ਫਗਵਾੜਾ, 19 ਫਰਵਰੀ (ਹਰਜੋਤ ਸਿੰਘ ਚਾਨਾ)- ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਤੇ ਸੀ.ਪੀ.ਐਫ. ਕਰਮਚਾਰੀ ਯੂਨੀਅਨ ਪੰਜਾਬ ਵਲੋਂ ਅੱਜ ਮੁੱਖ ਮੰਤਰੀ ਦਾ ਪੁਤਲਾ ਤੇ ਅਰਥੀ ਫ਼ੂਕ ਕੇ ਸੈਂਕੜਿਆਂ ਅਧਿਆਪਕਾਂ ਤੇ ਕਰਮਚਾਰੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ | ਆਗੂਆਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਪਿਛਲੇ ਚਾਰ ਸਾਲਾਂ ਤੋਂ ਪੁਰਾਣੀ ਪੈਨਸ਼ਨ ਬਹਾਲੀ ਦੇ ਚੋਣ ਵਾਅਦੇ ਨੂੰ ਲਾਗੂ ਕਰਨ 'ਚ ਨਾਕਾਮ ਰਹੀ ਹੈ | ਗੱਲਬਾਤ ਕਰਦਿਆਂ ਜਸਬੀਰ ਸੈਣੀ, ਹਰਸਿਮਰਨ ਸਿੰਘ, ਜਸਬੀਰ ਭੰਗੂ, ਸਤਵੰਤ ਟੂਰਾ, ਪਰਮਿੰਦਰ ਪਾਲ ਸਿੰਘ, ਗੁਰਮੁਖ ਲੋਕਪ੍ਰੇਮੀ ਤੇ ਦਲਜੀਤ ਸੈਣੀ ਸਮੇਤ ਆਗੂਆਂ ਨੇ ਕਿਹਾ ਕਿ 18 ਨਵੰਬਰ 2022 ਨੂੰ ਜਾਰੀ ਕੀਤਾ ਗਿਆ ਨੋਟੀਫ਼ਿਕੇਸ਼ਨ ਅਜੇ ਤੱਕ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਸਕਿਆ | ਉਨ੍ਹਾਂ ਕਿਹਾ ਕਿ ਸਰਕਾਰ ਪੈਨਸ਼ਨ ਬਹਾਲੀ ਦੇ ਮੁੱਦੇ 'ਤੇ ਸਾਜ਼ਿਸ਼ੀ ਚੁੱਪੀ ਧਾਰਨ ਕੀਤੇ ਬੈਠੀ ਹੈ ਜਿਸ ਕਾਰਨ ਕਰਮਚਾਰੀਆਂ 'ਚ ਰੋਸ ਵੱਧ ਰਿਹਾ ਹੈ | ਆਗੂਆਂ ਨੇ ਐਲਾਨ ਕੀਤਾ ਕਿ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਸਮੂਹ ਐਨ.ਪੀ.ਐਸ. ਕਰਮਚਾਰੀ ਵਿਧਾਨ ਸਭਾ ਵੱਲ ਮਾਰਚ ਕਰਨਗੇ | ਇਸ ਸੰਬੰਧੀ ਬਲਾਕ ਪੱਧਰ 'ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਅੰਦੋਲਨ ਤੋਂ ਧਿਆਨ ਭਟਕਾਉਣ ਲਈ ਅਧਿਆਪਕਾਂ 'ਤੇ ਟੈਂਟ ਦੀ ਬੇਲੋੜੀ ਸ਼ਰਤ ਥੋਪੀ ਗਈ ਹੈ | ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਤੁਰੰਤ ਵਿਧਾਨ ਸਭਾ 'ਚ ਆਰਡੀਨੈਂਸ ਪਾਸ ਕਰਕੇ ਟੈੱਟ ਦੀ ਸ਼ਰਤ ਵਾਪਸ ਲਵੇ, ਨਹੀਂ ਤਾਂ ਦੋਵਾਂ ਮੁੱਦਿਆਂ 'ਤੇ ਤਿੱਖਾ ਸੰਘਰਸ਼ ਕੀਤਾ ਜਾਵੇਗਾ | ਇਸ ਦੇ ਨਾਲ ਹੀ 22 ਫਰਵਰੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੀ ਮਹਾਂ ਰੈਲੀ 'ਚ ਵੱਡੀ ਗਿਣਤੀ 'ਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਗਿਆ | ਇਸ ਮੌਕੇ ਅੰਮਿ੍ਤਪਾਲ ਸਿੰਘ, ਵਿਨੋਦ ਕੁਮਾਰ, ਰਾਮਪਾਲ, ਤੀਰਥ ਸਿੰਘ, ਮਨਜੀਤ ਗਾਠ, ਗੌਰਵ ਰਾਠੌਰ, ਰਵਿੰਦਰ ਕੁਮਾਰ, ਕੁਲਵਿੰਦਰ ਰਾਏ, ਬਿਕਰਮਜੀਤ ਸਿੰਘ ਸਮੇਤ ਕਈ ਅਧਿਆਪਕ ਤੇ ਕਰਮਚਾਰੀ ਹਾਜ਼ਰ ਸਨ |