ਕਪੂਰਥਲਾ, 1 ਅਪ੍ਰੈਲ (ਅਮਰਜੀਤ ਕੋਮਲ)-ਸਾਹਿਤਕ ਸੰਸਥਾ ਅਦਬੀ ਸ਼ਾਮ ਕਪੂਰਥਲਾ ਦੀ ਸਾਲਾਨਾ ਮੀਟਿੰਗ ਵਿਚ ਸੰਸਥਾ ਦੀ ਨਵੀਂ ਟੀਮ ਦੀ ਚੋਣ ਜ਼ਿਲਾ ਭਾਸ਼ਾ ਅਫ਼ਸਰ ਜਸਪ੍ਰੀਤ ਕੌਰ, ਸਰਪ੍ਰਸਤ ਇੰਜ. ਖ਼ਜਾਨ ਸਿੰਘ, ਡਾ. ਹਰਭਜਨ ਸਿੰਘ ਤੇ ਪ੍ਰਧਾਨ ਸ਼ਹਿਬਾਜ ਖ਼ਾਨ ਦੀ ਦੇਖ ਰੇਖ ਹੇਠ ਹੋਈ | ਜਿਸ ਵਿਚ ਸੰਸਥਾ ਦੇ ਸਮੂਹ ਮੈਂਬਰਾਂ ਦੀ ਸਹਿਮਤੀ ਨਾਲ ਕਪੂਰਥਲਾ ਜ਼ਿਲੇ ਦੀ ਨਾਮਵਰ ਸ਼ਾਇਰਾ, ਅਨੁਵਾਦਕ ਤੇ ਸਮਾਜ ਸੇਵਿਕਾ ਪਿੰ੍ਰਸੀਪਲ ਪ੍ਰੋਮਿਲਾ ਅਰੋੜਾ ਨੂੰ ਸੰਸਥਾ ਦਾ ਪ੍ਰਧਾਨ ਤੇ ਨਰਿੰਦਰ ਨੀਤ ਨੂੰ ਸੰਸਥਾ ਦਾ ਮੁੜ ਜਨਰਲ ਸਕੱਤਰ ਚੁਣਿਆ ਗਿਆ | ਸਭਾ ਦੇ ਸਾਬਕਾ ਪ੍ਰਧਾਨ ਸ਼ਹਿਬਾਜ ਖ਼ਾਨ ਨੇ ਦੱਸਿਆ ਕਿ ਇੰਜ. ਖ਼ਜਾਨ ਸਿੰਘ, ਡਾ. ਕੇਵਲ ਸਿੰਘ ਪ੍ਰਵਾਨਾ ਤੇ ਡਾ. ਹਰਭਜਨ ਸਿੰਘ ਸੰਸਥਾ ਦੇ ਸਰਪ੍ਰਸਤ ਵਜੋਂ ਆਪਣੀਆਂ ਸੇਵਾਵਾਂ ਦਿੰਦੇ ਰਹਿਣਗੇ | ਉਨ੍ਹਾਂ ਕਿਹਾ ਕਿ ਸੰਸਥਾ ਦੀ ਨਵਨਿਯੁਕਤ ਪ੍ਰਧਾਨ ਤੇ ਜਨਰਲ ਸਕੱਤਰ ਦੋਵੇਂ ਮਹਿਲਾ ਮੈਂਬਰ ਹਨ ਜੋ ਸਾਹਿਤ ਜਗਤ ਲਈ ਇਕ ਚੰਗਾ ਸੰਕੇਤ ਹੈ | ਪਿ੍ੰਸੀਪਲ ਪ੍ਰੋਮਿਲਾ ਅਰੋੜਾ ਤੇ ਨਰਿੰਦਰ ਨੀਤ ਨੇ ਸੰਸਥਾ ਦੇ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਸਾਹਿਤ ਜਗਤ ਦੀ ਸੇਵਾ ਲਈ ਹਰ ਸੰਭਵ ਯਤਨ ਕਰਨਗੇ | ਇਸੇ ਦੌਰਾਨ ਹੀ ਜ਼ਿਲਾ ਭਾਸ਼ਾ ਅਫ਼ਸਰ ਜਸਪ੍ਰੀਤ ਕੌਰ ਨੇ ਨਵਨਿਯੁਕਤ ਪ੍ਰਧਾਨ ਤੇ ਜਨਰਲ ਸਕੱਤਰ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ | ਮੀਟਿੰਗ ਵਿਚ ਪਰਮਜੀਤ ਸਿੰਘ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਉਪਕਾਰ ਕੌਰ, ਸਾਬਕਾ ਬੈਂਕ ਮੈਨੇਜਰ ਰਵਿੰਦਰ ਕੌਰ, ਮੁਨੱਜਾ ਇਰਸ਼ਾਦ, ਅਵਤਾਰ ਸਿੰਘ ਭੰਡਾਲ, ਮੋਹਨ ਸਿੰਘ ਮੋਤੀ, ਪਰਗਣ ਸਿੰਘ ਧਾਲੀਵਾਲ, ਅਵਤਾਰ ਸਿੰਘ, ਜਸਜੀਤ ਕੌਰ ਅਤੇ ਸਹਿਜਪਾਲ ਸਿੰਘ ਆਦਿ ਹਾਜ਼ਰ ਸਨ |