ਅਜਨਾਲਾ, 9 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਚੱਲ ਰਹੇ ਚੋਣ ਪ੍ਰਚਾਰ ਦੌਰਾਨ ਅੱਜ ਹਲਕਾ ਅਜਨਾਲਾ ਅੰਦਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਉਸ ਵੇਲੇ ਵੱਡਾ ਸਿਆਸੀ ਝਟਕਾ ਲੱਗਾ, ਜਦੋਂ ਬਲਾਕ ਸੰਮਤੀ ਅਜਨਾਲਾ ਦੇ ਜ਼ੋਨ ਸਾਰੰਗਦੇਵ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਬੀਬੀ ਅਮਰਜੀਤ ਕੌਰ ਪਤਨੀ ਅਮਰੀਕ ਸਿੰਘ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ | ਇਸ ਮੌਕੇ 'ਆਪ' ਪੰਜਾਬ ਦੇ ਮੁੱਖ ਬੁਲਾਰੇ ਤੇ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਲੋਂ ਅਕਾਲੀ ਉਮੀਦਵਾਰ ਬੀਬੀ ਅਮਰਜੀਤ ਕੌਰ ਤੇ ਉਨ੍ਹਾਂ ਦੇ ਪਤੀ ਅਮਰੀਕ ਸਿੰਘ ਨੂੰ ਆਪ ਵਿਚ ਜੀ ਆਇਆਂ ਆਖਦਿਆਂ ਪਾਰਟੀ ਚਿੰਨ ਵਾਲਾ ਮਫ਼ਲਰ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਨ੍ਹਾਂ ਦੇ ਹਰ ਦੁੱਖ-ਸੁੱਖ ਵਿਚ ਭਾਈਵਾਲ ਹੋਣਗੇ | ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਹਮੇਸ਼ਾ ਹੀ ਬਦਲਾਖੋਰੀ ਵਾਲੀ ਰਾਜਨੀਤੀ ਤੋਂ ਦੂਰ ਰਹਿ ਕੇ ਬਿਨਾਂ ਕਿਸੇ ਪੱਖਪਾਤ ਹਲਕੇ ਅੰਦਰ ਕਰਵਾਏ ਰਿਕਾਰਡਤੋੜ ਵਿਕਾਸ ਨੂੰ ਵੇਖਦਿਆਂ ਹੋਇਆਂ ਅੱਜ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਵੀ ਉਨ੍ਹਾਂ ਨੂੰ ਛੱਡ ਕੇ ਸਾਡੇ ਨਾਲ ਜੁੜ ਰਹੇ ਹਨ | ਇਸ ਮੌਕੇ ਨੌਜਵਾਨ ਆਗੂ ਖੁਸ਼ਪਾਲ ਸਿੰਘ ਧਾਲੀਵਾਲ, ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਮੰਨੂ ਮੱਲ੍ਹੀ ਬੋਹੜ ਵਾਲਾ, ਬਲਾਕ ਪ੍ਰਧਾਨ ਰਘੂ ਸਾਰੰਗਦੇਵ, ਸਰਪੰਚ ਬਲਦੇਵ ਸਿੰਘ ਸਾਰੰਗਦੇਵ, ਸਰਪੰਚ ਕੰਵਰਜੀਤ ਸਿੰਘ ਜੱਸੜ, ਸਰਪੰਚ ਮਨਜਿੰਦਰ ਸਿੰਘ ਸੈਦੋਗਾਜੀ, ਆਪ ਆਗੂ ਨਰਿੰਦਰ ਸਿੰਘ ਖਾਨਵਾਲ, ਸਰਪੰਚ ਜਗਰੂਪ ਸਿੰਘ ਮੱਦੂਸਾਂਗਾ, ਆੜ੍ਹਤੀ ਹਰਦੀਪ ਸਿੰਘ ਸੁਧਾਰ ਅਤੇ ਸੁਰਜੀਤ ਸਿੰਘ ਸਾਰੰਗਦੇਵ ਆਦਿ ਹਾਜ਼ਰ ਸਨ |