02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਰੂਪਨਗਰ ਬਾਈਪਾਸ 'ਤੇ ਬੇਲਗਾਮ ਗੈਰ-ਕਾਨੂੰਨੀ ਕੱਟ ਦੇ ਰਹੇ ਨੇ ਹਾਦਸਿਆਂ ਨੂੰ ਸੱਦਾ <br/>

ਅਜੀਤ ਡੈਸਕ 05-12-2025
ਰੂਪਨਗਰ, 4 ਦਸੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਬਾਈਪਾਸ, ਜੋ ਦੁਆਬੇ ਨੂੰ ਰਾਜਧਾਨੀ ਚੰਡੀਗੜ੍ਹ ਨਾਲ ਜੋੜਦਾ ਹੈ, ਇਹ ਗੈਰ-ਕਾਨੂੰਨੀ ਕੱਟਾਂ ਕਾਰਨ ਗੰਭੀਰ ਹਾਦਸਿਆਂ ਦਾ ਕੇਂਦਰ ਬਣਿਆ ਹੋਇਆ ਹੈ ਪਰ ਕਿਸੇ ਵਿਭਾਗੀ ਅਧਿਕਾਰੀ ਜਾਂ ਸੱਤਾਧਾਰੀ ਦਾ ਧਿਆਨ ਨਹੀਂ, ਜਦੋਂ ਕੋਈ ਗੰਭੀਰ ਹਾਦਸਾ ਵਾਪਰ ਜਾਂਦਾ ਹੈ ਤਾਂ ਹਰ ਕੋਈ ਮਗਰਮੱਛ ਦੇ ਹੰਝੂ ਵਹਾਉਣ ਲੱਗ ਜਾਂਦਾ ਹੈ | ਹਾਲਤ ਇਹ ਹੈ ਕਿ ਮੁੱਖ ਮਾਰਗਾਂ ਦੇ ਡਿਵਾਈਡਰ ਤੋੜ ਕੇ ਲੋਕ ਆਪਣੀ ਸਹੂਲਤ ਲਈ ਮਨਮਾਨੇ ਕੱਟ ਤਿਆਰ ਕਰ ਰਹੇ ਹਨ ਤੇ ਵਿਭਾਗੀ ਪਕੜ ਬੇਹੱਦ ਢਿੱਲੀ ਦਿਖਾਈ ਦੇ ਰਹੀ ਹੈ | ਸਤਲੁਜ ਦਰਿਆ ਦੇ ਪੁਲ ਤੋਂ ਉਤਰਦੇ ਸਾਰ ਹੀ ਪਹਿਲਾ ਕੱਟ ਇਕ ਮੈਰਿਜ ਪੈਲੇਸ ਦੇ ਸਾਹਮਣੇ ਬਣਾਇਆ ਗਿਆ ਹੈ, ਜਿਥੇ ਤੇਜ਼ ਰਫ਼ਤਾਰ ਵਾਹਨਾਂ ਦੀ ਲਪੇਟ ਵਿਚ ਆਉਣ ਤੋਂ ਲੋਕ ਕਈ ਵਾਰ ਬਚੇ ਹਨ | ਇਸ ਤੋਂ ਅੱਗੇ ਹਵੇਲੀ ਕਲਾ ਮੋੜ ਨੇੜੇ ਨਵੀਂ ਪੰਧੇਰ ਨਾਂਅ ਦੀ ਨਵੀਂ ਸਿਟੀ ਵੱਲ ਡਿਵਾਈਡਰ ਤੋੜ ਕੇ ਦੂਜਾ ਕੱਟ ਬਣਾਇਆ ਗਿਆ ਹੈ | ਤੀਜਾ ਕੱਟ ਪਿੰਡ ਸ਼ਾਮਪੁਰਾ ਨੇੜੇ ਨਵੇਂ ਬਣੇ ਸਾਦਿਕ ਹਸਪਤਾਲ ਦੇ ਨੇੜੇ ਡਿਵਾਈਡਰ ਤੋੜ ਕੇ ਬਣਾ ਲਿਆ ਗਿਆ ਹੈ, ਜਦ ਕਿ ਚੌਥਾ ਕੱਟ ਡਾ. ਸੁਰਜੀਤ ਦੀਆਂ ਲਾਈਟਾਂ ਤੋਂ ਅੱਗੇ ਇਕ ਫਿਸ਼ ਫਰਾਈ ਦੁਕਾਨ ਵੱਲ ਨੂੰ ਲੋਕਾਂ ਵਲੋਂ ਆਪੇ ਹੀ ਬਣਾਇਆ ਗਿਆ ਹੈ | ਪੰਜਵਾਂ ਕੱਟ ਪਿੰਡ ਬੜੀ ਰੈਲੋਂ ਨੇੜੇ, ਲੱਕੀ ਢਾਬੇ ਦੇ ਸਾਹਮਣੇ ਬਣਾਇਆ ਗਿਆ ਹੈ, ਹਾਲਾਂਕਿ ਇਥੋਂ ਸਿਰਫ਼ 100 ਗਜ ਦੂਰ ਲੀਗਲ ਕੱਟ ਵੀ ਮੌਜੂਦ ਹੈ | ਟ੍ਰੈਫਿਕ ਦੀ ਤੇਜ਼ ਰਫ਼ਤਾਰ ਦੇ ਬਾਵਜੂਦ ਇਨ੍ਹਾਂ ਗੈਰ-ਕਾਨੂੰਨੀ ਕੱਟਾਂ ਦੀ ਕੋਈ ਨਿਸ਼ਾਨਦੇਹੀ ਨਹੀਂ, ਉੱਪਰੋਂ ਮਾਰਗ 'ਤੇ ਹਨੇਰੇ ਕਾਰਨ ਹਾਦਸਿਆਂ ਦਾ ਖ਼ਤਰਾ ਹੋਰ ਵਧ ਗਿਆ ਹੈ | ਹੈਰਾਨੀ ਦੀ ਗੱਲ ਹੈ ਕਿ ਇਸ ਰਾਜ-ਪੱਧਰੀ ਮਾਰਗ ਤੋਂ ਰੋਜ਼ਾਨਾ ਗੁਜ਼ਰਦੇ ਸਿਆਸੀ ਆਗੂ, ਅਫ਼ਸਰ ਤੇ ਵਿਭਾਗੀ ਕਰਮਚਾਰੀ ਵੀ ਇਨ੍ਹਾਂ ਉਲੰਘਣਾਵਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ | ਪ੍ਰਸ਼ਾਸਨ ਦੀ ਇਹ ਚੁੱਪ ਕਈ ਸਵਾਲ ਖੜ੍ਹੇ ਕਰਦੀ ਹੈ ਕਿ, ਕੀ ਇਹ ਬੇਸੁਧੀ ਹੈ ਜਾਂ ਕਿਸੇ ਸਿਆਸੀ-ਵਪਾਰਕ ਮਿਲੀਭੁਗਤ ਦਾ ਨਤੀਜਾ ਹੈ? ਜੇ ਸਮੇਂ ਸਿਰ ਕਾਰਵਾਈ ਨਾ ਹੋਈ ਤਾਂ ਇਹ ਕੱਟ ਕਿਸੇ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ |

ਪਿਛਲੀ ਖ਼ਬਰ ਬਲਾਕ ਸੰਮਤੀ ਮਲੌਦ ਦੇ 15 ਜ਼ੋਨਾਂ ਤੋਂ 64 ਉਮੀਦਵਾਰਾਂ ਨੇ ਭਰੇ ਕਾਗ਼ਜ਼ ਅਗਲੀ ਖ਼ਬਰ ਜੂਨੀਅਰ ਇੰਜੀਨੀਅਰ ਐਸੋਸੀਏਸ਼ਨ ਦੀ ਚੋਣ, ਇੰਜੀਨੀਅਰ ਪਾਰੂਲ ਪਰਮਾਰ ਬਣੇ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।