ਸੁਭਾਨਪੁਰ, 19 ਫਰਵਰੀ (ਸਤਨਾਮ ਸਿੰਘ)- ਥਾਣਾ ਸੁਭਾਨਪੁਰ ਪੁਲਿਸ ਨੇ ਦੋ ਨੌਜਵਾਨਾਂ ਨੂੰ ਨਸ਼ਾ ਵੇਚਦੇ ਸਮੇਂ 22 ਗ੍ਰਾਮ ਹੈਰੋਇਨ ਤੇ ਕੰਪਿਊਟਰ ਕੰਡੇ ਸਮੇਤ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਏ.ਐਸ.ਆਈ. ਸੁਖਵਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਜਦੋਂ ਹਮੀਰਾ ਪੁੱਲ ਨੇੜੇ ਪੁੱਜੇ ਤਾਂ ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਕਿ ਬੰਦ ਪਈ ਹਵੇਲੀ ਹਮੀਰਾ ਅੰਦਰ ਦੋ ਨੌਜਵਾਨ ਕਥਿਤ ਤੌਰ 'ਤੇ ਨਸ਼ਾ ਵੇਚ ਰਹੇ ਹਨ ਜਿਸ 'ਤੇ ਤੁਰੰਤ ਕਾਰਵਾਈ ਕਰਦਿਆਂ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਛਾਪੇਮਾਰੀ ਕਰਕੇ ਦੋਵਾਂ ਨੌਜਵਾਨਾਂ ਨੂੰ ਕਾਬੂ ਕੀਤਾ | ਪੁੱਛਗਿੱਛ ਕਰਨ 'ਤੇ ਉਨ੍ਹਾਂ ਆਪਣੀ ਪਹਿਚਾਣ ਸੁਰਜੀਤ ਕੁਮਾਰ ਪੁੱਤਰ ਮਿਥਲੇਸ਼ ਠਾਕੁਰ ਵਾਸੀ ਪਿੰਡ ਮੁਰਾਰ ਤੇ ਜੋਗਾ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਹਮੀਰਾ ਦੱਸੀ ਜਿਨ੍ਹਾਂ ਕੋਲੋਂ 22 ਗ੍ਰਾਮ ਹੈਰੋਇਨ ਤੇ ਕੰਪਿਊਟਰ ਕੰਡਾ ਬਰਾਮਦ ਹੋਇਆ ਜਿਸ ਤਹਿਤ ਦੋਵਾਂ ਵਿਰੁੱਧ ਥਾਣਾ ਸੁਭਾਨਪੁਰ ਵਿਚ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |