ਸੰਗਰੂਰ, 4 ਦਸੰਬਰ (ਧੀਰਜ ਪਸੌਰੀਆ)-ਦਿਵਿਆ ਜੋਤੀ ਜਾਗਿ੍ਤੀ ਸੰਸਥਾਨ ਅਤੇ ਸ਼ਹਿਰ ਨਿਵਾਸੀਆਂ ਵਲੋਂ ਸ਼੍ਰੀ ਮਦ ਭਾਗਵਤ ਕਥਾ ਨੂੰ ਲੈ ਕੇ ਇੱਕ ਕਲਸ਼ ਯਾਤਰਾ ਦਾ ਆਯੋਜਨ ਕੀਤਾ ਗਿਆ | ਸੰਸਥਾਨ ਦੇ ਬੁਲਾਰੇ ਸਵਾਮੀ ਉਮੇਸ਼ ਨੰਦ ਨੇ ਦੱਸਿਆ ਕਿ ਯਾਤਰਾ ਦਾ ਸ਼ੁੱਭ ਆਰੰਭ ਕਥਾ ਦੇ ਕਥਾ ਦੇ ਜਜਮਾਨਾਂ ਵਲੋਂ ਪੂਜਨ ਕਰਵਾ ਕੇ ਕੀਤਾ ਗਿਆ | ਧਾਰਮਿਕ ਪੂਜਨ ਕਰ ਕੇ ਨਾਰੀਅਲ ਫੋੜ ਕੇ ਯਾਤਰਾ ਦਾ ਸ਼ੁਭ ਆਰੰਭ ਕੀਤਾ | ਇਸ ਕਲਸ਼ ਯਾਤਰਾ ਵਿਚ ਸੈਂਕੜੇ ਮਹਿਲਾ ਭਗਤਾਂ ਨੇ ਸਿਰਾਂ ਤੇ ਕਲਸ਼ ਧਾਰਨ ਕਰ ਕੇ ਵੱਡੇ ਉਤਸ਼ਾਹ ਤੇ ਸ਼ਰਧਾ ਨਾਲ ਸ਼ਮੂਲੀਅਤ ਕੀਤੀ | ਯਾਤਰਾ ਦਾ ਆਰੰਭ ਅਨਾਜ ਮੰਡੀ ਸੰਗਰੂਰ ਤੋਂ ਹੋਇਆ ਅਤੇ ਇਹ ਸ਼ਹਿਰ ਦੇ ਮੁੱਖ ਮਾਰਗਾਂ ਤੋਂ ਹੁੰਦੀ ਹੋਈ ਮੁੜ ਕਥਾ ਸਥਾਨ ਤੇ ਸੰਪੰਨ ਹੋਈ | ਸਾਰਾ ਮਾਹੌਲ 'ਹਰੇ ਕਿ੍ਸ਼ਨ ਹਰੇ ਰਾਮ' ਅਤੇ 'ਜੈ ਸ਼੍ਰੀ ਕਿ੍ਸ਼ਨ' ਦੇ ਜੈਕਾਰਿਆਂ ਨਾਲ ਗੂੰਜ ਉੱਠਿਆ | ਯਾਤਰਾ ਵਿਚ ਸਜੇ ਹੋਏ ਵਾਹਨ, ਭਜਨ-ਕੀਰਤਨ ਅਤੇ ਝਾਂਕੀਆਂ ਨੇ ਭਗਤਾਂ ਦੇ ਮਨ ਮੋਹ ਲਏ | ਸਥਾਨਕ ਨਿਵਾਸੀਆਂ ਨੇ ਵੀ ਫੁੱਲ ਵਰਖਾ ਕਰ ਕੇ ਯਾਤਰਾ ਦਾ ਸਵਾਗਤ ਕੀਤਾ | ਜ਼ਿਕਰਯੋਗ ਹੈ ਕਿ ਸ਼੍ਰੀਮਦ ਭਾਗਵਤ ਕਥਾ ਦਾ ਆਯੋਜਨ 5 ਦਸੰਬਰ ਤੋਂ 11 ਦਸੰਬਰ 2025 ਤੱਕ, ਹਰ ਸ਼ਾਮ 6:00 ਵਜੇ ਤੋਂ 9:00 ਵਜੇ ਤੱਕ, ਅਨਾਜ ਮੰਡੀ ਸੰਗਰੂਰ ਵਿਚ ਕੀਤਾ ਜਾਵੇਗਾ | ਕਥਾ ਵਿਆਸ ਦੇ ਰੂਪ ਵਿਚ ਗੁਰੂਦੇਵ ਸ਼੍ਰੀ ਆਸ਼ੂਤੋਸ਼ ਮਹਾਰਾਜ ਦੀ ਸੇਵਿਕਾ ਸਾਧਵੀ ਸੁਸ਼੍ਰੀ ਵੈਸ਼ਨਵੀ ਭਾਰਤੀ, ਸੰਤ ਮੰਡਲੀ ਦੇ ਨਾਲ ਬਿਰਾਜਮਾਨ ਹੋਣਗੇ, ਜੋ ਭਗਵਾਨ ਸ਼੍ਰੀ ਕਿ੍ਸ਼ਨ ਦੇ ਅਦਭੁਤ ਚਰਿੱਤਰ, ਉਪਦੇਸ਼ਾਂ ਅਤੇ ਗੀਤਾ ਦੇ ਦਿਵਯ ਗਿਆਨ ਨੂੰ ਭਾਵਪੂਰਨ ਢੰਗ ਨਾਲ ਪੇਸ਼ ਕਰਨਗੇ |