ਲੁਧਿਆਣਾ, 8 ਦਸੰਬਰ (ਆਹੂਜਾ)- ਥਾਣਾ ਟਿੱਬਾ ਦੇ ਘੇਰੇ ਅੰਦਰ ਪੈਂਦੇ ਇਲਾਕੇ ਰਮੇਸ਼ ਨਗਰ ਵਿੱਚ ਅੱਜ ਦੇਰ ਰਾਤ ਇਕ ਪੰਜ ਸਾਲ ਦੀ ਬੱਚੀ ਨੂੰ ਅਗਵਾ ਕਰਕੇ ਲਿਜਾ ਰਹੇ ਨੌਜਵਾਨ ਨੂੰ ਲੋਕਾਂ ਨੇ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਹੈ ਰਮੇਸ਼ ਨਗਰ ਦੇ ਰਹਿਣ ਵਾਲੇ ਰੋਹਿਤ ਵਰਮਾ ਨੇ ਦੱਸਿਆ ਕਿ ਉਹ ਸੋਮਵਾਰ ਰਾਤ ਆਪਣੇ ਘਰ ਦੇ ਬਾਹਰ ਘੁੰਮ ਰਿਹਾ ਸੀ | ਉਸਨੇ ਇਕ ਅਣਪਛਾਤੇ ਵਿਅਕਤੀ ਨੂੰ ਉਸਦੀ ਗਲੀ ਵਿਚੋਂ ਇਕ ਬੱਚੀ ਨੂੰ ਅਗਵਾ ਕਰਕੇ ਲਿਜਾਂਦੇ ਦੇਖਿਆ | ਜਦੋਂ ਉਸ ਨੇ ਨੌਜਵਾਨ ਤੋਂ ਪੁੱਛਗਿੱਛ ਕੀਤੀ ਤਾਂ ਦੋਸ਼ੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਰੌਲੇ ਦੀ ਆਵਾਜ਼ ਸੁਣ ਕੇ ਲੋਕ ਇਕੱਠੇ ਹੋ ਗਏ ਅਤੇ ਉਹਨਾਂ ਨੇ ਭੱਜੇ ਜਾ ਰਹੇ ਉਕਤ ਕਥਿਤ ਦੋਸ਼ੀ ਨੂੰ ਕਾਬੂ ਕਰ ਲਿਆ | ਸੂਚਨਾ ਮਿਲਦੇ ਪੁਲਿਸ ਮੁਲਾਜ਼ਮ ਵੀ ਮੌਕੇ 'ਤੇ ਪਹੁੰਚੇ | ਪੁਲਿਸ ਵੱਲੋਂ ਉਕਤ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਹੈ | ਲੋਕਾਂ ਨੇ ਦੱਸਿਆ ਕਿ ਲੜਕੀ ਦਾ ਪਿਤਾ ਵਿਦੇਸ਼ ਵਿੱਚ ਰਹਿੰਦਾ ਹੈ ਅਤੇ ਉਹ ਆਪਣੀ ਮਾਂ ਨਾਲ ਰਮੇਸ਼ ਨਗਰ ਵਿਚ ਰਹਿੰਦੀ ਹੈ | ਉਨ੍ਹਾਂ ਕਿਹਾ ਕਿ ਲੜਕੀ ਘਰ ਦੇ ਬਾਹਰ ਗਲੀ ਵਿੱਚ ਖੇਡ ਰਹੀ ਸੀ ਜਦੋਂ ਕਿ ਉਸ ਦਾ ਬਾਕੀ ਪਰਿਵਾਰ ਅੰਦਰ ਸੀ | ਪੀਸੀਆਰ ਕਰਮਚਾਰੀ ਏਐਸਆਈ ਕਮਲ ਕੁਮਾਰ ਨੇ ਕਿਹਾ ਕਿ ਦੋਸ਼ੀ ਨੂੰ ਟਿੱਬਾ ਥਾਣੇ ਲਿਜਾਇਆ ਗਿਆ ਹੈ ਪਲੀਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |