23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਸੰਤ ਸੀਚੇਵਾਲ ਵਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਾਲ ਲੈ ਕੇ ਬੁੱਢੇ ਦਰਿਆ ਦਾ ਕੀਤਾ ਦੌਰਾ <br/>

ਅਜੀਤ ਡੈਸਕ 05-12-2025

ਲੁਧਿਆਣਾ, 4 ਦਸੰਬਰ (ਜਤਿੰਦਰ ਭੰਬੀ)-ਬੁੱਢੇ ਦਰਿਆ ਦੇ ਪਾਣੀ ਵਿਚ ਵੱਡੇ ਸੁਧਾਰ ਹੋਣ ਦਾ ਦਾਅਵਾ ਕਰਦਿਆਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਪਹਿਲਾਂ ਦੇ ਮੁਕਾਬਲੇ ਦਰਿਆ ਵਿਚ ਬਦਬੂ ਵੀ ਘੱਟ ਹੋਈ ਹੈ | ਹੈਬੋਵਾਲ ਜਿੱਥੇ ਪਹਿਲਾਂ ਬੁੱਢੇ ਦਰਿਆ ਦੇ ਪਾਣੀ ਦਾ ਟੀ.ਡੀ.ਐਸ. ਦੋ ਹਜ਼ਾਰ ਤੋਂ ਵੱਧ ਆਉਂਦਾ ਹੁੰਦਾ ਸੀ, ਉਥੇ ਅੱਜ ਇਸ ਦੇ ਪਾਣੀ ਦਾ ਟੀ.ਡੀ.ਐਸ. 852 ਦੇ ਕਰੀਬ ਆਇਆ | ਬੁੱਢੇ ਦਰਿਆ ਦਾ ਦੌਰਾ ਕਰਨ ਉਪਰੰਤ ਹੈਬੋਵਾਲ ਡੇਅਰੀ ਕੰਪਲੈਕਸ ਨੇੜੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਤ ਸੀਚੇਵਾਲ ਨੇ ਦੱਸਿਆ ਕਿ ਪਿਛਲੇ ਸਾਲ 22 ਦਸੰਬਰ ਤੋਂ ਬੁੱਢੇ ਦਰਿਆ ਵਿਚ ਪੈ ਰਹੇ ਗੰਦੇ ਪਾਣੀਆਂ ਨੂੰ ਰੋਕਣ ਦੀ ਵਿਸ਼ੇਸ਼ ਮੁਹਿੰਮ ਚਲਾਈ ਸੀ | ਇਸ ਮੁਹਿੰਮ ਤਹਿਤ ਹੁਣ ਤੱਕ ਪੇਂਡੂ ਖੇਤਰ ਦੀਆਂ 79 ਡੇਅਰੀਆਂ ਦਾ ਗੋਹਾ ਤੇ ਮਲਮੂਤਰ ਬੰਦ ਕਰਵਾਇਆ ਹੈ | ਨਗਰ ਨਿਗਮ ਦਾ ਵੱਖ-ਵੱਖ ਥਾਵਾਂ ਤੋਂ ਦਰਿਆ ਵਿਚ ਪਾਇਆ ਜਾ ਰਿਹਾ 160 ਐਮ.ਐਲ.ਡੀ. ਦੇ ਕਰੀਬ ਗੰਦਾ ਪਾਣੀ ਬੰਦ ਕਰਵਾਉਣ ਵਿਚ ਕਾਮਯਾਬੀ ਮਿਲੀ ਹੈ | ਉਧਰ ਨਗਰ ਨਿਗਮ ਦੇ ਕਮਿਸ਼ਨਰ ਵਲੋਂ 27 ਨਵੰਬਰ ਦੀ ਮੀਟਿੰਗ ਵਿਚ ਭਰੋਸਾ ਦਿੱਤਾ ਸੀ ਕਿ ਬੁੱਢੇ ਦਰਿਆ ਵਿਚ ਪੈ ਰਹੇ ਸਾਰੇ ਗੰਦੇ ਪਾਣੀ 10 ਦਸੰਬਰ ਤੱਕ ਬੰਦ ਕਰ ਦਿੱਤੇ ਜਾਣਗੇ | ਉਨ੍ਹਾਂ ਦੱਸਿਆ ਕਿ ਡਾਇੰਗਾਂ ਦੇ ਜਿਹੜੇ ਸਾਂਝੇ ਟਰੀਟਮੈਂਟ ਪਲਾਂਟ ਲੱਗੇ ਹੋਏ ਹਨ, ਜਿਹੜੇ ਕਿ ਕ੍ਰਮਵਾਰ 40 ਤੇ 50 ਐਮ.ਐਲ.ਡੀ. ਦੇ ਹਨ, ਇਨ੍ਹਾਂ ਦਾ ਕੇਸ ਅਦਾਲਤ ਵਿਚ ਹੈ, ਪਰ ਇਨ੍ਹਾਂ ਪਲਾਂਟਾਂ ਦਾ ਪਾਣੀ ਮਾਪਦੰਡਾਂ 'ਤੇ ਖਰਾ ਨਹੀਂ ਉਤਰ ਰਿਹਾ | ਸੰਤ ਸੀਚੇਵਾਲ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਾਲ ਲੈ ਕੇ ਤਾਜਪੁਰ ਡੇਅਰੀ ਕੰਪਲੈਕਸ ਤੋਂ ਲੈ ਕੇ ਹੈਬੋਵਾਲ ਡੇਅਰੀ ਕੰਪਲੈਕਸ ਤੱਕ ਬੁੱਢੇ ਦਰਿਆ ਦਾ ਦੌਰਾ ਕੀਤਾ | ਇਸ ਦੌਰੇ ਦੌਰਾਨ ਅੰਮਿ੍ਤ ਧਰਮ ਕੰਢਾ, ਸ਼ਿਵਪੁਰੀ, ਗਊਘਾਟ, ਰੇਲਵੇ ਲਾਇਨ ਤੋਂ ਹੈਬੋਵਾਲ ਤੱਕ ਬੁੱਢੇ ਦਰਿਆ ਵਿਚ ਪੈ ਰਹੇ ਗੰਦੇ ਪਾਣੀਆਂ ਦਾ ਜਾਇਜ਼ਾ ਲਿਆ ਗਿਆ | ਆਮ ਲੋਕਾਂ ਨੇ ਆਪਣੀਆਂ ਮੁਸ਼ਕਿਲਾਂ ਦੱਸਦਿਆਂ ਸੰਤ ਸੀਚੇਵਾਲ ਦਾ ਧੰਨਵਾਦ ਕੀਤਾ ਕਿ ਉਹ ਜਲੰਧਰ ਜ਼ਿਲੇ੍ਹ ਵਿਚ ਆ ਕੇ ਲੁਧਿਆਣਾ ਦੇ ਬੁੱਢੇ ਦਰਿਆ ਨੂੰ ਸਾਲ ਭਰ ਤੋਂ ਸਾਫ਼ ਕਰਨ ਵਿਚ ਡਟੇ ਹੋਏ ਹਨ | ਹੈਬੋਵਾਲ ਡੇਅਰੀ ਕੰਪਲੈਕਸ ਦੇ ਨੇੜੇ ਦੋ ਐਕਸਾਵੇਟਰ ਮਸ਼ੀਨਾਂ ਲਾਈਆਂ ਗਈਆਂ ਹਨ, ਜਿਹੜੀਆਂ ਦਰਿਆ ਵਿਚੋਂ ਗਾਰ ਕੱਢ ਰਹੀਆਂ ਹਨ | ਪੱਤਰਕਾਰਾਂ ਵਲੋਂ ਦਰਿਆ ਨੇੜੇ ਮੈਡੀਕਲ ਵੇਸਟ ਸੁੱਟੇ ਜਾਣ ਦਾ ਮਾਮਲਾ ਸਾਹਮਣੇ ਲਿਆਉਣ 'ਤੇ ਸੰਤ ਸੀਚੇਵਾਲ ਦੇ ਨਿਰਦੇਸ਼ਾਂ 'ਤੇ ਪੀ.ਪੀ.ਸੀ.ਬੀ. ਬੋਰਡ ਨੇ ਤੁਰੰਤ ਕਾਰਵਾਈ ਕਰਦਿਆਂ ਦਰਿਆ ਕਿਨਾਰਿਉਂ ਮੈਡੀਕਲ ਵੇਸਟ ਨੂੰ ਦੱਸੇ ਗਏ ਮਾਪਦੰਡਾਂ ਅਨੁਸਾਰ ਚੁਕਵਾਇਆ ਗਿਆ | ਦੌਰੇ ਦੌਰਾਨ ਨਗਰ ਨਿਗਮ, ਡਰੇਨਜ਼, ਪੀ.ਪੀ.ਸੀ.ਬੀ. ਅਤੇ ਭੋਇ ਵਿਕਾਸ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ |
ਹੈਬੋਵਾਲ ਡੇਅਰੀ ਕੰਪਲੈਕਸ ਵਿਚ ਚੋਰੀ ਛੁਪੇ ਚੱਲਦੀਆਂ ਦੋ ਡਾਇੰਗਾਂ ਫੜੀਆਂ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਨੇ ਦੱਸਿਆ ਕਿ ਇਹ ਡਾਇੰਗਾਂ ਬਾਹਰੋਂ ਦੇਖਣ ਤੋਂ ਤਾਂ ਇੰਜ ਲੱਗਦੀਆਂ ਸਨ ਜਿਵੇਂ ਡੇਅਰੀਆਂ ਹੋਣ, ਪਰ ਜਦੋਂ ਸੰਤ ਸੀਚੇਵਾਲ ਦੇ ਟੀਮ ਮੈਂਬਰਾਂ ਵਲੋਂ ਡਾਇੰਗਾਂ ਹੋਣ ਦਾ ਖੁਲਾਸਾ ਕੀਤਾ ਗਿਆ ਤਾਂ ਪੀ.ਪੀ.ਸੀ.ਬੀ. ਬੋਰਡ ਦੇ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਇਨ੍ਹਾਂ ਨੂੰ ਬੰਦ ਕਰਨ ਦੀ ਸਿਫਾਰਸ਼ ਕਰ ਦਿੱਤੀ ਹੈ |

ਪਿਛਲੀ ਖ਼ਬਰ ਰਾਹੋਂ ਰੋਡ ਬਣਾਉਣ ਨੂੰ ਲੈ ਕੇ ਦਿੱਤੀ ਅੱਜ ਦੀ ਆਖਰੀ ਡੈੱਡਲਾਈਨ! <br/> ਅਗਲੀ ਖ਼ਬਰ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵਲੋਂ ਲੁਧਿਆਣਾ 'ਚ ਕੈਲਾਸ਼ ਨਗਰ ਤੇ ਜੱਸੀਆਂ ਰੋਡ ਨੇੜੇ ਹਾਈਵੇ 'ਤੇ ਦੋ ਅੰਡਰਪਾਸ ਬਣਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।