ਲਿਸਬਨ, 20 ਅਕਤੂਬਰ (ਏਜੰਸੀ)-ਪੁਰਤਗਾਲੀ ਕੈਂਪ ਵਿਚਾਲੇ ਛੱਡਣ ਕਾਰਨ ਕ੍ਰਿਸਟਿਆਨੋ ਰੋਨਾਲਡੋ ਨੂੰ ਰਾਸ਼ਟਰੀ ਫੈਡਰੇਸ਼ਨ ਵਲੋਂ 30 ਦਿਨਾਂ ਦੀ ਮੁਅੱਤਲੀ ਅਤੇ 255 ਯੂਰੋ ਦਾ ਜੁਰਮਾਨਾ ਲਗਾਇਆ ਗਿਆ ਹੈ। ਇਸ ਤੋਂ ਪਹਿਲਾਂ ਪੁਰਤਗਾਲੀ ਫੁੱਟਬਾਲ ਫੈਡਰੇਸ਼ਨ ਨੇ ਰੋਨਾਲਡੋ ਨੂੰ ਅਸਥਾਈ ਤੌਰ ’ਤੇ ਮੁਅੱਤਲ ਕੀਤਾ ਸੀ ਅਤੇ ਸੋਮਵਾਰ ਨੂੰ ਇਸ ਸਜ਼ਾ ਨੂੰ ਢੁਕਵੀਂ ਅਤੇ ਕਾਫ਼ੀ ਕਰਾਰ ਦਿੱਤਾ। ਫੈਡਰੇਸ਼ਨ ਨੇ ਦੱਸਿਆ ਕਿ ਰੋਨਾਲਡੋ ਨੇ ਸ਼ੁੱਕਰਵਾਰ ਨੂੰ ਦਿੱਤੇ ਇਕ ਅਧਿਕਾਰਕ ਬਿਆਨ ਵਿਚ ਆਪਣੇ ਉਤੇ ਲੱਗੇ ਦੋਸ਼ਾਂ ਅਤੇ ਉਨ੍ਹਾਂ ਨਾਲ ਜੁੜੇ ਤੱਥਾਂ ਨੂੰ ਪੂਰੀ ਤਰ੍ਹਾਂ ਮੰਨ ਲਿਆ ਹੈ।
ਫੈਡਰੇਸ਼ਨ ਅਨੁਸਾਰ ਉਸ ਦੇ ਗ਼ਲਤੀ ਮੰਨਣ ਅਤੇ ਪਹਿਲਾਂ ਤੋਂ ਸਾਫ਼-ਸੁਥਰੇ ਅਨੁਸ਼ਾਸਨੀ ਰਿਕਾਰਡ ਕਾਰਨ ਸਜ਼ਾ ਘਟਾਉਣ ਵਿਚ ਮਦਦ ਮਿਲੀ। ਰਾਹਤ ਦੇਣ ਵਾਲੇ ਇਨ੍ਹਾਂ ਕਾਰਨਾਂ ਨੂੰ ਧਿਆਨ ਵਿਚ ਰੱਖਣ ਤੋਂ ਬਾਅਦ ਵੀ ਲਗਾਇਆ ਗਿਆ ਜੁਰਮਾਨਾ ਫੈਡਰੇਸ਼ਨ ਦੇ ਨਿਯਮਾਂ ਮੁਤਾਬਕ ਵੱਧ ਤੋਂ ਵੱਧ ਸੀ।ਰੋਨਾਲਡੋ ਮੁਅੱਤਲੀ ਖ਼ਿਲਾਫ਼ ਅਪੀਲ ਕਰ ਸਕਦਾ ਹੈ ਪਰ ਉਸ ਨੇ ਪਹਿਲਾਂ ਹੀ ਮੁਆਫ਼ੀ ਮੰਗ ਲਈ ਸੀ ਅਤੇ ਕਿਹਾ ਸੀ ਕਿ ਉਸ ਨੂੰ ਸਜ਼ਾ ਮਿਲਣ ਦੀ ਉਮੀਦ ਹੈ। ਉਸ ਨੇ ਮੁਅੱਤਲੀ ਦੀ ਖ਼ਬਰ ’ਤੇ ਤੁਰੰਤ ਕੋਈ ਜਨਤਕ ਪ੍ਰਤੀਕਿਰਿਆ ਨਹੀਂ ਦਿੱਤੀ।