ਕਪੂਰਥਲਾ, 1 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਇੰਡੀਅਨ ਰੇਲਵੇ ਇੰਪਲਾਈਜ਼ ਫੈਡਰੇਸ਼ਨ (ਆਈ.ਆਰ.ਈ.ਐਫ.) ਦੇ ਕੌਮੀ ਜਨਰਲ ਸਕੱਤਰ ਸਰਵਜੀਤ ਸਿੰਘ ਨੇ ਇਕ ਬਿਆਨ ਵਿਚ ਸੋਸ਼ਲ ਮੀਡੀਆ 'ਤੇ ਹੋਰ ਮਾਧਿਅਮ 'ਤੇ ਪ੍ਰਸਾਰਿਤ ਹੋ ਰਹੇ ਗੁਮਰਾਹਕੁਨ ਪੱਤਰਕਾਰ ਦਾ ਸਖ਼ਤ ਖੰਡਨ ਕਰਦਿਆਂ ਸਪਸ਼ਟ ਕੀਤਾ ਕਿ ਹਾਲ ਹੀ ਵਿਚ ਉੱਤਰੀ ਪੂਰਬੀ ਰੇਲਵੇ ਵਿਚ ਇਕ ਕਥਿਤ ਜ਼ੋਨਲ ਕਮੇਟੀ ਦੇ ਗਠਨ ਅਤੇ ਵੱਖ-ਵੱਖ ਅਹੁਦਿਆਂ 'ਤੇ ਨਿਯੁਕਤੀਆਂ ਨਾਲ ਸਬੰਧਿਤ ਜੋ ਪੱਤਰ ਸਾਹਮਣੇ ਆਇਆ ਹੈ ਉਹ ਫ਼ਰਜ਼ੀ ਆਧਾਰਹੀਣ ਤੇ ਫੈਡਰੇਸ਼ਨ ਦੇ ਅਧਿਕਾਰਤ ਫ਼ੈਸਲਿਆਂ ਦੇ ਉਲਟ ਹੈ | ਉਨ੍ਹਾਂ ਕਿਹਾ ਕਿ ਫੈਡਰੇਸ਼ਨ ਇਕ ਮਰਿਆਦਾ ਪੂਰਵਕ ਜਥੇਬੰਦਕ ਪ੍ਰਕਿਰਿਆ ਹੈ ਤੇ ਅਜਿਹਾ ਕੋਈ ਵੀ ਪੱਤਰ ਜਿਸ ਵਿਚ ਬਿਨਾਂ ਕਿਸੇ ਅਧਿਕਾਰਤ ਇਜਾਜ਼ਤ ਦ ਅਹੁਦੇਦਾਰ ਖ਼ਾਸ ਤੌਰ 'ਤੇ ਮਨੋਜ ਪਾਂਡੇ ਦਾ ਨਾਂਅ ਜਨਰਲ ਸਕੱਤਰ ਵਜੋਂ ਘੋਸ਼ਿਤ ਕੀਤਾ ਗਿਆ ਹੈ ਉਸਦੀ ਕੋਈ ਵੀ ਕਾਨੂੰਨੀ ਜਾਂ ਜਥੇਬੰਦਕ ਮਾਨਤਾ ਨਹੀਂ | ਸਰਵਜੀਤ ਸਿੰਘ ਨੇ ਕਿਹਾ ਕਿ ਉੱਤਰੀ ਪੂਰਬੀ ਰੇਲਵੇ ਵਿਚ ਮਾਨਤਾ ਪ੍ਰਾਪਤ ਜ਼ੋਨਲ ਯੂਨੀਅਨ ਐਨ.ਈ. ਰੇਲਵੇ ਮੈਨਜ ਕਾਂਗਰਸ ਹੈ ਅਤੇ ਫੈਡਰੇਸ਼ਨ ਦਾ ਸਾਰਾ ਕੰਮ ਜਥੇਬੰਦਕ ਪ੍ਰਕਿਰਿਆ ਤੇ ਸਥਾਪਿਤ ਢਾਂਚੇ ਅਨੁਸਾਰ ਹੀ ਚਲਾਇਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਫੈਡਰੇਸ਼ਨ ਦੇ ਧਿਆਨ ਵਿਚ ਆਇਆ ਕਿ ਕੁੱਝ ਵਿਅਕਤੀਆਂ ਵਲੋਂ ਮਨਮਾਨੇ ਢੰਗ ਨਾਲ ਸੰਗਠਨ ਦੀ ਦੇ ਨਾਂਅ ਦੀ ਵਰਤੋਂ ਕਰਕੇ ਗੁੰਮਰਾਹਕੁੰਨ ਸੂਚਨਾਵਾਂ ਫੈਲਾਈਆਂ ਜਾ ਰਹੀਆਂ ਹਨ ਜੋ ਕਰਮਚਾਰੀਆਂ ਵਿਚ ਭੰਬਲਭੂਸਾ ਪੈਦਾ ਕਰਨ ਦੀ ਇਕ ਡੂੰਘੀ ਸਾਜ਼ਿਸ਼ ਹੈ | ਉਨ੍ਹਾਂ ਅਜਿਹੀਆਂ ਗਤੀਵਿਧੀਆਂ ਵਿਚ ਸ਼ਾਮਲ ਵਿਅਕਤੀਆਂ ਵਿਰੁੱਧ ਸਖ਼ਤ ਸੰਵਿਧਾਨਕ ਤੇ ਅਨੁਸ਼ਾਸਨੀ ਕਾਰਵਾਈ ਦੀ ਚਿਤਾਵਨੀ ਦਿੱਤੀ | ਫੈਡਰੇਸ਼ਨ ਦੇ ਜਨਰਲ ਸਕੱਤਰ ਨੇ ਸਮੂਹ ਰੇਲ ਕਰਮਚਾਰੀਆਂ ਤੇ ਜਥੇਬੰਦੀ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਕਿਸਮ ਦੀਆਂ ਫ਼ਰਜ਼ੀ ਖ਼ਬਰਾਂ ਤੇ ਗੁਮਰਾਹਕੁਨ ਪ੍ਰਚਾਰ ਤੋਂ ਸੁਚੇਤ ਰਹਿਣ |