ਸ਼ਾਹਪੁਰ ਕੰਢੀ, 8 ਦਸੰਬਰ (ਰਣਜੀਤ ਸਿੰਘ)-ਰਣਜੀਤ ਸਾਗਰ ਡੈਮ ਦੀ ਝੀਲ ਦੀ ਹੱਦ ਪੰਜਾਬ ਅਤੇ ਜੰਮੂ-ਕਸ਼ਮੀਰ ਨਾਲ ਲੱਗਦੀ ਹੈ | ਪੰਜਾਬ ਨਾਲ ਲੱਗਣ ਵਾਲੀ 7.750 ਏਕੜ ਝੀਲ ਦੇ ਹਿੱਸੇ 'ਚੋਂ ਮੱਛੀ ਫੜਨ ਦਾ ਠੇਕਾ ਕੀਤਾ ਜਾਂਦਾ ਹੈ | ਇਸ ਠੇਕੇ ਦੀ ਬੇਸਿਕ ਪ੍ਰਵੀਸ਼ ਇਕ ਕਰੋੜ ਤੇ 41 ਲੱਖ ਰੁਪਏ ਰੱਖੀ ਗਈ ਸੀ | ਕੋਈ ਵੀ ਠੇਕੇਦਾਰ ਆਨਲਾਈਨ ਸਕਿਉਰਿਟੀ ਜਮ੍ਹਾਂ ਕਰਵਾ ਕੇ ਬੋਲੀ ਦੇ ਸਕਦਾ ਸੀ | ਪਹਿਲਾਂ ਇਹ ਬੋਲੀ 1 ਦਸੰਬਰ ਨੰੂ ਕਰਵਾਉਣੀ ਸੀ ਪਰ ਕੋਈ ਵੀ ਠੇਕੇਦਾਰ ਬੋਲੀ ਦੇਣ ਨਹੀਂ ਆਇਆ ਜਿਸ ਕਾਰਨ ਡੈਮ ਪ੍ਰਸ਼ਾਸਨ ਵਲੋਂ ਬਣਾਈ ਕਮੇਟੀ ਨੇ ਠੇਕੇ ਦਾ ਮੁੱਢਲਾ ਮੁੱਲ ਘਟਾ ਕੇ ਇਕ ਕਰੋੜ 33 ਲੱਖ 95 ਹਜ਼ਾਰ ਕਰ ਦਿੱਤਾ ਜਿਸ ਦੀ ਅੱਜ ਬੋਲੀ ਰੱਖੀ ਗਈ ਸੀ ਪਰ ਕਿਸੇ ਵੀ ਠੇਕੇਦਾਰ ਨੇ ਟੈਂਡਰ ਨਹੀਂ ਭਰਿਆ ਜਿਸ ਕਾਰਨ ਬੋਲੀ ਮੁਲਤਵੀ ਕਰਕੇ 16 ਦਸੰਬਰ ਰੱਖੀ ਗਈ ਹੈ ਜਿਸ ਦੀ ਜਾਣਕਾਰੀ ਦਿੰਦੇ ਹੋਏ ਐਸ.ਡੀ.ਓ. ਮਨਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੇ ਮੁੱਲ ਦਾ ਫੈਸਲਾ ਕਮੇਟੀ ਵਲੋਂ ਕੀਤਾ ਜਾਵੇਗਾ |