ਲੁਧਿਆਣਾ, 4 ਦਸੰਬਰ (ਜਸਵਿੰਦਰ ਸਿੰਘ)-ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪ੍ਰਧਾਨ ਦਿਲਬਾਗ ਸਿੰਘ ਗਿੱਲ ਅਤੇ ਪ੍ਰਧਾਨ ਇੰਦਰਵੀਰ ਸਿੰਘ ਕਾਦੀਆਂ ਵਲੋਂ ਪੁਲਿਸ ਕਮਿਸ਼ਨਰ ਸਵਪਣ ਸ਼ਰਮਾ ਅਤੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੂੰ ਕਿਸਾਨੀ ਮੰਗਾਂ ਅਤੇ ਹੱਕਾਂ ਸਬੰਧੀ ਮੰਗ ਪੱਤਰ ਦਿੱਤਾ | ਆਗੂਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਹਾਲ ਹੀ ਵਿਚ ਇਕ ਪੋਲਿਸੀ 'ਜਿਸਕਾ ਖੇਤ, ਉਸਕੀ ਰੇਤ' ਪੰਜਾਬ ਸਰਕਾਰ ਵਲੋਂ ਪੰਜਾਬ ਦੇ ਕਿਸਾਨਾਂ ਨੂੰ ਹੜ੍ਹਾਂ ਕਾਰਨ ਵਾਹੀਯੋਗ ਜ਼ਮੀਨਾਂ ਪਰ ਸਿਲਟ/ ਰੇਤ/ ਮਿੱਟੀ ਦੀ ਪਰਤ ਨੂੰ ਚੱਕਾ ਕੇ ਵਾਹੀਯੋਗ ਬਣਾਉਣ ਸਬੰਧੀ ਸਹੂਲਤ ਦਿੱਤੀ ਗਈ ਸੀ, ਲੇਕਿਨ ਰੇਤ ਮਾਫ਼ੀਏ ਵਲੋਂ ਇਸ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਜੇ ਰਿਸ਼ਵਤ ਲੈ ਕੇ ਨਾਜਾਇਜ਼ ਮਾਈਨਿੰਗ ਕਰਵਾਈ ਗਈ ਤਾਂ ਭਾਰਤੀ ਕਿਸਾਨ ਯੂਨੀਅਨ ਵਲੋਂ ਉਸ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਉਸੇ ਪਿੰਡ ਵਿਚ ਖਰਾਬਾ ਨਾ ਹੋਣ 'ਤੇ ਵੀ ਸਿਲਟ/ਰੇਤਾ/ਮਿੱਟੀ ਦੀ ਨਾਜਾਇਜ਼ ਮਾਈਨਿੰਗ ਕਰਵਾਉਣ ਵਿਰੁੱਧ ਮਾਣਯੋਗ ਹਾਈਕੋਰਟ ਵਿਚ ਰਿੱਟ ਪਟੀਸ਼ਨ ਦਾਇਰ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਰਾਹੋਂ ਰੋਡ ਸੜਕ ਬਣਾਉਣ ਦਾ ਕੰਮ ਅੱਜ ਸ਼ੁਰੂ ਨਾ ਹੋਇਆ ਤਾਂ ਦਫ਼ਤਰ ਨੂੰ ਤਾਲਾ ਮਾਰ ਕੇ ਲਾਡੋਵਾਲ ਟੋਲ ਪਲਾਜਾ ਪੱਕੇ ਤੌਰ 'ਤੇ ਮੁਫ਼ਤ ਕਰ ਦਿੱਤਾ ਜਾਵੇਗਾ |