14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਹੜ੍ਹ ਪੀੜਤਾਂ ਲਈ ਇਕੱਤਰ ਕੀਤੀ 2300 ਮਣ ਕਣਕ <br/>

ਹੜ੍ਹ ਪੀੜਤਾਂ ਦੀ ਮਦਦ ਲਈ ਇਕੱਤਰ ਕੀਤੀ ਰਾਹਤ ਸਮੱਗਰੀ ਸੰਬੰਧੀ ਮੀਟਿੰਗ ਕਰਦੇ ਹੋਏ ਭਾਕਿਯੂ ਉਗਰਾਹਾਂ ਦੇ ਆਗੂ | <br/> 25-09-2025
ਬਠਿੰਡਾ, 24 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਵਿਚ ਪਿਛਲੇ ਦਿਨੀਂ ਹੜ੍ਹਾਂ ਦੀ ਮਾਰ ਹੇਠਾਂ ਆਏ ਲੋਕਾਂ ਦੀ ਸਮਾਜਸੇਵੀ ਸੰਸਥਾਵਾਂ ਅਤੇ ਆਮ ਲੋਕਾਂ ਵਲੋਂ ਪਹਿਲੇ ਦਿਨ ਤੋਂ ਡਟਵੀਂ ਮੱਦਦ ਕੀਤੀ ਜਾ ਰਹੀ ਹੈ, ਜਿਸ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਜ਼ਿਲ੍ਹਾ ਇਕਾਈ ਬਠਿੰਡਾ ਨੇ ਹੜ੍ਹ ਪੀੜਤਾਂ ਲਈ ਵੱਡੀ ਮਾਤਰਾ ਵਿਚ ਕਣਕ ਇਕੱਤਰ ਕੀਤੀ ਹੈ ਜੋ 26 ਸਤੰਬਰ ਨੂੰ ਫ਼ਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਲੋਕਾਂ ਕੋਲ ਪਹੁੰਚਾਈ ਜਾਵੇਗੀ | ਇਸ ਸੰਬੰਧੀ ਸਥਾਨਕ ਗੁਰਦੁਆਰਾ ਹਾਜੀ ਰਤਨ ਸਾਹਿਬ ਵਿਖੇ ਯੂਨੀਅਨ ਦੀ ਹੋਈ ਮੀਟਿੰਗ ਦੌਰਾਨ ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਜਸਵੀਰ ਸਿੰਘ ਬੁਰਜ ਸੇਮਾ ਨੇ ਦੱਸਿਆ ਕਿ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਹੜ੍ਹ ਪੀੜਤ ਮਜ਼ਦੂਰ ਅਤੇ ਬੇਜ਼ਮੀਨੇ ਕਿਸਾਨ ਪਰਿਵਾਰਾਂ ਦੀ ਸਹਾਇਤਾ ਕਰਨ ਲਈ ਜ਼ਿਲੇ੍ਹ ਦੇ ਪਿੰਡਾਂ ਵਿਚੋਂ 2300 ਮਣ ਕਣਕ ਜਥੇਬੰਦੀ ਦੇ ਆਗੂਆਂ ਤੇ ਵਰਕਰਾਂ ਵਲੋਂ ਇਕੱਠੀ ਕੀਤੀ ਗਈ ਹੈ, ਜਿਸ ਵਿਚ ਬਠਿੰਡਾ ਦੇ ਸ਼ਹਿਰੀ ਲੋਕਾਂ ਨੇ ਵੀ ਆਪਣੇ ਲਈ ਮੁਲ ਖ਼ਰੀਦ ਕੇ ਰੱਖੀ ਕਣਕ ਦਾ ਭਰਵਾਂ ਯੋਗਦਾਨ ਪਾਇਆ | ਉਨ੍ਹਾਂ ਕਿਹਾ ਕਿ ਇਹ ਕਣਕ ਕੱਲ੍ਹ ਨੂੰ ਫ਼ਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਭੇਜੀ ਜਾਵੇਗੀ ਅਤੇ ਇਸ ਤੋਂ ਇਲਾਵਾ ਲੋਕਾਂ ਦੇ ਪਹਿਨਣ ਲਈ ਨਵੇਂ ਸੂਟ, ਬਿਸਤਰੇ, ਕੰਬਲ ਅਤੇ ਰਸੋਈ ਦਾ ਸਮਾਨ ਵੀ ਭੇਜਿਆ ਜਾਵੇਗਾ, ਜਦਕਿ ਤੂੜੀ ਦੀਆਂ ਦੋ ਵੱਡੇ ਭੂੰਗ ਵਾਲੀਆਂ ਟਰਾਲੀਆਂ ਪਹਿਲਾਂ ਭੇਜੀਆਂ ਗਈਆਂ ਹਨ ਤੇ ਲੋੜ ਅਨੁਸਾਰ ਹੋਰ ਤੂੜੀ ਭੇਜੀ ਜਾਵੇਗੀ | ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਹੜ੍ਹਾਂ ਦੇ ਤੇਜ ਵਹਾਅ ਨਾਲ ਆਈ ਗਾਰ/ਰੇਤ ਨੂੰ ਜ਼ਮੀਨਾਂ 'ਚੋਂ ਕੱਢਣ ਲਈ ਅਤੇ ਜ਼ਮੀਨਾਂ ਨੂੰ ਪੱਧਰਾ ਕਰਨ ਲਈ ਟਰੈਕਟਰ ਵੀ ਭੇਜੇ ਜਾਣਗੇ ਅਤੇ ਕਣਕ ਦੀ ਬਿਜਾਈ ਕਰਵਾਉਣ ਦੇ ਨਾਲ-ਨਾਲ ਸਮਰੱਥਾ ਅਨੁਸਾਰ ਖਾਦ, ਬੀਜ ਦੀ ਸਹਾਇਤਾ ਵੀ ਕੀਤੀ ਜਾਵੇਗੀ | ਕਿਸਾਨ ਆਗੂਆਂ ਨੇ ਕਿਹਾ ਕਿ ਹੜ੍ਹ ਪੀੜਤਾਂ ਦੇ ਹੋਏ ਨੁਕਸਾਨ ਦੀ ਪੂਰੀ ਭਰਪਾਈ ਕਰਵਾਉਣ ਅਤੇ ਅੱਗੇ ਤੋਂ ਸਰਕਾਰਾਂ ਦੀ ਅਣਗਹਿਲੀ ਕਾਰਨ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਦਰਿਆਵਾਂ, ਡੈਮਾਂ ਦੇ ਬੰਨ੍ਹ ਪੱਕੇ ਕਰਾਉਣ ਲਈ ਉਨ੍ਹਾਂ ਦੀ ਜਥੇਬੰਦੀ ਵਲੋਂ ਆਉਣ ਵਾਲੇ ਦਿਨਾਂ ਵਿਚ ਵੱਡੇ ਸੰਘਰਸ਼ ਉਲੀਕੇ ਜਾ ਰਹੇ ਹਨ, ਜਿਨ੍ਹਾਂ ਵਿਚ ਕੁੱਦਣ ਲਈ ਉਨ੍ਹਾਂ ਇਨਸਾਫ਼ ਪਸੰਦ ਲੋਕਾਂ ਨੂੰ ਤਿਆਰ ਰਹਿਣ ਦਾ ਸੱਦਾ ਦਿੱਤਾ | ਇਸ ਮੌਕੇ ਜਗਸੀਰ ਸਿੰਘ ਝੁੰਬਾ, ਨਛੱਤਰ ਸਿੰਘ ਢੱਡੇ, ਰਾਮ ਸਿੰਘ ਕੋਟਗੁਰੂ, ਹਰਪ੍ਰੀਤ ਸਿੰਘ ਚੱਠੇਵਾਲਾ, ਰਾਜਵਿੰਦਰ ਸਿੰਘ ਰਾਮ ਨਗਰ, ਬੂਟਾ ਸਿੰਘ ਬੱਲੋ੍ਹ, ਲਖਵੀਰ ਸਿੰਘ ਗਿੱਦੜ, ਜਗਜੀਤ ਸਿੰਘ ਚੱਕ ਫਤਿਹ ਸਿੰਘ ਵਾਲਾ, ਨੀਟਾ ਸਿੰਘ ਦਿਓਣ ਹਰਪ੍ਰੀਤ ਸਿੰਘ ਸਿਵੀਆ, ਗੁਰਜੀਤ ਸਿੰਘ ਬੰਗੇਗੇਰ ਚੜ੍ਹਤ ਮੌਜੂਦ ਸਨ |

ਪਿਛਲੀ ਖ਼ਬਰ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵਲੋਂ ਜ਼ਿਲ੍ਹਾ ਮੁੱਖ ਦਫ਼ਤਰ ਵਿਖੇ ਰੋਸ ਧਰਨਾ <br/> ਅਗਲੀ ਖ਼ਬਰ ਚੋਰਾਂ ਵਲੋਂ ਸਰਕਾਰੀ ਹਸਪਤਾਲ ਨੂੰ ਬਣਾਇਆ ਨਿਸ਼ਾਨਾ-ਏਸੀਜ਼ ਦੇ 4 ਆਊਟਡੋਰ ਯੂਨਿਟ ਕੀਤੇ ਚੋਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।