ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਰਾਜਧਾਨੀ 'ਚ ਜੰਮ ਕੇ ਚੱਲੇ ਪਟਾਕੇ
ਨਵੀਂ ਦਿੱਲੀ, 21 ਅਕਤੂਬਰ (ਜਗਤਾਰ ਸਿੰਘ, ਏਜੰਸੀ)-ਦੀਵਾਲੀ ਤੋਂ ਬਾਅਦ ਕੌਮੀ ਰਾਜਧਾਨੀ ਦਿੱਲੀ ਸਮੇਤ ਪੂਰੇ ਉੱਤਰੀ ਭਾਰਤ 'ਚ ਹਵਾ ਪ੍ਰਦੂਸ਼ਣ 'ਚ ਵਾਧਾ ਵੇਖਣ ਨੂੰ ਮਿਲਿਆ ਹੈ | ਦਿੱਲੀ 'ਚ ਮੰਗਲਵਾਰ ਸਵੇਰੇ ਧੂੰਏਾ ਦੀ ਸੰਘਣੀ ਚਾਦਰ ਛਾਈ ਹੋਈ ਹੈ | ਸਿਸਟਮ ਆਫ਼ ਏਅਰ ਕੁਆਲਿਟੀ ਐਂਡ ਵੈਦਰ ਫੋਰਕਾਸਟਿੰਗ ਐਂਡ ਰਿਸਰਚ (ਐਸ.ਏ.ਐਫ.ਏ.ਆਰ.) ਦੇ ਅੰਕੜਿਆਂ ਅਨੁਸਾਰ ਦਿੱਲੀ 'ਚ ਹਵਾ ਦੀ ਗੁਣਵੱਤਾ ਬਹੁਤ ਮਾੜੀ ਹੈ | ਇਸੇ ਤਰ੍ਹਾਂ ਦੀਵਾਲੀ ਤੋਂ ਬਾਅਦ ਪੰਜਾਬ ਤੇ ਹਰਿਆਣਾ ਦੀ ਆਬੋ ਹਵਾ ਜ਼ਹਿਰੀਲੀ ਹੋ ਗਈ ਹੈ | ਪੰਜਾਬ 'ਚ ਕਿਸਾਨਾਂ ਵਲੋਂ ਪਰਾਲੀ ਸਾੜਨ ਦਾ ਸਿਲਸਿਲਾ ਜਾਰੀ ਰਹਿਣ ਕਰਕੇ ਸੂਬੇ ਦੇ ਕੁਝ ਹਿੱਸਿਆਂ 'ਚ ਧੂੰਏ ਦਾ ਗੁਬਾਰ ਚੜਿ੍ਹਆ ਹੋਇਆ ਹੈ | ਦਿੱਲੀ ਨੇ ਦੀਵਾਲੀ 'ਤੇ ਚਾਰ ਸਾਲਾਂ ਵਿਚ ਆਪਣੀ ਸਭ ਤੋਂ ਮਾੜੀ ਹਵਾ ਗੁਣਵੱਤਾ ਦਰਜ ਕੀਤੀ, ਰਾਤ ਨੂੰ ਪ੍ਰਦੂਸ਼ਣ ਦੇ ਪੱਧਰ ਵਿਚ ਤੇਜ਼ੀ ਨਾਲ ਵਾਧਾ ਹੋਇਆ ਕਿਉਂਕਿ ਪੀਐਮ2.5 ਦੀ ਗਾੜ੍ਹਾਪਣ 675 'ਤੇ ਪਹੁੰਚ ਗਈ - ਇਹ 2021 ਤੋਂ ਬਾਅਦ ਕਦੇ ਇਸ ਪੱਧਰ 'ਤੇ ਨਹੀਂ ਦੇਖੀ ਗਈ | ਸੋਮਵਾਰ ਸ਼ਾਮ 4 ਵਜੇ ਦਿੱਲੀ ਦਾ 24 ਘੰਟਿਆਂ ਦਾ ਔਸਤ ਏ.ਕਿਊ.ਆਈ 345 'ਤੇ 'ਬਹੁਤ ਖਰਾਬ' ਸ਼੍ਰੇਣੀ ਵਿਚ ਸੀ | ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ, ਇਸ ਦੇ ਮੁਕਾਬਲੇ, ਇਹ 2024 ਵਿਚ 330, 2023 ਵਿਚ 218, 2022 ਵਿਚ 312 ਅਤੇ 2021 ਵਿਚ 382 ਸੀ | ਕਈ ਜਲਵਾਯੂ ਮਾਹਿਰਾਂ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਉੱਚ ਪੱਧਰ 'ਤੇ ਪਹੁੰਚੇ ਹਵਾ ਪ੍ਰਦੂਸ਼ਣ ਸੰਬੰਧੀ ਘੰਟਿਆਂ ਦਾ ਡੇਟਾ ਗਾਇਬ ਹੋ ਗਿਆ ਹੈ | ਹਾਲਾਂਕਿ, ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਦਾਅਵਾ ਕੀਤਾ ਕਿ ਸਾਰਾ ਡੇਟਾ ਬਰਕਰਾਰ ਹੈ ਤੇ ਵਿਭਾਗ ਦੀ ਵੈੱਬਸਾਈਟ ਤੇ ਐਪਸ ਪੂਰੀ ਤਰ੍ਹਾਂ ਕਾਰਜਸ਼ੀਲ ਹਨ | ਸੁਪਰੀਮ ਕੋਰਟ ਨੇ ਦਿੱਲੀ ਐੱਨ.ਸੀ.ਆਰ. 'ਚ ਦੀਵਾਲੀ ਮੌਕੇ ਗ੍ਰੀਨ ਪਟਾਕਿਆਂ ਦੀ ਵਿਕਰੀ ਤੇ ਵਰਤੋਂ ਦੀ ਇਜਾਜ਼ਤ ਦਿੱਤੀ ਸੀ | ਅਦਾਲਤ ਨੇ ਦਿੱਲੀ 'ਚ ਦੀਵਾਲੀ ਤੋਂ ਪਹਿਲਾਂ ਤੇ ਦੀਵਾਲੀ ਵਾਲੇ ਦਿਨ, ਯਾਨੀ 20 ਤੇ 21 ਅਕਤੂਬਰ ਨੂੰ ਸਵੇਰੇ 6 ਵਜੇ ਤੋਂ 7 ਵਜੇ ਤੇ ਸ਼ਾਮ 8 ਵਜੇ ਤੋਂ 10 ਵਜੇ ਤੱਕ ਹੀ ਗ੍ਰੀਨ ਪਟਾਕੇ ਚਲਾਉਣ ਦੀ ਖੁੱਲ੍ਹ ਦਿੱਤੀ ਸੀ | ਹਾਲਾਂਕਿ ਕੌਮੀ ਰਾਜਧਾਨੀ ਦੇ ਬਹੁਤੇ ਇਲਾਕਿਆਂ 'ਚ ਪ੍ਰਦੂਸ਼ਣ ਦੇ ਚਿੰਤਾਜਨਕ ਪੱਧਰ ਦੀ ਰਿਪੋਰਟ ਕੀਤੀ ਗਈ | ਐਨ.ਡੀ.ਟੀ.ਵੀ. ਦੀ ਰਿਪੋਰਟ ਅਨੁਸਾਰ ਆਨੰਦ ਵਿਹਾਰ 'ਚ ਪੀ.ਐਮ. 2.5 ਦਾ ਪੱਧਰ 358 ਤੇ ਪੀ.ਐਮ. 10 ਦਾ ਪੱਧਰ 340 ਮਾਪਿਆ ਗਿਆ | ਵਜ਼ੀਰਪੁਰ 'ਚ ਹਵਾ ਗੁਣਵੱਤਾ ਸੂਚਕ ਅੰਕ 408 ਦਰਜ ਕੀਤਾ ਗਿਆ, ਜੋ ਗੰਭੀਰ ਸ਼੍ਰੇਣੀ 'ਚ ਪਹੁੰਚ ਗਿਆ, ਜਿਸ 'ਚ ਪੀ.ਐਮ. 2.5 ਮੁੱਖ ਪ੍ਰਦੂਸ਼ਕ ਸੀ | ਆਰ.ਕੇ. ਪੁਰਮ 'ਚ ਏ.ਕਿਊ.ਆਈ. 368 ਦਰਜ ਕੀਤਾ ਗਿਆ ਜਦਕਿ ਆਈ.ਐਨ.ਏ. ਦੇ ਦਿਲੀ ਹਾਟ ਤੋਂ ਮਿਲੀਆਂ ਤਸਵੀਰਾਂ 'ਚ ਸੰਘਣੀ ਧੁੰਦ ਦਿਖਾਈ ਦੇ ਰਹੀ ਸੀ, ਜਿਸ ਕਾਰਨ ਵਾਹਨ ਚਾਲਕਾਂ ਨੂੰ ਦਿਨ ਦੇ ਸਮੇਂ ਹੈੱਡਲਾਈਟਾਂ ਚਾਲੂ ਕਰਨ ਲਈ ਮਜਬੂਰ ਹੋਣਾ ਪਿਆ | ਪਾਬੰਦੀ ਦੇ ਬਾਵਜੂਦ ਦਿੱਲੀ 'ਚ ਪ੍ਰਦੂਸ਼ਣ ਦੇ ਪੱਧਰ 'ਚ ਬਹੁਤਾ ਫ਼ਰਕ ਨਹੀਂ ਪਿਆ | ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਵਲੋਂ ਨਿਗਰਾਨੀ ਕੀਤੇ ਗਏ 39 ਨਿਗਰਾਨੀ ਸਟੇਸ਼ਨਾਂ 'ਚੋਂ 38 ਦੇ ਅੰਕੜਿਆਂ ਅਨੁਸਾਰ ਸੋਮਵਾਰ ਸ਼ਾਮ 4 ਵਜੇ ਦਿੱਲੀ ਦਾ 24-ਘੰਟੇ ਦਾ ਔਸਤ ਏ.ਕਿਊ.ਆਈ. 345 ਸੀ, ਜੋ ਅਜੇ ਵੀ ਬਹੁਤ ਮਾੜੀ ਸ਼੍ਰੇਣੀ 'ਚ ਹੈ |
ਦੀਵਾਲੀ ਤੋਂ ਬਾਅਦ ਵਧਿਆ ਪ੍ਰਦੂਸ਼ਣ ਦਿੱਲੀ ਸਮੇਤ ਉੱਤਰ ਭਾਰਤ ਬਣਿਆ ਗੈਸ ਚੈਂਬਰ <br/>
ਅਜੀਤ ਡੈਸਕ
22-10-2025