ਮੋਰਿੰਡਾ, 3 ਦਸੰਬਰ (ਤਰਲੋਚਨ ਸਿੰਘ ਕੰਗ)-ਜ਼ਿਲ੍ਹਾ ਰੂਪਨਗਰ ਦੇ ਐੱਸ.ਐੱਸ.ਪੀ. ਗੁਰਮੀਤ ਸਿੰਘ ਖੁਰਾਣਾ ਦੀ ਅਗਵਾਈ ਹੇਠ ਮੋਰਿੰਡਾ ਦੇ ਡੀ.ਐੱਸ.ਪੀ. ਗੁਰਜੀਤ ਸਿੰਘ ਦੀ ਦੇਖ-ਰੇਖ ਹੇਠ ਮੋਰਿੰਡਾ ਸਦਰ ਪੁਲਿਸ ਨੇ ਇੰਸਪੈਕਟਰ ਰਣਜੀਤ ਸਿੰਘ ਦੀ ਅਗਵਾਈ ਹੇਠ ਚਾਰ ਨੌਜਵਾਨਾਂ ਨੂੰ ਕਾਬੂ ਕਰਕੇ ਉਨਾਂ ਕੋਲੋਂ 1.446 ਕਿੱਲੋਗਰਾਮ ਹੀਰੋਇਨ ਅਤੇ ਡੇਢ ਲੱਖ ਰੁਪਏ ਤੋਂ ਵੱਧ ਡਰੱਗ ਮਨੀ ਬਰਾਮਦ ਕਰ ਲਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਰਣਜੀਤ ਸਿੰਘ ਐੱਸ.ਐੱਚ.ਓ. ਮੋਰਿੰਡਾ ਸਦਰ ਨੇ ਦੱਸਿਆ ਕਿ ਏ.ਐੱਸ.ਆਈ. ਸ਼ਿੰਦਰਪਾਲ ਸਿੰਘ ਇੰਚਾਰਜ ਪੁਲਿਸ ਚੌਂਕੀ ਲੁਠੇੜੀ ਵਲੋਂ ਏ.ਐੱਸ.ਆਈ. ਕਸ਼ਮੀਰ ਸਿੰਘ ਤੇ ਹੈੱਡ ਕਾਂਸਟੇਬਲ ਯੁਵਰਾਜ ਸ਼ਰਮਾ ਦੀ ਪੁਲਿਸ ਪਾਰਟੀ ਸਮੇਤ ਮੋਰਿੰਡਾ-ਸ੍ਰੀ ਚਮਕੌਰ ਸਾਹਿਬ ਰੋਡ ਤੇ ਨਾਕਾਬੰਦੀ ਕਰਕੇ ਗਸ਼ਤ ਕੀਤੀ ਜਾ ਰਹੀ ਸੀ | ਇਸ ਦੌਰਾਨ ਇੱਕ ਅਸਥਾਈ ਨੰਬਰ ਟੀ 1025 ਐੱਚ.ਆਰ. 6182 ਸੀ.ਐੱਮ. ਵਾਲੀ ਥਾਰ ਗੱਡੀ ਦੀ ਜਦੋਂ ਚੈਕਿੰਗ ਕੀਤੀ ਗਈ ਤਾਂ ਉਨ੍ਹਾਂ ਕੋਲੋਂ 1.446 ਕਿੱਲੋਗਰਾਮ ਹੈਰੋਇਨ ਅਤੇ 169500 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ | ਮੋਰਿੰਡਾ ਪੁਲਿਸ ਨੇ ਅਜੀਤ ਸਿੰਘ ਹੈਪੀ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਹਬੀਬ ਵਾਲਾ (ਫਿਰੋਜ਼ਪੁਰ), ਬਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਚੱਕ ਰਾਈਆਂ ਵਾਲਾ (ਫਾਜਿਲਕਾ), ਰਾਹੁਲ ਸਿੰਘ ਪੁੱਤਰ ਭਜਨ ਸਿੰਘ ਵਾਸੀ ਚੱਕ ਰਾਈਆਂ (ਫਾਜਿਲਕਾ) ਅਤੇ ਲਵਪ੍ਰੀਤ ਸਿੰਘ ਲਵਲੀ ਪੁੱਤਰ ਗੁਰਮੀਤ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |