17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਸਰਹੱਦ ਪਾਰ ਤੋਂ ਹਥਿਆਰ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼: ਨਾਬਾਲਗ ਸਮੇਤ 6 ਮੁਲਜ਼ਮ 6 ਪਿਸਤੌਲਾਂ ਸਮੇਤ ਕਾਬੂ ਕਪੂਰਥਲੇ ਦੇ 2 ਤਸਕਰਾਂ ਦੀ ਭਾਲ ਜਾਰੀ

ਅਜੀਤ ਡੈਸਕ 09-12-2025

ਅੰਮਿ੍ਤਸਰ, 8 ਦਸੰਬਰ (ਰੇਸ਼ਮ ਸਿੰਘ)-ਅੰਮਿ੍ਤਸਰ ਕਮਿਸ਼ਨਰੇਟ ਪੁਲਿਸ ਨੇ ਪਾਕਿਸਤਾਨ ਵਲੋਂ ਸੰਚਾਲਿਤ ਹਥਿਆਰ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਇਕ ਨਾਬਾਲਗ ਸਮੇਤ 6 ਤਸਕਰਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਪਾਸੋਂ 6 ਅਤਿ ਆਧੁਨਿਕ ਵਿਦੇਸ਼ੀ ਪਿਸਤੌਲ ਬਰਾਮਦ ਕੀਤੇ ਗਏ ਹਨ | ਹਥਿਆਰ ਤਸਕਰੀ 'ਚ ਪਹਿਲੀ ਵਾਰ ਦੁਆਬੇ ਤੇ ਮਾਝੇ ਦੇ ਮੁਲਜ਼ਮਾਂ ਦੀ ਸਾਂਝ ਭਿਆਲੀ ਵੀ ਉਜਾਗਰ ਹੋਈ ਹੈ | ਬਰਾਮਦ ਪਿਸਤੌਲ ਮਾਝੇ ਤੇ ਦੁਆਬੇ ਦੇ ਹੀ ਗੈਂਗਸਟਰਾਂ ਤੇ ਅਪਰਾਧਿਕ ਅਨਸਰਾਂ ਨੂੰ ਸਪਲਾਈ ਕੀਤੇ ਜਾਣੇ ਸਨ | ਇਸ ਮਾਮਲੇ 'ਚ ਕਪੂਰਥਲਾ ਨਾਲ ਸੰਬੰਧਤ 2 ਹੋਰ ਹਥਿਆਰ ਤਸਕਰਾਂ ਦੀ ਭਾਲ ਵੀ ਅੰਮਿ੍ਤਸਰ ਪੁਲਿਸ ਵਲੋਂ ਸਰਗਰਮੀ ਨਾਲ ਕੀਤੀ ਜਾ ਰਹੀ ਹੈ | ਇਹ ਪ੍ਰਗਟਾਵਾ ਅੱਜ ਇਥੇ ਪੁਲਿਸ ਲਾਈਨ ਵਿਖੇ ਕਰਵਾਏ ਪੱਤਰਕਾਰ ਸੰਮੇਲਨ 'ਚ ਕਰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕੀਤਾ, ਜਿਨ੍ਹਾਂ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਤਰਨਤਾਰਨ ਦੇ ਪਿੰਡ ਕੋਟਲੀ ਵਸਾਵਾ ਸਿੰਘ ਦੇ ਰਹਿਣ ਵਾਲੇ ਗੁਰਬੀਰ ਸਿੰਘ ਉਰਫ਼ ਸੋਨੂੰ (28), ਗੁਰਪ੍ਰੀਤ ਸਿੰਘ ਉਰਫ਼ ਗੋਪਾ (32), ਗੋਰਕਾ ਸਿੰਘ ਉਰਫ਼ ਗੋਰਾ, ਰਾਜਵਿੰਦਰ ਸਿੰਘ ਉਰਫ਼ ਰਾਜੂ ਵਾਸੀਆਂ ਖੇਮਰਕਰਨ ਜ਼ਿਲ੍ਹਾ ਤਰਨ ਤਾਰਨ ਜਸਪਾਲ ਸਿੰਘ ਉਰਫ਼ ਜੱਸ (24) ਵਾਸੀ ਬਚੀਵਿੰਡ ਜ਼ਿਲ੍ਹਾ ਅੰਮਿ੍ਤਸਰ ਅਤੇ ਸੁਲਤਾਨਪੁਰ ਲੋਧੀ ਸਥਿਤ 16 ਸਾਲਾ ਨਾਬਾਲਗ ਲੜਕੇ ਵਜੋਂ ਹੋਈ ਹੈ | ਬਰਾਮਦ ਕੀਤੇ ਗਏ ਪਿਸਤੌਲਾਂ ਵਿਚ ਪੰਜ .30 ਬੋਰ ਪਿਸਤੌਲ ਅਤੇ ਇੱਕ 9 ਐਮ.ਐਮ. ਪੀ.ਐਕਸ-5 ਪਿਸਤੌਲ ਸ਼ਾਮਿਲ ਹਨ | ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਕਤ ਦੋਸ਼ੀ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਪਾਕਿਸਤਾਨ ਸਥਿਤ ਇਕ ਤਸਕਰ ਦੇ ਸਿੱਧੇ ਸੰਪਰਕ ਵਿਚ ਸਨ, ਜੋ ਹਥਿਆਰਾਂ ਦੀ ਖੇਪ ਨੂੰ ਪ੍ਰਾਪਤ ਕਰਨ ਅਤੇ ਅੱਗੇ ਸਪਲਾਈ ਕਰਨ ਲਈ ਜਾਣਕਾਰੀ ਸਾਂਝੀ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਸੰਗਠਿਤ ਗਿਰੋਹ ਵਲੋਂ ਹਥਿਆਰਾਂ ਦੀਆਂ ਇਹ ਖੇਪਾਂ ਅੱਗੇ ਮਾਝਾ-ਦੋਆਬਾ ਖੇਤਰਾਂ ਵਿਚ ਸਰਗਰਮ ਅਪਰਾਧੀਆਂ ਨੂੰ ਸਪਲਾਈ ਕੀਤੀਆਂ ਜਾਂਦੀਆਂ ਸਨ | ਇਸ ਮਾਮਲੇ ਵਿਚ ਨੈੱਟਵਰਕ ਦੇ ਅਗਲੇਰੇ-ਪਿਛਲੇਰੇ ਸੰਬੰਧ ਸਥਾਪਤ ਕਰਨ ਅਤੇ ਖੇਪਾਂ ਪ੍ਰਾਪਤ ਕਰਨ ਵਾਲਿਆਂ ਅਤੇ ਵਿੱਤੀ ਚੈਨਲਾਂ ਦੀ ਪਛਾਣ ਕਰਨ ਲਈ ਹੋਰ ਜਾਂਚ ਜਾਰੀ ਹੈ |
ਸੀ.ਪੀ. ਸ: ਭੁੱਲਰ ਨੇ ਦੱਸਿਆ ਕਿ ਪਹਿਲੀ ਸਫਲਤਾ ਉਦੋਂ ਮਿਲੀ ਜਦੋਂ ਪੁਲਿਸ ਟੀਮ ਨੇ ਖੁਫੀਆ ਇਤਲਾਹ 'ਤੇ ਅਧਾਰਤ ਇੱਕ ਕਾਰਵਾਈ ਤਹਿਤ ਸ਼ੱਕੀ ਗੁਰਬੀਰ ਉਰਫ਼ ਸੋਨੂੰ ਅਤੇ ਗੁਰਪ੍ਰੀਤ ਉਰਫ਼ ਗੋਪਾ ਨੂੰ ਦੋ .30 ਬੋਰ ਪਿਸਤੌਲਾਂ ਸਮੇਤ ਗਿ੍ਫਤਾਰ ਕੀਤਾ | ਸੀ.ਪੀ. ਨੇ ਕਿਹਾ ਕਿ ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਗੋਰਕਾ ਉਰਫ਼ ਗੋਰਾ ਅਤੇ ਰਾਜਵਿੰਦਰ ਉਰਫ਼ ਰਾਜੂ ਵਿਰੁੱਧ ਪਹਿਲਾਂ ਵੀ ਐੱਨ.ਡੀ.ਪੀ.ਐੱਸ. ਐਕਟ ਦੇ ਅਪਰਾਧ ਅਤੇ ਜਬਰ ਜਨਾਹ ਅਤੇ ਪੋਕਸੋ ਐਕਟ ਨਾਲ ਸਬੰਧਤ ਮਾਮਲੇ ਦਰਜ ਹਨ | ਇਸ ਮੌਕੇ ਡੀ.ਸੀ.ਪੀ. ਜਗਜੀਤ ਸਿੰਘ ਵਾਲੀਆ, ਏ.ਡੀ.ਸੀ.ਪੀ. ਹਰਪਾਲ ਸਿੰਘ ਰੰਧਾਵਾ, ਏ.ਸੀ.ਪੀ. ਹਰਮਿੰਦਰ ਸਿੰਘ, ਏ.ਸੀ.ਪੀ. ਸੁਪਿੰਦਰ ਕੌਰ ਤੇ ਇੰਸ: ਅਮੋਲਕਦੀਪ ਸਿੰਘ ਆਦਿ ਅਧਿਕਾਰੀ ਹਾਜ਼ਰ ਸਨ |

ਪਿਛਲੀ ਖ਼ਬਰ ਸਿੱਧੂ ਜੋੜਾ ਕੇਵਲ ਬਿਆਨਬਾਜ਼ੀ ਤੱਕ ਸੀਮਤ- ਕਲਿਆਣ ਅਗਲੀ ਖ਼ਬਰ ਭਾਰਤੀ ਸਰਹੱਦ ਤੋਂ 30 ਕਰੋੜ ਦੀ 6 ਕਿੱਲੋ ਹੈਰੋਇਨ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।