07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਪੰਜਾਬ ਦੇ ਹਵਾ ਗੁਣਵੱਤਾ ਸੂਚਕ ਅੰਕ 'ਚ ਪਿਛਲੇ ਸਾਲਾਂ ਨਾਲੋਂ ਸੁਧਾਰ ਪਰ ਹਾਲਾਤ ਗੰਭੀਰ

ਅਜੀਤ ਡੈਸਕ 22-10-2025

ਪਟਿਆਲਾ, 21 ਅਕਤੂਬਰ (ਗੁਰਵਿੰਦਰ ਸਿੰਘ ਔਲਖ)-ਦੀਵਾਲੀ ਤੋਂ ਬਾਅਦ ਪੰਜਾਬ ਦੇ ਕਈ ਸ਼ਹਿਰਾਂ 'ਚ ਹਵਾ ਪ੍ਰਦੂਸ਼ਣ ਦਾ ਪੱਧਰ ਚਿੰਤਾਜਨਕ ਦਰਜੇ ਤੱਕ ਵਧਿਆ ਹੈ, ਭਾਵੇਂ ਕਿ ਇਸ ਵਰ੍ਹੇ ਪਿਛਲੇ ਸਾਲਾਂ ਨਾਲੋਂ ਸੂਬੇ ਦੇ ਔਸਤਨ ਹਵਾ ਗੁਣਵੱਤਾ ਸੂਚਕ 'ਚ ਕੁਝ ਸੁਧਾਰ ਜ਼ਰੂਰ ਦਰਜ ਕੀਤਾ ਗਿਆ ਹੈ, ਪਰ ਇਸ ਦੇ ਬਾਵਜੂਦ ਵੀ ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਦਰਜ ਕੀਤੇ ਅੰਕੜੇ ਗੰਭੀਰਤਾ ਵਾਲੇ ਹਨ | ਜਲੰਧਰ, ਲੁਧਿਆਣਾ, ਮੰਡੀ ਗੋਬਿੰਦਗੜ੍ਹ, ਅੰਮਿ੍ਤਸਰ ਤੇ ਪਟਿਆਲਾ 'ਚ ਹਵਾ ਗੁਣਵੱਤਾ 'ਖ਼ਰਾਬ' ਸ਼੍ਰੇਣੀ 'ਚ ਦਰਜ ਕੀਤੀ ਗਈ ਹੈ, ਜੋ ਸਿਹਤ ਲਈ ਨੁਕਸਾਨਦੇਹ ਮੰਨੀ ਜਾਂਦੀ ਹੈ | ਜਾਰੀ ਸਾਲਾਨਾ ਅੰਕੜਿਆਂ ਅਨੁਸਾਰ ਇਸ ਸਾਲ ਪੰਜਾਬ ਦਾ ਔਸਤਨ ਹਵਾ ਗੁਣਵੱਤਾ ਸੂਚਕ ਅੰਕ 234 ਦਰਜ ਕੀਤਾ ਗਿਆ ਹੈ, ਜੋ ਕਿ ਪਿਛਲੇ ਸਾਲ ਦੇ ਔਸਤ 255 ਨਾਲੋਂ ਘੱਟ ਹੈ | ਹਾਲਾਂਕਿ ਇਹ ਘਟਾਅ ਸੁਧਾਰ ਦੀ ਨਿਸ਼ਾਨੀ ਮੰਨੀ ਜਾ ਰਹੀ ਹੈ, ਪਰ ਇਹ ਪੱਧਰ ਅਜੇ ਵੀ 'ਖ਼ਰਾਬ' ਸ਼੍ਰੇਣੀ 'ਚ ਆਉਂਦਾ ਹੈ | ਪਿਛਲੇ ਸਾਲਾਂ ਦੇ ਰਿਕਾਰਡ ਮੁਤਾਬਿਕ 2024 'ਚ ਪੰਜਾਬ ਦਾ ਹਵਾ ਗੁਣਵੱਤਾ ਸੂਚਕ ਅੰਕ 255 ਦਰਜ ਕੀਤਾ ਗਿਆ ਸੀ, ਜਦਕਿ ਸਾਲ 2023 'ਚ ਔਸਤ ਆਈ.ਕਿਊ ਦਾ ਪੱਧਰ 207, 2022 'ਚ 224 ਤੇ 2021 'ਚ 268, ਜੋ ਕਿ ਸਭ ਤੋਂ ਵੱਧ ਦਰਜ ਕੀਤਾ ਗਿਆ ਸੀ | ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬ 'ਚ ਹਵਾ ਪ੍ਰਦੂਸ਼ਣ ਲਗਾਤਾਰ ਇਕ ਸੰਵੇਦਨਸ਼ੀਲ ਮੁੱਦਾ ਬਣਿਆ ਹੋਇਆ ਹੈ | ਅੱਜ ਸ਼ਾਮ ਤੱਕ ਦੇ ਮਿਲੇ ਰੀਅਲ-ਟਾਈਮ ਅਧਿਕਾਰਤ ਅੰਕੜਿਆਂ ਅਨੁਸਾਰ ਜਲੰਧਰ 'ਚ ਹਵਾ ਗੁਣਵੱਤਾ ਸੂਚਕ 247, ਲੁਧਿਆਣਾ 'ਚ 271, ਮੰਡੀ ਗੋਬਿੰਦਗੜ੍ਹ 'ਚ 297, ਅੰਮਿ੍ਤਸਰ ਵਿਚ 224 ਅਤੇ ਪਟਿਆਲਾ ਵਿਚ 206 ਦਰਜ ਕੀਤਾ ਗਿਆ | ਪ੍ਰਦੂਸ਼ਣ ਬੋਰਡ ਅਨੁਸਾਰ ਇਨ੍ਹਾਂ ਪੱਧਰਾਂ ਨੂੰ ''ਖ਼ਰਾਬ ਹਵਾ ਗੁਣਵੱਤਾ'' ਸ਼੍ਰੇਣੀ ਵਿਚ ਰੱਖਿਆ ਗਿਆ ਹੈ, ਜੋ ਸਾਹ ਸੰਬੰਧੀ ਬਿਮਾਰੀਆਂ ਵਾਲੇ ਲੋਕਾਂ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ | ਮੰਡੀ ਗੋਬਿੰਦਗੜ੍ਹ, ਜੋ ਕਿ ਪਹਿਲਾਂ ਹੀ ਉਦਯੋਗਿਕ ਇਲਾਕਾ ਹੈ, ਦਾ ਪ੍ਰਦੂਸ਼ਣ ਪੱਧਰ 297 ਤੱਕ ਪਹੁੰਚ ਗਿਆ, ਜਿਸ ਨਾਲ ਇਹ ਸੂਬੇ ਦਾ ਸਭ ਤੋਂ ਵੱਧ ਪ੍ਰਭਾਵਿਤ ਸ਼ਹਿਰ ਰਿਹਾ ਹੈ | ਲੁਧਿਆਣਾ 271 ਨਾਲ ਦੂਜਾ ਤੇ ਜਲੰਧਰ 247 ਨਾਲ ਤੀਜੇ ਸਥਾਨ 'ਤੇ ਹੈ | ਹਵਾ ਵਿਚਲੇ ਧੂੜ ਦੇ ਬਾਰੀਕ ਕਣ (ਪੀ.ਐਮ. 2.5) ਅਤੇ (ਪੀ.ਐਮ. 10) ਜ਼ਹਿਰੀਲੇ ਤੱਤਾਂ ਦੀ ਮਾਤਰਾ ਸੁਰੱਖਿਅਤ ਪੱਧਰ ਤੋਂ 4 ਤੋਂ 5 ਗੁਣਾ ਵਧ ਪਾਈ ਗਈ ਹੈ | ਮਾਹਿਰਾਂ ਅਨੁਸਾਰ ਇਸ ਮਾੜੀ ਗੁਣਵੱਤਾ ਵਾਲੀ ਪ੍ਰਦੂਸ਼ਿਤ ਹਵਾ 'ਚ ਲਗਾਤਾਰ ਸਾਹ ਲੈਣ ਨਾਲ ਫੇਫੜਿਆਂ, ਦਿਲ ਤੇ ਅੱਖਾਂ 'ਤੇ ਬੁਰਾ ਅਸਰ ਪੈ ਸਕਦਾ ਹੈ | ਨਾਗਰਿਕਾਂ ਨੂੰ ਘੱਟ ਤੋਂ ਘੱਟ ਬਾਹਰ ਨਿਕਲਣ ਦੀ ਸਲਾਹ ਦਿੱਤੀ ਗਈ ਹੈ |

ਪਿਛਲੀ ਖ਼ਬਰ ਡੁਰੰਡ ਲਾਈਨ ਦੇ ਹੱਲ ਤੋਂ ਬਿਨਾਂ ਪਾਕਿ ਤੇ ਅਫ਼ਗਾਨ ਤਾਲਿਬਾਨ ਵਿਚਕਾਰ ਜੰਗਬੰਦੀ ਸੰਭਵ ਨਹੀਂ ਅਗਲੀ ਖ਼ਬਰ ਬੰਦੀ ਛੋੜ ਦਿਵਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ 'ਚ ਸੰਗਤ ਨਤਮਸਤਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।