ਫ਼ਰੀਦਕੋਟ, 23 ਅਕਤੂਬਰ (ਜਸਵੰਤ ਸਿੰਘ ਪੁਰਬਾ)- ਅੱਜ ਦੇਰ ਸ਼ਾਮ ਫਰੀਦਕੋਟ ਦੇ ਨੈਸ਼ਨਲ ਹਾਈਵੇ 54 ਤੇ ਪਿੰਡ ਟਹਿਣਾ ਕੋਲ ਇਕ ਕੰਬਾਈਨ ਅਤੇ ਬਾਇਕ ਵਿਚ ਭਿਆਨਕ ਟੱਕਰ ਦੌਰਾਨ ਬਾਇਕ ਸਵਾਰ ਤਿੰਨ ਨੌਜਵਾਨਾਂ ਵਿਚੋ ਇਕ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੋ ਨੋਜਵਾਨ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ ਜਿਨ੍ਹਾਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਲਿਆਂਦਾ ਗਿਆ ਜਿਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਜਾਣਕਾਰੀ ਮੁਤਾਬਿਕ ਬਾਇਕ ਸਵਾਰ ਜੋ ਫਿਰੋਜ਼ਪੁਰ ਜ਼ਿਲ੍ਹੇ ਦੇ ਕਸਬਾ ਮੁਦਕੀ ਦੇ ਰਹਿਣ ਵਾਲੇ ਸਨ ਕਿਸੇ ਕੰਮ ਲਈ ਫਰੀਦਕੋਟ ਆਪਣੇ ਬਾਇਕ ਤੇ ਸਵਾਰ ਹੋ ਕੇ ਆ ਰਹੇ ਸਨ ਅਤੇ ਜਿਵੇਂ ਹੀ ਫਰੀਦਕੋਟ ਦੇ ਪਿੰਡ ਟਹਿਣਾ ਕੋਲ ਪੁੱਜੇ ਤਾਂ ਸਾਹਮਣੇ ਤੋਂ ਜਾ ਰਹੀ ਕੰਬਾਈਨ ਨਾਲ ਭਿਆਨਕ ਟੱਕਰ ਹੋ ਗਈ ਜਿਸ ਦੌਰਾਨ ਇਕ ਬਾਇਕ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸਦੇ ਦੋ ਸਾਥੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਇਨ੍ਹਾਂ ਵਿਚੋਂ ਦੋ ਕਸਬਾ ਮੁਦਕੀ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਜਦਕਿ ਇਕ ਤਰਨਤਾਰਨ ਜ਼ਿਲ੍ਹੇ ਨਾਲ ਸਬੰਧਤ ਦੱਸਿਆ ਜਾ ਰਿਹਾ ਜੌ ਮੁਦਕੀ ਵਿਖੇ ਸਮਾਗਮ ਵਿਚ ਸ਼ਾਮਲ ਹੋਣ ਲਈ ਆਇਆ ਸੀ। ਕੰਬਾਈਨ ਚਾਲਕ ਮੌਕੇ ਤੋ ਫ਼ਰਾਰ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਵਲੋਂ ਮੌਕੇ ਤੇ ਪੁੱਜ ਕਾਰਵਾਈ ਕੀਤੀ ਜਾ ਰਹੀ ਹੈ।