ਚੰਡੀਗੜ੍ਹ, 3 ਦਸੰਬਰ (ਅਜੀਤ ਬਿਊਰੋ) ਨਵੀਂ ਦਿੱਲੀ ਵਿਚ ਸੰਵਿਧਾਨ ਦਿਵਸ ਸਮਾਗਮ ਮੌਕੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਿਤਾਬ ਦੇ ਲੇਖਣ ਲਈ ਭਾਰਤ ਦੇ ਚੀਫ਼ ਜਸਟਿਸ ਵਲੋਂ ਰਾਜ ਸੂਚਨਾ ਕਮਿਸ਼ਨਰ ਪੰਜਾਬ ਹਰਪ੍ਰੀਤ ਸੰਧੂ ਨੂੰ ਸਨਮਾਨ ਪੱਤਰ ਦਿੱਤਾ ਗਿਆ ਸੀ, ਜਿਸ ਲਈ ਮੁੱਖ ਸੂਚਨਾ ਕਮਿਸ਼ਨਰ ਇੰਦਰਪਾਲ ਸਿੰਘ ਧੰਨਾ ਅਤੇ ਪ੍ਰਸ਼ਾਸਕੀ ਸੁਧਾਰ ਦੇ ਵਧੀਕ ਮੁੱਖ ਸਕੱਤਰ ਡੀ.ਕੇ. ਤਿਵਾੜੀ (ਆਈ.ਏ.ਐਸ.) ਨੇ ਉਨ੍ਹਾਂ ਦੀ ਭਰਵੀਂ ਸ਼ਲਾਘਾ ਕੀਤੀ ਹੈ | ਇੰਦਰਪਾਲ ਸਿੰਘ ਧੰਨਾ ਨੇ ਕਿਹਾ ਕਿ ਹਰਪ੍ਰੀਤ ਸੰਧੂ ਦੀ ਇਹ ਅਹਿਮ ਪ੍ਰਾਪਤੀ ਹੈ ਅਤੇ ਇਹ ਪੰਜਾਬ ਰਾਜ ਸੂਚਨਾ ਕਮਿਸ਼ਨ ਲਈ ਵੱਡੇ ਮਾਣ ਵਾਲੀ ਗੱਲ ਹੈ | ਉਨ੍ਹਾਂ ਦੱਸਿਆ ਕਿ ਸ. ਸੰਧੂ ਵੱਲੋਂ ਪੰਜਾਬ ਦੇ ਅਮੀਰ ਸਿੱਖ ਵਿਰਸੇ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਗਏ ਅਣਥੱਕ ਯਤਨ ਸ਼ਲਾਘਾਯੋਗ ਹਨ |