16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਨਗਰ ਨਿਗਮ ਚੰਡੀਗੜ੍ਹ ਵਲੋਂ ਘਰ-ਘਰ ਕੂੜਾ ਇਕੱਠਾ ਕਰਨ ਸੰਬੰਧੀ ਨਵੇਂ ਐੱਮ. ਓ. ਯੂ. 'ਤੇ ਹਸਤਾਖ਼ਰ <br/>

ਅਜੀਤ ਡੈਸਕ 04-12-2025
ਚੰਡੀਗੜ੍ਹ, 3 ਦਸੰਬਰ (ਸੰਦੀਪ ਕੁਮਾਰ ਮਾਹਨਾ)-ਨਗਰ ਨਿਗਮ ਚੰਡੀਗੜ੍ਹ ਨੇ ਘਰ-ਘਰ ਕੂੜਾ ਇਕੱਠਾ ਕਰਨ ਵਾਲੇ 926 ਸਫ਼ਾਈ ਮਿੱਤਰਾਂ ਨਾਲ ਨਵੇਂ ਸਮਝੌਤਾ ਪੱਤਰ (ਐੱਮ.ਓ.ਯੂ) 'ਤੇ ਹਸਤਾਖ਼ਰ ਕਰਕੇ ਸ਼ਹਿਰ ਦੀ ਸਫ਼ਾਈ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਦਿਆਂ ਇਕ ਮਹੱਤਵਪੂਰਨ ਕਦਮ ਚੁੱਕਿਆ ਹੈ | ਇਸ ਮੌਕੇ ਮੇਅਰ ਹਰਪ੍ਰੀਤ ਕੌਰ ਬਬਲਾ ਵਲੋਂ ਸਾਰੇ ਕੂੜਾ ਇਕੱਠਾ ਕਰਨ ਵਾਲਿਆਂ ਨੂੰ ਸੈਨੀਟੇਸ਼ਨ ਕਿੱਟਾਂ ਵੀ ਵੰਡੀਆਂ ਗਈਆਂ | ਇਹ ਸਮਾਰੋਹ ਮੇਅਰ ਹਰਪ੍ਰੀਤ ਕੌਰ ਬਬਲਾ, ਨਿਗਮ ਕਮਿਸ਼ਨਰ ਅਮਿਤ ਕੁਮਾਰ, ਵਿਸ਼ੇਸ਼ ਕਮਿਸ਼ਨਰ ਪ੍ਰਦੀਪ ਕੁਮਾਰ, ਸੈਨੀਟੇਸ਼ਨ ਕਮੇਟੀ ਦੇ ਚੇਅਰਮੈਨ ਤੇ ਕੌਂਸਲਰ ਮਨੋਜ ਸੋਨਕਰ, ਇਲਾਕਾ ਕੌਂਸਲਰ ਯੋਗੇਸ਼ ਢੀਂਗਰਾ, ਡਾ. ਇੰਦਰਦੀਪ ਕੌਰ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੌਜੂਦਗੀ ਵਿਚ ਹੋਇਆ |
ਸ਼ਹਿਰ ਦੀ ਸਫ਼ਾਈ ਮਿੱਤਰਾਂ ਦੀ ਮਿਹਨਤ ਦਾ ਨਤੀਜਾ- ਮੇਅਰ
ਸਮਾਗਮ ਦੌਰਾਨ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਕਿਹਾ ਕਿ ਚੰਡੀਗੜ੍ਹ ਸ਼ਹਿਰ ਸੁੰਦਰ ਇਸ ਲਈ ਹੈ ਕਿਉਂਕਿ ਸਫ਼ਾਈ ਮਿੱਤਰ ਹਰ ਰੋਜ਼ ਆਪਣਾ ਫ਼ਰਜ਼ ਨਿਭਾਉਂਦੇ ਹਨ | ਉਨ੍ਹਾਂ ਦੱਸਿਆ ਕਿ 'ਸਵੱਛ ਭਾਰਤ ਮਿਸ਼ਨ' ਤੋਂ ਬਾਅਦ ਵੱਖਰੇ ਕੂੜੇ ਦੀ ਇਕੱਤਰਤਾ ਨੇ ਚੰਡੀਗੜ੍ਹ ਨੂੰ ਜ਼ੀਰੋ-ਲੈਂਡਫ਼ਿਲ ਮਾਡਲ ਵੱਲ ਲੈ ਕੇ ਜਾਣ ਵਿਚ ਅਹਿਮ ਭੂਮਿਕਾ ਨਿਭਾਈ ਹੈ | ਮੇਅਰ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਹਾਲ ਹੀ 'ਚ ਨਗਰ ਨਿਗਮ ਨੇ ਸਾਰੇ ਸਫ਼ਾਈ ਮਿੱਤਰਾਂ ਨੂੰ ਗੁੜ, ਤੇਲ, ਸਾਬਣ ਅਤੇ ਬਕਾਇਆ ਭੁਗਤਾਨ ਜਾਰੀ ਕੀਤੇ ਹਨ |
ਸਮਝੌਤੇ ਨਾਲ ਸਿਸਟਮ ਬਣੇਗਾ ਪਾਰਦਰਸ਼ੀ ਤੇ ਟਿਕਾਊ- ਕਮਿਸ਼ਨਰ ਅਮਿਤ ਕੁਮਾਰ
ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਨਵੇਂ 'ਐੱਮ.ਓ.ਯੂ' ਨੂੰ ਸਹਿਯੋਗੀ ਯਤਨਾਂ ਦਾ ਨਤੀਜਾ ਦੱਸਦਿਆਂ ਕਿਹਾ ਕਿ ਇਸ ਨਾਲ ਸੇਵਾ ਪ੍ਰਦਾਨ ਕਰਨ ਦੀ ਪ੍ਰਕਿਰਿਆ ਪਾਕੀ ਅਤੇ ਪਾਰਦਰਸ਼ੀ ਹੋਵੇਗੀ | ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਦੇਸ਼ ਦੇ ਸਭ ਤੋਂ ਸਾਫ਼ ਸ਼ਹਿਰਾਂ 'ਚ ਰੱਖਣ ਲਈ ਸੈਨੀਟੇਸ਼ਨ ਢਾਂਚੇ, ਸਮਰੱਥਾ ਨਿਰਮਾਣ ਅਤੇ ਨਿਗਰਾਨੀ 'ਤੇ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ | ਵਿਸ਼ੇਸ਼ ਕਮਿਸ਼ਨਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਨਵਾਂ ਸਮਝੌਤਾ ਸਫ਼ਾਈ ਸਾਥੀਆਂ ਲਈ ਰਸਮੀ ਮਾਨਤਾ, ਸੁਰੱਖਿਆ ਤੇ ਜਵਾਬਦੇਹੀ ਨੂੰ ਯਕੀਨੀ ਬਣਾਉਂਦਾ ਹੈ | ਉਨ੍ਹਾਂ ਸਾਰੇ ਵਿਭਾਗਾਂ ਦੇ ਸਹਿਯੋਗੀ ਯਤਨਾਂ ਦੀ ਸਰਾਹਨਾ ਕੀਤੀ | ਕਮੇਟੀ ਚੇਅਰਮੈਨ ਮਨੋਜ ਸੋਨਕਰ ਨੇ ਕਿਹਾ ਕਿ ਕਮੇਟੀ ਨੇ ਕਈ ਮੀਟਿੰਗਾਂ ਰਾਹੀਂ ਲੰਬੇ ਸਮੇਂ ਤੋਂ ਲਟਕ ਰਹੇ ਮੁੱਦੇ ਹੱਲ ਕੀਤੇ ਹਨ | ਉਨ੍ਹਾਂ ਕਿਹਾ ਸਫ਼ਾਈ ਮਿੱਤਰਾ ਦੀ ਵਚਨਬੱਧਤਾ ਕਾਰਨ ਹੀ ਚੰਡੀਗੜ੍ਹ ਦੀ ਸਫ਼ਾਈ ਬੈਂਕਿੰਗ ਵਧਦੀ ਰਹੀ ਹੈ | ਇਲਾਕਾ ਕੌਂਸਲਰ ਯੋਗੇਸ਼ ਢੀਂਗਰਾ ਨੇ ਮੇਅਰ, ਅਧਿਕਾਰੀਆਂ ਅਤੇ ਸਫ਼ਾਈ ਮਿੱਤਰਾਂ ਦਾ ਸਾਂਝੇ ਯਤਨਾਂ ਲਈ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਸਮਝੌਤਾ ਸਮੂਹਿਕ ਸਹਿਯੋਗ ਦਾ ਨਤੀਜਾ ਹੈ |

ਪਿਛਲੀ ਖ਼ਬਰ ਕੇਂਦਰ ਦੇ ਪ੍ਰੋਗਰਾਮ, 'ਪਰੰਪਰਾ' ਵਿਚ ਕੱਥਕ ਨਾਚ ਅਤੇ ਗਿਟਾਰ ਵਾਦਨ ਦੀ ਪੇਸ਼ਕਾਰੀ ਸਰੋਤਿਆਂ ਨੇ ਮਾਣੀ ਅਗਲੀ ਖ਼ਬਰ ਪੈਦਲ ਜਾ ਰਹੇ ਵਿਅਕਤੀ ਨੂੰ ਵਾਹਨ ਨੇ ਦਰੜਿਆ, ਮੌਕੇ 'ਤੇ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।