ਲੁਧਿਆਣਾ, 8 ਦਸੰਬਰ (ਭੁਪਿੰਦਰ ਸਿੰਘ ਬੈਂਸ)-ਸਿਵਲ ਹਸਪਤਾਲ ਵਿਚ ਸੁਰੱਖਿਆ ਪ੍ਰਬੰਧਾਂ ਦੀਆਂ ਖ਼ਾਮੀਆਂ ਇਕ ਵਾਰ ਫਿਰ ਸਾਹਮਣੇ ਆਈਆਂ ਹਨ | ਜਦੋਂ ਬਲੱਡ ਬੈਂਕ ਦੇ ਪਿੱਛੇ ਕੂੜੇ ਦੇ ਢੇਰ ਵਿਚ ਅੱਜ ਦੁਬਾਰਾ ਅੱਗ ਲੱਗ ਗਈ | ਹੈਰਾਨੀ ਦੀ ਗੱਲ ਹੈ ਕਿ ਕੁੱਝ ਦਿਨ ਪਹਿਲਾਂ ਵੀ ਇਸੇ ਥਾਂ 'ਤੇ ਅੱਗ ਲੱਗੀ ਸੀ, ਪਰ ਹਸਪਤਾਲ ਪ੍ਰਸ਼ਾਸਨ ਵਲੋਂ ਕੋਈ ਢੰਗ ਦਾ ਕਦਮ ਨਹੀਂ ਚੁੱਕਿਆ, ਜਿਸ ਕਰਕੇ ਪ੍ਰਬੰਧਕਾਂ ਦੀ ਬੇਪਰਵਾਹੀ 'ਤੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ | ਅੱਜ ਜਦੋਂ ਇਕ ਕਰਮਚਾਰੀ ਨੇ ਕੂੜੇ ਨੰੂ ਸੜਦਾ ਦੇਖਿਆ ਤਾਂ ਉਸਨੇ ਤੁਰੰਤ ਸਟਾਫ਼ ਨੰੂ ਸੂਚਿਤ ਕੀਤਾ | ਇਸਤੋਂ ਬਾਅਦ ਫਾਇਰ ਬਿ੍ਗੇਡ ਨੰੂ ਜਾਣਕਾਰੀ ਦਿੱਤੀ ਗਈ | ਅੱਗ ਦੇ ਤੁਰੰਤ ਭਖਣ ਨਾਲ ਹਸਪਤਾਲ ਦੇ ਵਿਹੜੇ ਵਿਚ ਕੁੱਝ ਸਮੇਂ ਲਈ ਭਗਦੜ ਦਾ ਮਾਹੌਲ ਬਣ ਗਿਆ | ਹਾਲਾਂਕਿ ਫਾਇਰ ਬਿ੍ਗੇਡ ਨੇ ਮੌਕੇ 'ਤੇ ਪੁੱਜ ਕੇ ਸਮੇਂ ਸਿਰ ਅੱਗ 'ਤੇ ਕਾਬੂ ਪਾ ਲਿਆ | ਹਸਪਤਾਲ ਪ੍ਰਬੰਧਕਾਂ ਵਲੋਂ ਅਜੇ ਤਕ ਅੱਗ ਦੇ ਸਟੀਕ ਕਾਰਨ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ, ਪਰ ਪਹਿਲੀ ਨਜ਼ਰ ਵਿਚ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਕਿਸੇ ਸਿਗਰਟ ਜਾਂ ਬੀੜੀ ਪੀਣ ਵਾਲੇ ਵਲੋਂ ਸੁੱਟੀ ਤੀਲੀ ਕਾਰਨ ਇਹ ਅੱਗ ਭੜਕ ਸਕਦੀ ਹੈ | ਇਹ ਗੱਲ ਚਿੰਤਾਜਨਕ ਹੈ ਕਿ ਸਿਹਤ ਸੇਵਾ ਨਾਲ ਜੁੜੇ ਇੰਨੇ ਮਹੱਤਵਪੂਰਨ ਸਥਾਨ 'ਤੇ ਇਸ ਤਰ੍ਹਾਂ ਦੀਆਂ ਲਗਾਤਾਰ ਘਟਨਾਵਾਂ ਵਾਪਰ ਰਹੀਆਂ ਹਨ ਤੇ ਪ੍ਰਬੰਧਕਾਂ ਵਲੋਂ ਹਾਲਾਤ ਸੁਧਾਰਨ ਲਈ ਕੋਈ ਸਖ਼ਤ ਕਾਰਵਾਈ ਨਹੀਂ ਦਿੱਖ ਰਹੀ | ਲੋਕਾਂ ਤੇ ਮਰੀਜ਼ਾਂ ਦੇ ਪਰਿਵਾਰਾਂ ਨੇ ਚਿੰਤਾ ਜਤਾਈ ਹੈ ਕਿ ਜੇਕਰ ਹਸਪਤਾਲ ਵਿਚ ਹੀ ਸੁਰੱਖਿਆ ਪ੍ਰਬੰਧ ਲਾਪਰਵਾਹੀ ਦਾ ਸ਼ਿਕਾਰ ਹਨ ਤਾਂ ਮਰੀਜ਼ਾਂ ਦੀ ਸੁਰੱਖਿਆ ਕਿਵੇਂ ਯਕੀਨੀ ਬਣੇਗੀ | ਹੁਣ ਨਜ਼ਰ ਇਸ ਗੱਲ 'ਤੇ ਹੈ ਕਿ ਕੀ ਪ੍ਰਬੰਧਕ ਇਸ ਦੁਬਾਰਾ ਵਾਪਰੀ ਅੱਗ ਦੀ ਘਟਨਾ ਤੋ ਬਾਅਦ ਕੋਈ ਪੱਕੇ, ਢੰਗ ਦੇ ਤੇ ਪ੍ਰਭਾਵਸ਼ਾਲੀ ਕਦਮ ਚੁੱਕੇਗਾ ਜਾ ਫਿਰ ਇਹ ਲਾਪਰਵਾਹੀ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ |