ਅੰਮਿ੍ਤਸਰ, 8 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)-ਡਾਇਓਸਿਸ ਆਫ ਅੰਮਿ੍ਤਸਰ (ਡੀ. ਓ. ਏ.), ਚਰਚ ਆਫ਼ ਨੌਰਥ ਇੰਡੀਆ (ਸੀ. ਐੱਨ. ਆਈ.) ਨੇ ਚਾਰ ਦਿਨਾਂ 15ਵੀਂ ਮਸੀਹੀ ਚੇਤਨਾ ਯਾਤਰਾ ਰਾਹੀਂ ਉਮੀਦ, ਪਿਆਰ ਅਤੇ ਸ਼ਾਂਤੀ ਦਾ ਸੰਦੇਸ਼ ਫੈਲਾਇਆ | ਇਹ ਯਾਤਰਾ ਕਿ੍ਸਮਸ ਦੇ ਮੌਸਮ ਨੂੰ ਮਨਾਉਣ ਲਈ ਆਯੋਜਿਤ ਕੀਤੀ ਗਈ ਸੀ ਅਤੇ ਇਸ ਦਾ ਉਦੇਸ਼ ਸਮਾਜ ਦੇ ਲੋਕਾਂ ਤੱਕ ਪਹੁੰਚ ਕੇ ਉਨ੍ਹਾਂ ਨੂੰ ਕਿ੍ਸਮਸ ਦੇ ਤਿਉਹਾਰ ਲਈ ਤਿਆਰ ਕਰਨਾ ਸੀ | ਡਾਇਓਸਿਸ ਆਫ਼ ਅੰਮਿ੍ਤਸਰ (ਡੀ. ਓ. ਏ.), ਚਰਚ ਆਫ਼ ਨੌਰਥ ਇੰਡੀਆ (ਸੀ. ਐੱਨ. ਆਈ.) ਦੇ ਬਿਸ਼ਪ ਦ ਰਾਈਟ ਰੈਵਰੈਂਡ ਮਨੋਜ ਚਰਨ ਨੇ ਇਸ ਯਾਤਰਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਯਾਤਰਾ 'ਚ ਨੁੱਕੜ ਨਾਟਕ, ਕਿ੍ਸਮਸ ਕੈਰਲ ਗਾਇਨ ਅਤੇ ਰਵਾਇਤੀ ਪੰਜਾਬੀ ਨਾਚ ਵੀ ਸ਼ਾਮਲ ਸਨ, ਜੋ ਏਕਤਾ ਅਤੇ ਸਦਭਾਵਨਾ ਨੂੰ ਉਤਸ਼ਾਹਿਤ ਕਰਦੇ ਹਨ | ਉਨ੍ਹਾਂ ਕਿਹਾ ਕਿ ਅੱਜ ਦੇ ਮੁਸ਼ਕਿਲ ਭਰੇ ਸਮੇਂ 'ਚ ਕ੍ਰਿਸਮਸ ਦਾ ਸੰਦੇਸ਼ ਸ਼ਾਂਤੀ ਅਤੇ ਉਮੀਦ ਦਿੰਦਾ ਹੈ | 15ਵੀਂ ਮਸੀਹੀ ਚੇਤਨਾ ਯਾਤਰਾ ਦੇ ਕਨਵੀਨਰ ਡੈਨੀਅਲ ਬੀ. ਦਾਸ ਨੇ ਕਿਹਾ ਕਿ ਅਸੀਂ ਸਮਾਜ ਦੀ ਸੇਵਾ ਕਰਨ ਅਤੇ ਸ਼ਾਂਤੀ, ਪਿਆਰ ਅਤੇ ਏਕਤਾ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹਾਂ |