ਰੂਪਨਗਰ, 3 ਦਸੰਬਰ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ 2025 ਲਈ ਚੋਣ ਸਰਗਰਮੀਆਂ ਤਾਂ ਤੇਜ਼ ਹੋ ਗਈਆਂ ਹਨ ਪਰ ਉਮੀਦਵਾਰਾਂ ਨੇ ਅਜੇ ਨਾਮਜ਼ਦਗੀਆਂ ਦਾਖਲ ਕਰਨ ਵਿਚ ਸਰਗਰਮੀ ਨਹੀਂ ਫੜੀ | ਨਾਮਜ਼ਦਗੀਆਂ ਦਾਖਲ ਕਰਨ ਲਈ 4 ਦਸੰਬਰ ਆਖ਼ਰੀ ਦਿਨ ਹੈ | ਪਰ ਅਨੁਮਾਨ ਹੈ ਕਿ ਆਖ਼ਰੀ ਦਿਨ ਉਮੀਦਵਾਰ ਵੱਡੀ ਗਿਣਤੀ ਵਿਚ ਨਾਮਜ਼ਦਗੀਆਂ ਪੇਸ਼ ਕਰਨਗੇ | ਅੱਜ ਕਾਂਗਰਸ ਵਲੋਂ ਜ਼ਿਲ੍ਹਾ ਪ੍ਰੀਸ਼ਦ ਦੇ ਮੁੰਡੀਆਂ ਜੋਨ ਨੰਬਰ 10 ਤੋਂ ਐਲਾਨ ਕੀਤੀ ਗਈ ਉਮੀਦਵਾਰ ਰਣਵੀਰ ਕੌਰ ਮਾਵੀ (ਸੁਪਤਨੀ ਨਰਿੰਦਰ ਸਿੰਘ ਮਾਵੀ, ਸਾਬਕਾ ਚੇਅਰਮੈਨ ਬਲਾਕ ਸੰਮਤੀ ਰੂਪਨਗਰ) ਦੀ ਚੋਣ ਮੁਹਿੰਮ ਨੂੰ ਉਸ ਵੇਲੇ ਤੇਜ਼ੀ ਮਿਲੀ ਜਦੋਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਨਗਰ ਸੁਧਾਰ ਟਰੱਸਟ, ਬਲਾਕ ਸਮਿਤੀ ਰੂਪਨਗਰ ਦੇ ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਵਿਸਕੀ ਦੀ ਅਗਵਾਈ ਹੇਠ ਪਿੰਡਾਂ ਦੇ ਦੌਰੇ ਕੀਤੇ ਗਏ | ਵਿਸਕੀ ਅਤੇ ਪਰਿਵਾਰ ਦਾ ਇਸ ਇਲਾਕੇ ਵਿਚ ਚੰਗਾ ਆਧਾਰ ਹੈ ਅਤੇ ਲੋਕਾਂ ਨਾਲ ਚੰਗਾ ਰਾਬਤਾ ਵੀ ਸਥਾਪਿਤ ਕੀਤਾ ਹੋਇਆ ਹੈ | ਚੋਣ ਪ੍ਰਚਾਰ ਦੌਰਾਨ ਕਾਂਗਰਸ ਟੀਮ ਨੇ ਪਿੰਡ ਕੋਟਲਾ ਨਿਹੰਗ, ਫੂਲਪੁਰ, ਗਰੇਵਾਲ, ਮਾਜਰੀ ਜੱਟਾਂ, ਸਿੰਬਲ, ਝੱਲੀਆਂ, ਭੱਕੂ ਮਾਜਰਾ ਆਦਿ ਵਿਚ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕੀਤਾ ਅਤੇ ਉਮੀਦਵਾਰ ਦੇ ਹੱਕ ਵਿਚ ਸਮਰਥਨ ਮੰਗਿਆ | ਸੁਖਵਿੰਦਰ ਸਿੰਘ ਵਿਸਕੀ ਨੇ ਕਿਹਾ ਕਿ ਰਣਵੀਰ ਕੌਰ ਮਾਵੀ ਨੂੰ ਜੋਨ ਨੰਬਰ 10 ਤੋਂ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ ਅਤੇ ਲੋਕਾਂ ਦੇ ਰੁਝਾਨ ਨੂੰ ਦੇਖਦਿਆਂ ਇਹ ਸਪਸ਼ਟ ਹੈ ਕਿ ਉਹ ਵੱਡੀ ਲੀਡ ਨਾਲ ਜਿੱਤ ਦਰਜ ਕਰਨਗੇ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪਿੰਡ ਪੱਧਰ 'ਤੇ ਮਜ਼ਬੂਤ ਹੈ ਅਤੇ ਲੋਕ ਵਿਲਾਸਕਾਰੀ ਸੋਚ ਨੂੰ ਤਰਜੀਹ ਦੇ ਰਹੇ ਹਨ | ਇਸ ਮੌਕੇ ਮੇਵਾ ਸਿੰਘ ਗਿੱਲ (ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਰੂਪਨਗਰ), ਸਰਬਜੀਤ ਸਿੰਘ ਚੈੜੀਆਂ, ਜਸਵੰਤ ਸਿੰਘ ਬਾਵਾ, ਫ਼ਤਿਹ ਜੰਗ ਸਿੰਘ ਸੋਲਖੀਆਂ ਅਤੇ ਹੋਰ ਆਗੂ ਵੀ ਮੌਜੂਦ ਸਨ | ਚੋਣੀ ਗਤੀਵਿਧੀਆਂ ਦੇ ਵਧਣ ਨਾਲ ਉਮੀਦ ਕੀਤੀ ਜਾ ਰਹੀ ਹੈ ਕਿ ਅਗਲੇ ਦੋ ਦਿਨਾਂ ਵਿਚ ਚੋਣ ਪ੍ਰਚਾਰ ਹੋਰ ਤੇਜ਼ੀ ਫੜੇਗਾ ਅਤੇ ਨਾਮਜ਼ਦਗੀਆਂ ਦੀ ਗਿਣਤੀ ਵਿਚ ਵੀ ਵਾਧਾ ਹੋਵੇਗਾ |