13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਬਰਿੰਦਰ ਸਿੰਘ ਢਿੱਲੋਂ ਖ਼ਿਲਾਫ਼ ਦਲਿਤ ਸਮਾਜ ਨੇ ਖੋਲ੍ਹਿਆ ਮੋਰਚਾ, ਰੋਪੜ ’ਚ ਕਮੇਟੀ ਦਾ ਗਠਨ

ਰੂਪਨਗਰ, 12 ਨਵੰਬਰ (ਸਟਾਫ਼ ਰਿਪੋਰਟਰ)-ਕਾਂਗਰਸ ਦੇ ਰੂਪਨਗਰ ਹਲਕਾ ਇੰਚਾਰਜ ਬਰਿੰਦਰ ਸਿੰਘ ਢਿੱਲੋਂ ਖ਼ਿਲਾਫ਼ ਐੱਸ. ਸੀ.

ਅਜੀਤ ਡੈਸਕ 13-11-2026
ਰੂਪਨਗਰ, 12 ਨਵੰਬਰ (ਸਟਾਫ਼ ਰਿਪੋਰਟਰ)-ਕਾਂਗਰਸ ਦੇ ਰੂਪਨਗਰ ਹਲਕਾ ਇੰਚਾਰਜ ਬਰਿੰਦਰ ਸਿੰਘ ਢਿੱਲੋਂ ਖ਼ਿਲਾਫ਼ ਐੱਸ. ਸੀ. ਸਮਾਜ ਦੇ ਸੀਨੀਅਰ ਆਗੂ ਰਣਜੀਤ ਸਿੰਘ ਤਰਖਾਣ ਮਾਜਰਾ ਨਾਲ ਕਥਿਤ ਜਾਤੀ ਸੂਚਕ ਗਾਲ਼ੀ-ਗਲੋਚ ਤੇ ਕੁੱਟਮਾਰ ਦੇ ਮਾਮਲੇ ਨੂੰ ਲੈ ਕੇ ਦਲਿਤ ਸਮਾਜ ਦਾ ਰੋਸ ਤੇਜ਼ ਹੋ ਰਿਹਾ ਹੈ। ਇਸ ਸੰਬੰਧੀ ਡਾ. ਅੰਬੇਡਕਰ ਭਵਨ ਰੂਪਨਗਰ ਵਿਖੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਐਸ. ਸੀ. ਆਗੂਆਂ ਤੇ ਅੰਬੇਡਕਰ ਵਾਦੀ ਜਥੇਬੰਦੀਆਂ ਦੀ ਐਮਰਜੈਂਸੀ ਮੀਟਿੰਗ ਹੋਈ, ਜਿਸ ’ਚ ਸਰਬਸੰਮਤੀ ਨਾਲ ‘ਦਲਿਤ ਭਾਈਚਾਰੇ ’ਤੇ ਜ਼ੁਲਮ ਵਿਰੁੱਧ ਸਖ਼ਤ ਐਕਸ਼ਨ ਕਮੇਟੀ’ ਦਾ ਗਠਨ ਕੀਤਾ। ਮੀਟਿੰਗ ਵਿਚ ਅਕਾਲੀ ਦਲ, ਭਾਜਪਾ, ਬਸਪਾ, ਕਾਂਗਰਸ ਤੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਆਗੂਆਂ ਦੀ ਸ਼ਮੂਲੀਅਤ ਨੇ ਇਸ ਮਾਮਲੇ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਮਾਜਿਕ ਨਿਆਂ ਦੀ ਲੜਾਈ ਵਜੋਂ ਉਭਾਰਿਆ। ਐਕਸ਼ਨ ਕਮੇਟੀ ਨੇ ਮੰਗ ਕੀਤੀ ਕਿ ਚੰਡੀਗੜ੍ਹ ਪੁਲਿਸ ਵਲੋਂ ਦਰਜ ਕੀਤੇ ਪਰਚੇ ਵਿਚ ਐੱਸ. ਸੀ./ਐੱਸ. ਟੀ. ਐਕਟ ਦੀਆਂ ਸੰਬੰਧਿਤ ਧਾਰਾਵਾਂ ਤੁਰੰਤ ਸ਼ਾਮਿਲ ਕੀਤੀਆਂ ਜਾਣ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਮੀਟਿੰਗ ਦੌਰਾਨ ਪਿੰਡ ਭੱਟੋ, ਨੂਰਪੁਰ ਬੇਦੀ ਵਿਖੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਦਲਿਤ ਭਾਈਚਾਰੇ ਸਾਹਮਣੇ ਕਥਿਤ ਤੌਰ ’ਤੇ ਇਸ਼ਾਰੇ ਕਰਨ ਦੀ ਵੀ ਸਖ਼ਤ ਨਿੰਦਾ ਕੀਤੀ ਗਈ। ਕਮੇਟੀ ਅਨੁਸਾਰ ਇਹ ਘਟਨਾ ਵੀਡੀਓ ਵਿਚ ਰਿਕਾਰਡ ਹੋਈ ਹੈ। ਇਸ ਸੰਬੰਧੀ ਰੋਪੜ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਐਕਸ਼ਨ ਕਮੇਟੀ ਨੇ ਐਲਾਨ ਕੀਤਾ ਕਿ ਇਹ ਸੰਘਰਸ਼ ਕਿਸੇ ਇਕ ਸਿਆਸੀ ਪਾਰਟੀ ਦਾ ਨਹੀਂ, ਸਗੋਂ ਸਮੁੱਚੇ ਦਲਿਤ ਭਾਈਚਾਰੇ ਦੇ ਮਾਣ-ਸਨਮਾਨ ਤੇ ਸੰਵਿਧਾਨਕ ਹੱਕਾਂ ਦੀ ਲੜਾਈ ਹੈ। ਇਸ ਤਹਿਤ ਸ਼ਹਿਰਾਂ ਅਤੇ ਪਿੰਡਾਂ ਵਿਚ ਬੈਨਰ ਤੇ ਪੋਸਟਰ ਲਗਾਏ ਜਾਣਗੇ। ਪਿੰਡ ਭੱਟੋ ਸਮੇਤ ਸਮੁੱਚੇ ਹਲਕੇ ਵਿਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਐਕਸ਼ਨ ਕਮੇਟੀ ਵਿਚ ਸ਼ਾਮਿਲ ਆਗੂ : ਐਕਸ਼ਨ ਕਮੇਟੀ ਵਿਚ ਰਾਜਿੰਦਰ ਕੁਮਾਰ ਬਿੰਦੀ ਪੰਜਾਬ ਪ੍ਰਧਾਨ ਵਾਲਮੀਕਿ ਸਮਾਜ, ਭਾਈ ਗੁਰਚਰਨ ਸਿੰਘ ਖ਼ਾਲਸਾ ਸਾਬਕਾ ਜ਼ਿਲ੍ਹਾ ਪ੍ਰਧਾਨ ਬਸਪਾ, ਸ਼ਕਤੀ ਦਰਾਵੜ ਰਾਸ਼ਟਰੀ ਪ੍ਰਚਾਰ ਮੰਤਰੀ ਵਾਲਮੀਕਿ ਸਮਾਜ, ਸ਼ਿੰਗਾਰਾ ਸਿੰਘ ਭੈਣੀ, ਰੋਹਿਤ ਸੁਲਤਾਨ, ਸਰਪੰਚ ਹੈਪੀ ਭੱਟੋਆ ਆਜ਼ਮਪੁਰ, ਅਜੈ ਭੱਟੀ, ਪ੍ਰਧਾਨ ਨਗਰ ਕੌਂਸਲ ਕਰਮਚਾਰੀ ਯੂਨੀਅਨ, ਮੋਨੂ ਕੁਮਾਰ, ਜ਼ਿਲ੍ਹਾ ਚੇਅਰਮੈਨ ਭਾਵਾਧਸ, ਰਾਜ ਕੁਮਾਰ ਰਾਜੂ, ਜਨਰਲ ਸਕੱਤਰ ਭਾਜਪਾ ਐਸ. ਸੀ. ਸੈੱਲ, ਸਤੀਸ਼ ਕੁਮਾਰ ਡਿਮਾਂਨਾ, ਪ੍ਰਧਾਨ ਵਾਲਮੀਕਿ ਸਮਾਜ ਨੂਰਪੁਰ ਬੇਦੀ, ਕੇਵਲ ਕ੍ਰਿਸ਼ਨ ਹੈਪੀ, ਕਰਮ ਸਿੰਘ ਡੱਲਾ, ਪ੍ਰਧਾਨ ਐੱਸ. ਸੀ. ਸੈੱਲ ਕਾਂਗਰਸ, ਗਗਨਦੀਪ ਸਿੰਘ ਤੇ ਗੁਰਮੀਤ ਸਿੰਘ ਥਾਣਾ ਸ਼ਾਮਿਲ ਹਨ। ਇਸ ਮੌਕੇ ਜਗਦੀਪ ਸਿੰਘ, ਬਲਰਾਜ ਸਿੰਘ, ਮੋਨੂ ਤੇ ਰਾਜੇਸ਼ ਕੁਮਾਰ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸਿਹਤ ਵਿਭਾਗ ਦੀ ਟੀਮ ਨੇ ਵੱਖ-ਵੱਖ ਪਿੰਡਾਂ ਵਿਚ ਲਗਾਏ ਟੀਕਾਕਰਨ ਕੈਂਪ ਅਗਲੀ ਖ਼ਬਰ ਦੂਜੀ ਵਾਰ ਟਿਕਟ ਮਿਲਣ ’ਤੇ ਵਾਲਮੀਕਿ ਸਭਾ ਨੇ ਵਿਧਾਇਕ ਦਿਨੇਸ਼ ਚੱਢਾ ਦਾ ਕੀਤਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।