨੂੰ ਅਪਣਾਇਆ ਅਤੇ ਸਾਦਾ ਰਹਿਣ ਸਹਿਣ ਅਤੇ ਉੱਚੀ ਸੁੱਚੀ ਸੋਚ ਰਾਹੀ ਆਪਣੀ ਜ਼ਿੰਦਗੀ ਬਤੀਤ ਕੀਤੀ | ਕਾਂਗਰਸੀ ਆਗੂ ਮਲਕੀਤ ਸਿੰਘ ਗੋਗਾ ਨੇ ਵੀ ਪਰਿਵਾਰ ਵਲੋਂ ਸਮਾਜ ਸੇਵਾ ਦੇ ਖੇਤਰ ਵਿਚ ਸਮੇਂ ਸਮੇਂ ਤੇ ਪਾਏ ਜਾ ਰਹੇ ਯੋਗਦਾਨ ਬਾਰੇ ਸੰਗਤਾਂ ਨੂੰ ਦੱਸਿਆ | ਇਸ ਮੌਕੇ ਸੁਰਜੀਤ ਸਿੰਘ ਲਹਿਰਾ, ਰਜਿੰਦਰ ਸਿੰਘ ਬੱਬੀ ਸ਼ਾਹਪੁਰ, ਕਰਮ ਸਿੰਘ, ਮੇਜਰ ਸਿੰਘ, ਬੱਬੀ ਚੌਧਰੀ, ਮਾ. ਪ੍ਰੇਮ ਸਿੰਘ, ਹਰਜੀਤ ਸਿੰਘ, ਮਨਪ੍ਰੀਤ ਸਿੰਘ, ਬੇਅੰਤ ਸਿੰਘ ਪੰਧੇਰ ਖੇੜੀ ਆਦਿ ਹਾਜ਼ਰ ਸਨ |