ਹੁਸ਼ਿਆਰਪੁਰ, 21 ਅਕਤੂਬਰ (ਬਲਜਿੰਦਰਪਾਲ ਸਿੰਘ)-ਤੰਬਾਕੂ ਵਿਰੋਧੀ ਵਿਸ਼ੇਸ਼ ਮੁਹਿੰਮ ਤਹਿਤ ਨੌਜਵਾਨਾਂ 'ਚ ਤੰਬਾਕੂ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣ ਤੇ ਉਨ੍ਹਾਂ ਨੂੰ ਤੰਬਾਕੂ ਸੇਵਨ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਦੇ ਮੰਤਵ ਨਾਲ ਸਿਵਲ ਸਰਜਨ ਡਾ. ਬਲਬੀਰ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਿਹਤ ਵਿਭਾਗ ਵਲੋਂ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ | ਇਹ ਮੁਹਿੰਮ ਡਾ. ਜਗਦੀਪ ਸਿੰਘ ਜ਼ਿਲ੍ਹਾ ਐਪੀਡਮੀਓਲੋਜਿਸਟ ਤੇ ਡਾ. ਸਲੇਸ਼ ਕੁਮਾਰ ਜ਼ਿਲ੍ਹਾ ਐਪੀਡਮੀਓਲੋਜਿਸਟ (ਆਈ. ਡੀ. ਐਸ. ਪੀ.) ਦੀ ਅਗਵਾਈ ਹੇਠ ਚਲਾਈ ਗਈ | ਟੀਮ 'ਚ ਹੈਲਥ ਇੰਸਪੈਕਟਰ ਵਿਸ਼ਾਲ ਪੂਰੀ, ਹੈਲਥ ਇੰਸਪੈਕਟਰ ਸੰਜੀਵ ਠਾਕੁਰ, ਹੈਲਥ ਵਰਕਰ ਸੁਰਿੰਦਰ ਕਲਸੀ ਅਤੇ ਨਰੇਸ਼ ਕੁਮਾਰ ਸ਼ਾਮਿਲ ਸਨ | ਟੀਮ ਵਲੋਂ ਸ਼ਹਿਰ ਦੇ ਵੱਖ-ਵੱਖ ਜਨਤਕ ਸਥਾਨਾਂ ਦਾ ਦੌਰਾ ਕਰਕੇ ਲੋਕਾਂ ਨੂੰ ਸਿਗਰਟ ਤੇ ਹੋਰ ਤੰਬਾਕੂ ਉਤਪਾਦ ਐਕਟ-2003 ਸੰਬੰਧੀ ਜਾਗਰੂਕ ਕੀਤਾ | ਟੀਮ ਵਲੋਂ ਤੰਬਾਕੂਨੋਸ਼ੀ ਦੇ ਸਿਹਤ ਤੇ ਵਾਤਾਵਰਨ 'ਤੇ ਹੋਣ ਵਾਲੇ ਨੁਕਸਾਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਲੋਕਾਂ ਨੂੰ ਤੰਬਾਕੂ ਉਤਪਾਦਾਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ | ਸਿਹਤ ਟੀਮ ਨੇ ਦੱਸਿਆ ਕਿ ਕੋਟਪਾ ਐਕਟ ਦੀ ਧਾਰਾ 4 ਅਨੁਸਾਰ ਕਿਸੇ ਵੀ ਜਨਤਕ ਸਥਾਨ 'ਤੇ ਸਿਗਰਟ, ਬੀੜੀ ਜਾਂ ਕਿਸੇ ਵੀ ਤਰੀਕੇ ਨਾਲ ਤੰਬਾਕੂ ਸੇਵਨ ਕਰਨਾ ਕਾਨੂੰਨੀ ਅਪਰਾਧ ਹੈ | ਡਾ. ਜਗਦੀਪ ਸਿੰਘ ਨੇ ਕਿਹਾ ਕਿ ਆਓ ਅਸੀਂ ਸਾਰੇ ਮਿਲ ਕੇ ਤੰਬਾਕੂ ਦੀ ਲਤ ਤੋਂ ਦੂਰ ਰਹਿਣ ਤੇ ਹੋਰਾਂ ਨੂੰ ਵੀ ਇਸ ਤੋਂ ਬਚਾਉਣ ਲਈ ਜਾਗਰੂਕਤਾ ਫੈਲਾਉਣ ਦਾ ਪ੍ਰਣ ਕਰੀਏ, ਤਾਂ ਜੋ ਸਮਾਜ ਨੂੰ ਤੰਬਾਕੂ-ਮੁਕਤ ਬਣਾਇਆ ਜਾ ਸਕੇ |