ਕਪੂਰਥਲਾ, 1 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਭਾਜਪਾ ਆਗੂਆਂ ਤੇ ਵਰਕਰਾਂ ਨੇ ਬੀਤੇ ਦਿਨ ਗੜ੍ਹਸ਼ੰਕਰ ਵਿਚ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਤੋੜ ਦੇ ਵਿਰੋਧ ਵਿਚ ਅੱਜ ਭਾਜਪਾ ਦੇ ਐਸ.ਸੀ. ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਰੋਸ਼ਨ ਲਾਲ ਸਭਰਵਾਲ ਤੇ ਸੂਬਾਈ ਬੁਲਾਰੇ ਮਹਿੰਦਰ ਸਿੰਘ ਬਲੇਰ ਦੀ ਅਗਵਾਈ ਵਿਚ ਡਾ. ਅੰਬੇਡਕਰ ਭਵਨ ਕਪੂਰਥਲਾ ਵਿਚ ਰੋਸ ਵਿਖਾਵਾ ਕੀਤਾ | ਇਸ ਮੌਕੇ ਬੋਲਦਿਆਂ ਰੋਸ਼ਨ ਲਾਲ ਸਭਰਵਾਲ ਤੇ ਮਹਿੰਦਰ ਸਿੰਘ ਬਲੇਰ ਨੇ ਗੜ੍ਹਸ਼ੰਕਰ ਵਿਚ ਵਾਪਰੀ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਰਾਜ ਵਿਚ ਕਾਨੂੰਨ ਵਿਵਸਥਾ ਲਈ ਗੰਭੀਰ ਖ਼ਤਰਾ ਹਨ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਫਿਰਕੂ ਸਦਭਾਵਨਾ ਬਣਾਈ ਰੱਖਣ ਤੇ ਦੇਸ਼ ਵਿਰੋਧੀ ਤਾਕਤਾਂ ਦੇ ਮਨਸੂਬਿਆਂ ਨੂੰ ਨਾਕਾਮ ਬਣਾਉਣ | ਭਾਜਪਾ ਆਗੂਆਂ ਨੇ ਪੰਜਾਬ ਸਰਕਾਰ 'ਤੇ ਡਾਕਟਰ ਭੀਮ ਰਾਓ ਅੰਬੇਡਕਰ ਦੇ ਬੁੱਤਾਂ ਦੀ ਸੁਰੱਖਿਆ ਨਾ ਕਰਨ ਦਾ ਦੋਸ਼ ਲਗਾਇਆ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਬਿਨਾ ਦੇਰੀ ਗਿ੍ਫ਼ਤਾਰ ਕਰਕੇ ਸਖ਼ਤ ਸਜਾ ਦਿੱਤੀ ਜਾਵੇ | ਉਨ੍ਹਾਂ ਕਿਹਾ ਕਿ ਬੁੱਤ ਤੋੜਣ ਵਾਲੇ ਵਿਅਕਤੀ ਸੋਸ਼ਲ ਮੀਡੀਆ 'ਤੇ ਫ਼ੋਟੋਆਂ ਪਾ ਕੇ ਅਗਲੀ ਇਸ ਕਾਰਵਾਈ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰੰਤੂ ਭਾਜਪਾ ਅਜਿਹੇ ਲੋਕਾਂ ਦਾ ਡੱਟ ਕੇ ਵਿਰੋਧ ਕਰੇਗੀ | ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਕਪੂਰ ਚੰਦ ਥਾਪਰ, ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ, ਨਿਰਮਲ ਨਾਹਰ, ਬਲਵਿੰਦਰ ਸਿੰਘ ਰਾਈਆਂਵਾਲ, ਅਸ਼ਵਨੀ ਤੁਲੀ, ਲੱਕੀ ਸਰਪੰਚ, ਕਮਲ ਪ੍ਰਭਾਕਰ, ਮੱਸਾ ਸਿੰਘ, ਡਾ. ਅਮਰਨਾਥ, ਨਿਰਮਲ ਖਿੰਡਾ, ਸੁਨੀਲ ਖੰਡਾ, ਸੁਨੀਲ ਅਰੋੜਾ, ਸੁਨੀਲ ਸ਼ਰਮਾ, ਰੇਣੂ, ਬਿੱਟੂ ਧੰਮ, ਕੁਲਦੀਪ ਕੋਟ, ਸੋਨੂੰ ਔਜਲਾ, ਗਗਨ ਸਹੋਤਾ, ਅਮਰਜੀਤ ਸਿੰਘ, ਬਾਵਾ ਸਿੰਘ ਖਿੰਡਾ, ਬਲਜਿੰਦਰ ਪਵਾਰ, ਅਸ਼ੀਸ਼ ਮਹਿਤਾ, ਰਾਜਨ ਠੀਗੀ, ਬਾਬਾ ਕੁਲਵਿੰਦਰ ਸਿੰਘ, ਸ਼ਿਵਮ ਰਾਜਪੂਤ ਆਦਿ ਹਾਜ਼ਰ ਸਨ |