ਮੋਰਿੰਡਾ, 4 ਦਸੰਬਰ (ਪਿ੍ਤਪਾਲ ਸਿੰਘ)-ਪੰਜਾਬ 'ਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਫੇਅਰ ਨਹੀਂ ਹੋ ਰਹੀ ਸਗੋਂ ਪੁਲਿਸ ਧੱਕੇਸ਼ਾਹੀ ਹੋ ਰਹੀ ਹੈ | ਪੰਜਾਬ ਵਿਚ ਜੰਗਲ ਦਾ ਰਾਜ ਹੈ ਤੇ ਲੋਕਤੰਤਰ ਨਾਂਅ ਦੀ ਕੋਈ ਚੀਜ਼ ਨਹੀਂ | ਇਹ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਇਥੇ ਜ਼ਿਲ੍ਹਾ ਪਰਿਸ਼ਦ ਦੀ ਚੋਣ ਲੜਨ ਜਾ ਰਹੇ ਯੂਥ ਕਾਂਗਰਸੀ ਆਗੂ ਤੇ ਮਾਰਕੀਟ ਕਮੇਟੀ ਮੋਰਿੰਡਾ ਦੇ ਸਾਬਕਾ ਚੇਅਰਮੈਨ ਗੁਰਵਿੰਦਰ ਸਿੰਘ ਕਕਰਾਲੀ ਵਲੋਂ ਆਪਣੇ ਨਾਮਜ਼ਦਗੀ ਪੱਤਰ ਭਰਨ ਲਈ ਭੇਜੇ ਜਾ ਰਹੇ ਕਾਫ਼ਲੇ ਨੂੰ ਰਵਾਨਾ ਕਰਨ ਤੋਂ ਪਹਿਲਾਂ ਇਕ ਪੈੱ੍ਰਸ ਕਾਨਫ਼ਰੰਸ ਦੌਰਾਨ ਕੀਤਾ | ਸ੍ਰੀ ਚੰਨੀ ਨੇ ਕਿਹਾ ਕਿ ਪਟਿਆਲਾ ਦੇ ਐਸ. ਐਸ. ਪੀ. ਦੀ ਲੀਕ ਹੋਈ ਆਡੀਓ ਨੇ ਪੁਲਿਸ ਧੱਕੇ ਬਾਰੇ ਸਭ ਕੁੱਝ ਸਪੱਸ਼ਟ ਕਰ ਦਿੱਤਾ ਹੈ | ਉਨ੍ਹਾਂ ਚੋਣ ਕਮਿਸ਼ਨਰ ਨੂੰ ਦਖ਼ਲ ਦੇਣ ਦੀ ਮੰਗ ਵੀ ਕੀਤੀ | ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵਿਰੋਧੀ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪੁਲਿਸ ਤੰਤਰ ਰਾਹੀਂ ਰੋਕਿਆ ਜਾ ਰਿਹਾ ਹੈ | ਇਸ ਮੌਕੇ ਸਾਬਕਾ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੇ ਉਮੀਦਵਾਰ ਗੁਰਵਿੰਦਰ ਸਿੰਘ ਕਕਰਾਲੀ ਪਹਿਲਾਂ ਵੀ ਮਾਰਕੀਟ ਕਮੇਟੀ ਮੋਰਿੰਡਾ ਦੇ ਚੇਅਰਮੈਨ ਵਜੋਂ ਲੋਕਾਂ ਦੀ ਸੇਵਾ ਕਰ ਚੁੱਕੇ ਹਨ | ਉਨ੍ਹਾਂ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਦਾਗ਼ ਨਹੀਂ ਅਤੇ ਕਕਰਾਲੀ ਲੋਕਾਂ ਦੀ ਨਿਸ਼ਕਾਮ ਸੇਵਾ ਕਰਦੇ ਆ ਰਹੇ ਹਨ | ਇਸ ਮੌਕੇ ਸਾਬਕਾ ਚੇਅਰਮੈਨ ਬੰਤ ਸਿੰਘ ਕਲਾਰਾਂ, ਹਰਜੋਤ ਸਿੰਘ ਢੰਗਰਾਲੀ, ਹਰਮਿੰਦਰ ਸਿੰਘ ਲੱਕੀ, ਬਲਾਕ ਪ੍ਰਧਾਨ ਦਰਸ਼ਨ ਸਿੰਘ ਸੰਧੂ, ਹਰਮਿੰਦਰ ਕੌਰ ਸੰਧੂ ਸਾਬਕਾ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ, ਮਿਲਕ ਪਲਾਂਟ ਮੋਹਾਲੀ ਦੇ ਡਾਇਰੈਕਟਰ ਬਲਜਿੰਦਰ ਸਿੰਘ ਧਾਲੀਵਾਲ, ਬਾਰਾ ਸਿੰਘ ਰੌਣੀ, ਸਾਬਕਾ ਸਰਪੰਚ ਭਗਵਾਨ ਦਾਸ, ਰਣਜੋਤ ਸਿੰਘ ਜੋਤੀ, ਸਾਬਕਾ ਸਰਪੰਚ ਮਨਪ੍ਰੀਤ ਸਿੰਘ ਮਾਵੀ, ਸਿਕੰਦਰ ਸਿੰਘ ਚਕਲਾਂ, ਸ਼ੇਰ ਸਿੰਘ ਕਕਰਾਲੀ, ਜੀਰਾ ਰਾਮ ਰਤਨਗੜ੍ਹ, ਮਨਪ੍ਰੀਤ ਸਿੰਘ ਗੋਗਾ, ਬਬਲਾ ਗੋਸਲਾਂ, ਇਕਬਾਲ ਸਿੰਘ ਸਾਲਾਪੁਰ, ਨਰਾਤਾ ਸਿੰਘ ਅਰਨੌਲੀ, ਨਵਤੇਜ ਸਿੰਘ ਤੇਜ਼ੀ ਸਾਬਕਾ ਸਰਪੰਚ ਸਹੇੜੀ ਅਤੇ ਸੁਰਜੀਤ ਸਿੰਘ ਆਦਿ ਵੀ ਹਾਜ਼ਰ ਸਨ |