ਗੜ੍ਹਸ਼ੰਕਰ, 22 ਜਨਵਰੀ (ਧਾਲੀਵਾਲ)-ਭਾਜਪਾ ਦੀ ਹਲਕਾ ਗੜ੍ਹਸ਼ੰਕਰ ਤੋਂ ਇੰਚਾਰਜ ਨਿਮਿਸ਼ਾ ਮਹਿਤਾ ਨੇ 2027 ਵਿਚ ਆਉਣ ਵਾਲੀ ਗੁਰੂ ਰਵਿਦਾਸ ਜੀ ਦੀ 650 ਸਾਲਾ ਸ਼ਤਾਬਦੀ ਮਨਾਉਣ ਸੰਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਇਸ ਸਮਾਰੋਹ ਨੂੰ ਯਾਦਗਾਰੀ ਅਤੇ ਖਾਸ ਬਣਾਉਣ, ਵਿਸ਼ੇਸ਼ ਪ੍ਰਬੰਧ ਕਰਨ ਅਤੇ ਲੜੀਵਾਰ ਸਮਾਗਮ ਕਵਰਾਏ ਜਾਣ ਦੀ ਮੰਗ ਕੀਤੀ ਹੈ | ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਿਮਿਸ਼ਾ ਮਹਿਤਾ ਨੇ ਹਲਕਾ ਗੜ੍ਹਸ਼ੰਕਰ ਵਿਚ ਸਥਿਤ ਗੁਰੂ ਰਵਿਦਾਸ ਜੀ ਦੇ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਨੂੰ ਜਾਣ ਵਾਲੀ ਸੜਕ ਨੂੰ ਜਲਦੀ ਤੋਂ ਜਲਦੀ ਚਹੁ-ਮਾਰਗੀ ਬਣਾਉਣ ਦੀ ਵੀ ਮੰਗ ਰੱਖੀ ਹੈ | ਉਨ੍ਹਾਂ ਕਿਹਾ ਕਿ ਇਸ ਤੀਰਥ ਅਸਥਾਨ ਨੂੰ ਜਾਣ ਵਾਲਾ ਰਸਤਾ ਬੇਹੱਦ ਤੰਗ ਅਤੇ ਅਸੁਰੱਖਿਅਤ ਹੋਣ ਕਰਕੇ ਹਰ ਸਾਲ ਭਿਆਨਕ ਸੜਕ ਹਾਦਸੇ ਵਾਪਰਦੇ ਹਨ ਅਤੇ 2022 ਤੋਂ ਹੁਣ ਤੱਕ ਇਨ੍ਹਾਂ ਸੜਕ ਹਾਦਸਿਆਂ 'ਚ 14 ਤੋਂ ਵਧੇਰੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ | ਉਨ੍ਹਾਂ ਕਿਹਾ ਕਿ ਸ੍ਰੀ ਖੁਰਾਲਗੜ੍ਹ ਸਾਹਿਬ ਮੱਥਾ ਟੇਕਣ ਲਈ ਪੰਜਾਬ ਹੀ ਨਹੀਂ ਸਗੋਂ ਬਾਹਰੀ ਸੂਬਿਆਂ ਤੋਂ ਵੀ ਲੋਕ ਆਉਂਦੇ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਇਹ ਜ਼ਰੂਰੀ ਹੈ ਕਿ ਇਸ ਤੀਰਥ ਅਸਥਾਨ ਨੂੰ ਜਾਣ ਵਾਲੀ ਸੜਕ ਨੂੰ ਚਹੁ-ਮਾਰਗੀ, ਸੁਰੱਖਿਅਤ ਅਤੇ ਬਕਾਇਦਾ ਸੋਲਰ ਲਾਈਟਾਂ ਨਾਲ ਰੁਸ਼ਨਾਇਆ ਜਾਵੇ ਤਾਂ ਜੋ ਬਾਹਰੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਖਤਰੇ ਅਤੇ ਖੱਜਲ-ਖੁਆਰੀ ਤੋਂ ਬਚਾਇਆ ਜਾ ਸਕੇ | ਨਿਮਿਸ਼ਾ ਮਹਿਤਾ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੇ 650ਵੇਂ ਸਾਲ ਦੀ ਸ਼ੁਰੂਆਤ ਫਰਵਰੀ 2026 ਤੋਂ ਹੋ ਜਾਵੇਗੀ ਅਤੇ ਪੰਜਾਬ ਸਰਕਾਰ ਲੋਕਾਂ ਦੀ ਸ਼ਰਧਾ ਭਾਵਨਾ ਨੂੰ ਮੁੱਖ ਰੱਖਦਿਆਂ ਸ਼ਤਾਬਦੀ ਨੂੰ ਮਨਾਉਣ ਲਈ ਸਾਲ ਭਰ ਲਈ ਵੱਖ-ਵੱਖ ਸਰਕਾਰੀ ਸਮਾਗਮਾਂ ਦਾ ਪ੍ਰਬੰਧ ਕਰੇ | ਨਿਮਿਸ਼ਾ ਮਹਿਤਾ ਨੇ ਆਪਣੇ ਪੱਤਰ ਵਿਚ ਲਿਖਿਆ ਕਿ ਉਹ ਆਸ ਕਰਦੇ ਹਨ ਕਿ ਗੁਰੂ ਰਵਿਦਾਸ ਜੀ ਜੀ ਦੇ ਪੈਰੋਕਾਰਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਉਨ੍ਹਾਂ ਦੀ ਇਸ ਮੰਗ ਨੂੰ ਜ਼ਰੂਰ ਪ੍ਰਵਾਨ ਕਰੇਗੀ ਅਤੇ ਇਲਾਕਾ ਗੜ੍ਹਸ਼ੰਕਰ ਵਿਚ ਸਥਿਤ ਗੁਰੂ ਰਵਿਦਾਸ ਜੀ ਤੀਰਥ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਨੂੰ ਜਾਣ ਵਾਲੇ ਰਸਤੇ ਨੂੰ ਵੀ ਚਹੁ-ਮਾਰਗੀ ਜ਼ਰੂਰ ਬਣਵਾਏਗੀ |