07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਬੰਦੀ ਛੋੜ ਦਿਵਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ 'ਚ ਸੰਗਤ ਨਤਮਸਤਕ

ਅਜੀਤ ਡੈਸਕ 22-10-2025

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਕੌਮ ਦੇ ਨਾਂਅ ਸੰਦੇਸ਼
ਜਸਵੰਤ ਸਿੰਘ ਜੱਸ

ਅੰਮਿ੍ਤਸਰ, 21 ਅਕਤੂਬਰ-ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੰਦੀਛੋੜ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਜਿਥੇ ਦੇਸ਼-ਵਿਦੇਸ਼ ਦੀਆਂ ਲੱਖਾਂ ਸੰਗਤਾਂ ਨੇ ਨਤਮਸਤਕ ਹੋ ਕੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ, ਉਥੇ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ, ਬਾਬਾ ਨਿਹਾਲ ਸਿੰਘ ਤਰਨਾ ਦਲ ਹਰੀਆਂ ਵੇਲਾਂ, ਦਲ ਪੰਥ ਬਾਬਾ ਬਿਧੀ ਚੰਦ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰਸਿੰਘ, ਤਰਨਾ ਦਲ ਬਾਬਾ ਬਕਾਲਾ ਦੇ ਮੁਖੀ ਬਾਬਾ ਜੋਗਾ ਸਿੰਘ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ | ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਏ ਗੁਰਮਤਿ ਸਮਾਗਮਾਂ ਦੌਰਾਨ ਪੰਥ ਪ੍ਰਸਿੱਧ ਰਾਗੀ, ਢਾਡੀ, ਕਵੀਸ਼ਰ ਜਥਿਆਂ, ਪ੍ਰਚਾਰਕਾਂ ਤੇ ਕਵੀਆਂ ਨੇ ਗੁਰਬਾਣੀ ਕੀਰਤਨ ਤੇ ਇਤਿਹਾਸ ਦੁਆਰਾ ਸੰਗਤ ਨਾਲ ਸਾਂਝ ਪਾਈ | ਇਸੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓੜੀ ਤੋਂ ਸਿੱਖ ਪੰਥ ਦੇ ਨਾਂਅ ਸੰਦੇਸ਼ ਦਿੰਦਿਆਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਤਬਦੀਲੀ ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਦੇ ਨਾਲ-ਨਾਲ ਸਿੱਖਾਂ ਨਾਲ ਹੋ ਰਹੇ ਵਿਤਕਰੇ-ਵਖਰੇਵੇਂ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਅਦਬੀਆਂ ਦੀਆਂ ਘਟਨਾਵਾਂ, ਸਿੱਖ ਕਕਾਰਾਂ 'ਤੇ ਹੁੰਦੇ ਸਵਾਲ ਤੇ ਸਿੱਖ ਸੰਸਥਾਵਾਂ 'ਤੇ ਗਹਿਰੀ ਸਾਜਿਸ਼ ਤਹਿਤ ਕਬਜ਼ੇ ਦੀਆਂ ਚਾਲਾਂ ਪ੍ਰਤੀ ਚਿੰਤਾ ਪ੍ਰਗਟ ਕਰਦਿਆਂ ਪੰਥਕ ਏਕਤਾ ਦੀ ਗੱਲ ਕੀਤੀ | ਉਨ੍ਹਾਂ ਕਿਹਾ ਕਿ ਛੇਵੇਂ ਪਾਤਸ਼ਾਹ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕਰਕੇ ਸਿੱਖਾਂ ਨੂੰ ਇਕ ਅਜਿਹਾ ਤਖ਼ਤ ਬਖ਼ਸ਼ਿਆ ਹੈ, ਜਿਹੜਾ ਹਮੇਸ਼ਾ ਹੱਕ, ਸੱਚ, ਨਿਆਂ ਤੇ ਧਰਮ ਦੇ ਬੋਲਬਾਲਿਆਂ ਲਈ ਸੇਧ ਦਿੰਦਾ ਹੈ | ਉਨ੍ਹਾਂ ਕਿਹਾ ਕਿ ਬੰਦੀ ਛੋੜ ਦਿਵਸ ਮੌਕੇ ਸਮੁੱਚਾ ਖ਼ਾਲਸਾ ਪੰਥ ਪੰਥਕ ਰਵਾਇਤਾਂ ਮੁਤਾਬਿਕ ਇਥੇ ਸਿਰ ਜੋੜ ਕੇ ਬੈਠਦਾ ਹੈ ਤੇ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਰਣਨੀਤੀ ਬਣਾਉਂਦਾ ਹੈ | ਗਿਆਨੀ ਕੁਲਦੀਪ ਸਿੰਘ ਨੇ ਗੁਰੂ ਤੇਗ਼ ਬਹਾਦਰ ਜੀ ਤੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਵਲੋਂ ਤਿਲਕ-ਜੰਞੂ ਦੀ ਰਾਖੀ ਕਰਦਿਆਂ ਦਿੱਤੀ ਅਦੁੱਤੀ ਸ਼ਹਾਦਤ ਦੇ 350 ਸਾਲਾ ਮੌਕੇ ਉਨ੍ਹਾਂ ਨੂੰ ਯਾਦ ਕਰਦਿਆਂ ਕਿਹਾ ਕਿ ਇਹ ਸ਼ਹਾਦਤਾਂ ਸਾਡਾ ਮਾਰਗਦਰਸ਼ਨ ਕਰਦੀਆਂ ਹਨ ਤੇ ਹਰ ਧਰਮ ਦੇ ਲੋਕਾਂ ਨੂੰ ਆਪੋ-ਆਪਣੇ ਧਰਮ ਅਨੁਸਾਰ ਧਾਰਮਿਕ ਚਿੰਨ੍ਹ ਪਹਿਨ ਕੇ ਵਿਚਰਨ ਤੇ ਆਜ਼ਾਦੀ ਨਾਲ ਰਹਿਣ ਦੀ ਗਵਾਹੀ ਭਰਦੀਆਂ ਹਨ, ਪਰ ਦੁੱਖ ਦੀ ਗੱਲ ਹੈ ਕਿ ਅੱਜ ਸਿੱਖਾਂ ਦੇ ਕਕਾਰ ਉਤਰਵਾਉਣ ਦੀਆਂ ਆਉਂਦੀਆਂ ਘਟਨਾਵਾਂ ਦੱਸਦੀਆਂ ਹਨ ਕਿ ਮੌਜੂਦਾ ਹੁਕਮਰਾਨ ਵੀ ਉਸ ਸਮੇਂ ਦੇ ਹਾਕਮਾਂ ਵਾਂਗ ਸੌੜੀ ਸੋਚ ਰੱਖ ਕੇ ਸਾਡੀ ਪਛਾਣ ਨੂੰ ਖ਼ਤਮ ਕਰਨ ਦੀ ਮਨਸ਼ਾ ਰੱਖਦੇ ਹਨ | ਉਨ੍ਹਾਂ ਲੰਮੇ ਸਮੇਂ ਤੋਂ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਭਾਈ ਜਗਤਾਰ ਸਿੰਘ ਹਵਾਰਾ, ਭਾਈ ਗੁਰਦੀਪ ਸਿੰਘ ਖੈਰਾ, ਭਾਈ ਦਵਿੰਦਰਪਾਲ ਸਿੰਘ ਭੁੱਲਰ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ ਤੇ ਹੋਰ ਸਿੰਘਾਂ ਤੇ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਹੱਕ ਦੀ ਗੱਲ ਕਰਦਿਆਂ ਸਰਕਾਰ ਪਾਸੋਂ ਤੁਰੰਤ ਰਿਹਾਈ ਦੀ ਮੰਗ ਕੀਤੀ | ਗਿਆਨੀ ਗੜਗੱਜ ਨੇ ਸਰਕਾਰ ਵਲੋਂ 2019 'ਚ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਜਾਰੀ ਕੀਤੇ ਨੋਟੀਫਿਕੇਸ਼ਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਨੂੰ ਆਪਣੇ ਫ਼ੈਸਲੇ 'ਤੇ ਦਿ੍ੜ੍ਹ ਰਹਿਣਾ ਚਾਹੀਦਾ ਹੈ ਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ ਕਰਨਾ ਚਾਹੀਦਾ ਹੈ | ਜਥੇਦਾਰ ਗੜਗੱਜ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਹਰ ਗੁਰਦੁਆਰਾ ਸਾਹਿਬ 'ਚ ਪਹਿਰੇਦਾਰੀ ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨੇ ਲਾਜ਼ਮੀ ਬਣਾਏ ਜਾਣ ਲਈ ਕਿਹਾ | ਉਨ੍ਹਾਂ ਪਾਕਿ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਬੰਦ ਪਿਆ ਲਾਂਘਾ ਖੋਲ੍ਹਣ ਦੀ ਵੀ ਮੰਗ ਕੀਤੀ | ਉਨ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੇ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਦਿੱਲੀ ਵਿਖੇ ਹੋ ਰਹੇ ਸਮਾਗਮਾਂ ਸਮੇਂ ਵੱਧ ਤੋਂ ਵੱਧ ਸੰਗਤਾਂ ਨੂੰ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ | ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਵੀ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀ ਵਧਾਈ ਦਿੱਤੀ | ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ ਦੀ ਵਧਾਈ ਦਿੱਤੀ ਹੈ | ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਮੈਂਬਰ ਗੁਰਬਚਨ ਸਿੰਘ ਕਰਮੂੰਵਾਲਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਮਗਵਿੰਦਰ ਸਿੰਘ ਖਾਪੜਖੇੜੀ, ਅਮਰਜੀਤ ਸਿੰਘ ਬੰਡਾਲਾ, ਅਮਰਜੀਤ ਸਿੰਘ ਭਲਾਈਪੁਰ, ਬਲਵਿੰਦਰ ਸਿੰਘ ਵੇਈਾਪੂਈਾ, ਦਰਸ਼ਨ ਸਿੰਘ ਬਰਾੜ, ਹਰਭਜਨ ਸਿੰਘ ਮਸਾਣਾ, ਭਾਈ ਅਜੈਬ ਸਿੰਘ ਅਭਿਆਸੀ, ਅਕਾਲੀ ਆਗੂ ਸੁੱਚਾ ਸਿੰਘ ਲੰਗਾਹ, ਓ.ਐਸ.ਡੀ. ਸਤਬੀਰ ਸਿੰਘ, ਸਕੱਤਰ ਪ੍ਰਤਾਪ ਸਿੰਘ, ਸੁਖਮਿੰਦਰ ਸਿੰਘ, ਬਲਵਿੰਦਰ ਸਿੰਘ ਕਾਹਲਵਾਂ, ਵਧੀਕ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ, ਬਿਜੈ ਸਿੰਘ, ਪ੍ਰੀਤਪਾਲ ਸਿੰਘ ਤੇ ਸ੍ਰੀ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਭਗਵੰਤ ਸਿੰਘ ਧੰਗੇੜਾ ਆਦਿ ਹਾਜ਼ਰ ਸਨ |
ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸੰਦੇਸ਼ ਸਮਾਗਮ 'ਚ ਨਹੀਂ ਹੋਏ ਸ਼ਾਮਿਲ
ਇਸੇ ਦੌਰਾਨ ਜਥੇਦਾਰ ਗੜਗੱਜ ਵਲੋਂ ਸੰਦੇਸ਼ ਜਾਰੀ ਕਰਨ ਮੌਕੇ ਰਵਾਇਤ ਅਨੁਸਾਰ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰ ਸਿੰਘ, ਜਥੇਦਾਰ ਬਲਬੀਰ ਸਿੰਘ 96 ਕਰੋੜੀ ਤੇ ਜਥੇਦਾਰ ਬਾਬਾ ਜੋਗਾ ਸਿੰਘ ਸ਼ਾਮਿਲ ਨਹੀਂ ਹੋਏ ਤੇ ਉਹ ਉਸ ਵੇਲੇ ਹੀ ਸ੍ਰੀ ਦਰਬਾਰ ਸਾਹਿਬ ਪਰਿਕਰਮਾ 'ਚ ਪੁੱਜੇ ਜਦੋਂ ਜਥੇਦਾਰ ਗੜਗੱਜ ਸੰਦੇਸ਼ ਪੜ੍ਹ ਚੁੱਕੇ ਸਨ |

ਪਿਛਲੀ ਖ਼ਬਰ ਪੰਜਾਬ ਦੇ ਹਵਾ ਗੁਣਵੱਤਾ ਸੂਚਕ ਅੰਕ 'ਚ ਪਿਛਲੇ ਸਾਲਾਂ ਨਾਲੋਂ ਸੁਧਾਰ ਪਰ ਹਾਲਾਤ ਗੰਭੀਰ ਅਗਲੀ ਖ਼ਬਰ ਦੀਵਾਲੀ ਤੋਂ ਬਾਅਦ ਵਧਿਆ ਪ੍ਰਦੂਸ਼ਣ ਦਿੱਲੀ ਸਮੇਤ ਉੱਤਰ ਭਾਰਤ ਬਣਿਆ ਗੈਸ ਚੈਂਬਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।