ਗੁਰੂਹਰਸਹਾਏ, 30 ਅਕਤੂਬਰ (ਕਪਿਲ ਕੰਧਾਰੀ)- ਜੇ.ਕੇ.ਐੱਸ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਗੁਰੂਹਰਸਹਾਏ ਵਿਖੇ ਛੇਵੀਂ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਸੰਕਲਪ ਕੋਟਾ ਟੈੱਸਟ ਕਰਵਾਇਆ ਗਿਆ। ਟੈੱਸਟ ਵਿਚ ਗਣਿਤ ਤੇ ਵਿਗਿਆਨ ਵਿਸ਼ਿਆਂ ਨਾਲ ਸਬੰਧਿਤ ਬਹੁ-ਵਿਕਲਪੀ ਪ੍ਰਸ਼ਨ (ਐੱਮ.ਸੀ.ਕਿਊ.) ਸ਼ਾਮਲ ਕੀਤੇ ਗਏ ਸਨ, ਜਿਨ੍ਹਾਂ ਰਾਹੀਂ ਵਿਦਿਆਰਥੀਆਂ ਦੇ ਵਿਸ਼ਾ-ਸਬੰਧੀ ਗਿਆਨ ਤੇ ਸਮਝ ਦਾ ਮੁਲਾਂਕਣ ਕੀਤਾ ਗਿਆ। ਟੈੱਸਟ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਗਿਆਨ ਨੂੰ ਪਰਖਣ ਦੇ ਨਾਲ-ਨਾਲ ਗਣਿਤ ਤੇ ਵਿਗਿਆਨ ਵਰਗੇ ਮਹੱਤਵਪੂਰਨ ਵਿਸ਼ਿਆਂ ਪ੍ਰਤੀ ਉਨ੍ਹਾਂ ਦੀ ਦਿਲਚਸਪੀ ਵਧਾਉਣਾ ਸੀ। ਅਜਿਹੇ ਟੈੱਸਟ ਵਿਦਿਆਰਥੀਆਂ ਵਿਚ ਤਰਕਸ਼ੀਲ ਸੋਚ, ਸਮੱਸਿਆਵਾਂ ਨੂੰ ਸਮਝਣ ਤੇ ਉਨ੍ਹਾਂ ਦਾ ਹੱਲ ਲੱਭਣ ਦੀ ਯੋਗਤਾ ਨੂੰ ਮਜ਼ਬੂਤ ਕਰਦੇ ਹਨ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਆਪਣੀਆਂ ਕਮਜ਼ੋਰੀਆਂ ਦੀ ਪਛਾਣ ਕਰਕੇ ਉਨ੍ਹਾਂ ਵਿਚ ਸੁਧਾਰ ਕਰਨ ਦਾ ਮੌਕਾ ਵੀ ਮਿਲਦਾ ਹੈ। ਇਹ ਟੈੱਸਟ ਸੰਕਲਪ ਕੋਟਾ ਦੇ ਡਾਇਰੈਕਟਰ ਰਿਸ਼ਭ ਗੋਇਲ, ਮਾਰਕੀਟਿੰਗ ਕਾਰਜਕਾਰੀ ਗਿਆਨਿੰਦਰ ਸਿੰਘ ਰਾਜਪੂਤ ਤੇ ਮਾਰਕੀਟਿੰਗ ਮੁਖੀ ਦਾਮਿਨੀ ਦੀ ਨਿਗਰਾਨੀ ਹੇਠ ਕਰਵਾਇਆ ਗਿਆ। ਇਸ ਪਹਿਲਕਦਮੀ ਦਾ ਉਦੇਸ਼ ਵਿਦਿਆਰਥੀਆਂ ਨੂੰ ਭਵਿੱਖ ਵਿਚ ਜੇ.ਈ.ਈ. ਤੇ ਨੀਟ ਵਰਗੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਤਿਆਰ ਹੋਣ ਵਾਸਤੇ ਪ੍ਰੇਰਿਤ ਕਰਨਾ ਵੀ ਸੀ। ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਮੀਨੂੰ ਮੋਗਾ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।