ਫ਼ਿਰੋਜ਼ਪੁਰ, 4 ਦਸੰਬਰ(ਗੁਰਿੰਦਰ ਸਿੰਘ)-ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਜ਼ਿਲ੍ਹਾ ਫਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਰ.ਐੱਸ.ਡੀ ਕਾਲਜ ਫਿਰੋਜ਼ਪੁਰ ਵਿਖੇ ਐਨ.ਐੱਸ.ਐੱਸ ਯੂਨਿਟ ਤੇ ਰੈੱਡ ਰਿਬਨ ਕਲੱਬ ਵਲੋਂ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ | ਜਿਸ ਵਿਚ ਨੌਜਵਾਨਾਂ ਨੂੰ ਏਡਜ਼ ਦੇ ਕਾਰਨਾਂ ਅਤੇ ਬਚਾਅ ਸਬੰਧੀ ਛੋਟੇ-ਛੋਟੇ ਗਰੁੱਪਾਂ ਰਾਹੀਂ ਜਾਣੂ ਕਰਵਾਇਆ ਗਿਆ | ਰੈੱਡ ਰਿਬਨ ਕਲੱਬ ਵਲੋਂ ਪੈਂਫਲਿਟ ਵੰਡ ਕੇ ਵਿਦਿਆਰਥੀਆਂ ਨੂੰ ਇਸ ਬਿਮਾਰੀ ਸਬੰਧੀ ਜਾਣਕਾਰੀ ਦਿੱਤੀ ਗਈ | ਨੋਡਲ ਅਫ਼ਸਰ ਡਾ.ਅਮਨਦੀਪ ਸਿੰਘ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਵਿਸ਼ਵ ਏਡਜ਼ ਦਿਵਸ ਹਰ ਸਾਲ ਪਹਿਲੀ ਦਸੰਬਰ ਨੂੰ ਸੰਸਾਰ ਭਰ ਵਿਚ ਲੋਕਾਂ ਨੂੰ ਐੱਚ.ਆਈ.ਵੀ. ਏਡਜ਼ (ਐਕਵਾਇਰਡ ਇਮਯੂਨੋਡਫੀਸ਼ੈਂਸੀ ਸਿੰਡਰੋਮ) ਪ੍ਰਤੀ ਜਾਗਰੂਕਤਾ ਵਧਾਉਣ ਅਤੇ ਇਸ ਦੇ ਵਿਤਕਰੇ ਨੂੰ ਖ਼ਤਮ ਕਰਨ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ ਅਤੇ ਵਿਸ਼ਵ ਏਡਜ਼ ਦਿਵਸ ਮਨਾਉਣ ਦਾ ਮੂਲ ਮਨੋਰਥ ਨੌਜਵਾਨ ਵਿਦਿਆਰਥੀਆਂ ਨੂੰ ਏਡਜ਼ ਵਰਗੀ ਭਿਆਨਕ ਬਿਮਾਰੀ ਦੇ ਕਾਰਨਾਂ ਅਤੇ ਬਚਾਅ ਬਾਰੇ ਜਾਣਕਾਰੀ ਮੁਹੱਈਆ ਕਰਵਾਉਣਾ ਹੈ | ਇਸ ਦਿਨ ਵਿਸ਼ਵ ਭਰ ਵਿਚ ਏਡਜ਼ ਸਬੰਧੀ ਵੱਖ-ਵੱਖ ਗਤੀਵਿਧੀਆਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ | ਕਾਲਜ ਪਿ੍ੰਸੀਪਲ ਮੈਡਮ ਡਾ. ਅਰਾਧਨਾ ਬਾਹਰੀ ਨੇ ਇਸ ਬਿਮਾਰੀ ਤੋਂ ਬਚਾਅ ਲਈ ਜਾਗਰੂਕਤਾ ਫੈਲਾਉਣ 'ਤੇ ਜ਼ੋਰ ਦਿੱਤਾ, ਉੱਥੇ ਇਸ ਬਿਮਾਰੀ ਬਾਰੇ ਸਾਡੇ ਸਮਾਜ ਵਿਚ ਪ੍ਰਚਲਿਤ ਗ਼ਲਤ ਧਾਰਨਾਵਾਂ ਬਾਰੇ ਵੀ ਦੱਸਿਆ, ਜਿਨ੍ਹਾਂ ਨੂੰ ਜਾਗਰੂਕਤਾ ਰਾਹੀਂ ਹੀ ਦੂਰ ਕੀਤਾ ਜਾ ਸਕਦਾ ਹੈ | ਇਸ ਈਵੈਂਟ ਵਿਚ ਪ੍ਰੋ. ਐੱਚ. ਐੱਸ. ਰੰਧਾਵਾ, ਡਾ. ਅਨਿਲ ਧੀਮਾਨ, ਡਾ. ਜੀਤਪਾਲ ਸਿੰਘ, ਪ੍ਰੋ. ਇਕਬਾਲ ਸਿੰਘ, ਪ੍ਰੋ. ਯਾਦਵਿੰਦਰ ਸਿੰਘ, ਡਾ. ਸੰਜੀਵ ਕੁਮਾਰ ਹਾਜ਼ਰ ਰਹੇ |