ਲੁਧਿਆਣਾ, 8 ਦਸੰਬਰ (ਡਾ. ਤਰਲੋਚਨ ਸਿੰਘ)-ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਅਹੁਦੇਦਾਰਾਂ, ਪ੍ਰਬੰਧਕੀ ਬੋਰਡ ਦੇ ਮੈਂਬਰਾਂ ਅਤੇ ਸਮੂਹ ਮੈਂਬਰਾਂ ਵਲੋਂ ਪੰਜਾਬੀ ਕਵੀ ਤੇ ਚਿੱਤਰਕਾਰ ਦੇਵ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਵਿਟਜਰਲੈਂਡ ਵਸਦੇ ਦੇਵ ਦੀ ਚਿੱਤਰਕਾਰੀ ਤੇ ਕਾਵਿ ਸਿਰਜਣ ਵਿਚ ਅੰਤਰਰਾਸ਼ਟਰੀ ਪਛਾਣ ਸੀ | ਉਨ੍ਹਾਂ ਦੇ ਸਦੀਵੀ ਵਿਛੋੜੇ ਨਾਲ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ | ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਨੇ ਕਿਹਾ ਕਿ ਦੇਵ ਇਕ ਬੜਾ ਸੂਖ਼ਮ ਸੁਹਜ ਵਾਲਾ ਕਵੀ ਤੇ ਚਿੱਤਰਕਾਰ ਸੀ ਜਿਸ ਦੀ ਰਚਨਾ ਸਾਨੂੰ ਹਮੇਸ਼ਾ ਪ੍ਰੇਰਨਾ ਦਿੰਦੀ ਰਹੇਗੀ | ਜਨਰਲ ਸਕੱਤਰ ਡਾ. ਗੁਲਜ਼ਾਰ ਪੰਧੇਰ ਨੇ ਕਿਹਾ ਕਿ ਦੇਵ ਮੁੱਢਲੇ ਸਫ਼ਰ ਵਿਚ ਲਗਪਗ ਪੰਦਰਾਂ ਸਾਲ ਲੁਧਿਆਣੇ ਰਹੇ ਅਤੇ ਉਨ੍ਹਾਂ ਦੀ ਪਹਿਲੀ ਕਾਵਿ ਪੁਸਤਕ 'ਵਿਦਰੋਹ' ਲੁਧਿਆਣੇ ਰਹਿੰਦਿਆਂ ਹੀ ਪ੍ਰਕਾਸ਼ਿਤ ਹੋਈ | ਉਨ੍ਹਾਂ ਨੂੰ ਭਾਰਤੀ ਸਾਹਿਤ ਅਕਾਦਮੀ ਵਲੋਂ 2001 'ਚ ਸਨਮਾਨਿਆ ਗਿਆ ਸੀ | ਉਨ੍ਹਾਂ ਨੇ 'ਵਿਦਰੋਹ, ਦੂਸਰੇ ਕਿਨਾਰੇ ਦੀ ਤਲਾਸ਼, ਮਤਾਬੀ ਮਿੱਟੀ, ਪ੍ਰਸ਼ਨ ਤੇ ਪਰਵਾਸ, ਸ਼ਬਦਾਂਤ, ਹੁਣ ਤੋਂ ਪਹਿਲਾਂ, ਉੱਤਰਾਇਣ ਤੇ ਤਿਕੋਨਾ ਸਫ਼ਰ' ਦੀ ਰਚਨਾ ਕੀਤੀ | ਹੋਰਨਾਂ ਤੋਂ ਇਲਾਵਾ ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਡਾ. ਸੁਖਦੇਵ ਸਿਰਸਾ, ਪ੍ਰੋ. ਗੁਰਭਜਨ ਗਿੱਲ, ਪ੍ਰੋ. ਰਵਿੰਦਰ ਭੱਠਲ, ਡਾ. ਲਖਵਿੰਦਰ ਜੌਹਲ, ਡਾ. ਅਨੂਪ ਸਿੰਘ, ਸੁਰਿੰਦਰ ਕੈਲੇ, ਡਾ. ਜੋਗਿੰਦਰ ਨਿਰਾਲਾ, ਬਲਬੀਰ ਮਾਧੋਪੁਰੀ, ਡਾ. ਗੁਰਇਕਬਾਲ ਸਿੰਘ, ਡਾ. ਅਰਵਿੰਦਰ ਕੌਰ ਕਾਕੜਾ, ਡਾ. ਗੁਰਚਰਨ ਕੌਰ ਕੋਚਰ, ਡਾ. ਹਰਵਿੰਦਰ ਸਿੰਘ, ਤ੍ਰੈਲੋਚਨ ਲੋਚੀ, ਜਸਪਾਲ ਮਾਨਖੇੜਾ, ਜਨਮੇਜਾ ਜੌਹਲ, ਜਸਵੀਰ ਝੱਜ, ਡਾ. ਹਰੀ ਸਿੰਘ ਜਾਚਕ, ਸਹਿਜਪ੍ਰੀਤ ਮਾਂਗਟ, ਸ਼ਬਦੀਸ਼, ਸੰਜੀਵਨ ਸਿੰਘ, ਨਰਿੰਦਰਪਾਲ ਕੌਰ, ਵਾਹਿਦ (ਸਤਿਨਾਮ ਸਿੰਘ), ਸੰਤੋਖ ਸਿੰਘ ਸੁੱਖੀ, ਡਾ. ਹਰਜਿੰਦਰ ਸਿੰਘ, ਕੰਵਰਜੀਤ ਭੱਠਲ, ਪ੍ਰੋ. ਸਰਘੀ, ਪ੍ਰੇਮ ਸਾਹਿਲ, ਪ੍ਰੋ. ਬਲਵਿੰਦਰ ਸਿੰਘ ਚਹਿਲ, ਕਰਮਜੀਤ ਗਰੇਵਾਲ ਅਤੇ ਵਰਗਿਸ ਸਲਾਮਤ ਸਮੇਤ ਸਮੂਹ ਮੈਂਬਰ ਸ਼ਾਮਲ ਹਨ |