02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਪਿੰਡ ਬੱਲੋ ਦੀ ਪੰਚਾਇਤ ਦਾ ਇਨਕਲਾਬੀ ਕਦਮ-ਸ਼ੁਰੂ ਕੀਤੀ ‘ਧੀਆਂ ਦੇ ਸਿਰਤਾਜ ਮਾਪੇ’ ਸਕੀਮ

ਅਜੀਤ ਡੈਸਕ 02-07-2026
ਚਾਉਕੇ, 1 ਜੁਲਾਈ (ਮਨਜੀਤ ਸਿੰਘ ਘੜੈਲੀ)-ਸਮਾਜ ’ਚੋਂ ਕੁੜੀਆਂ ਅਤੇ ਮੁੰਡਿਆਂ ਦਾ ਭੇਦ-ਭਾਵ ਖ਼ਤਮ ਕਰਨ ਅਤੇ ਧੀਆਂ ਦੇ ਸਨਮਾਨ ਨੂੰ ਬਹਾਲ ਕਰਨ ਲਈ ਗ੍ਰਾਮ ਪੰਚਾਇਤ ਬੱਲੋ ਵਲੋਂ ਪਹਿਲਕਦਮੀ ਕੀਤੀ ਹੈ। ਹਾੜ੍ਹੀ ਰੁੱਤ ਦੇ ਵਿਸ਼ੇਸ਼ ਆਮ ਇਜਲਾਸ ਦੌਰਾਨ ਪੰਚਾਇਤ ਵਲੋਂ ‘ਧੀਆਂ ਦੇ ਸਿਰਤਾਜ ਮਾਪੇ’ ਸਕੀਮ ਦਾ ਆਗਾਜ਼ ਕੀਤਾ ਗਿਆ ਹੈ। ਇਹ ਮੀਟਿੰਗ ਪਿੰਡ ਦੀ ਆਧੁਨਿਕ ਯੂਥ ਲਾਇਬਰੇਰੀ ਵਿਖੇ ਸਰਪੰਚ ਅਮਰਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ। ਸਰਪੰਚ ਅਮਰਜੀਤ ਕੌਰ ਦੀ ਅਗਵਾਈ ਹੇਠ ਗ੍ਰਾਮ ਸਭਾ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਦਿਆਂ ਫ਼ੈਸਲਾ ਕੀਤਾ ਕਿ ਇਸ ਸਕੀਮ ਤਹਿਤ ਪਿੰਡ ਦੇ ਉਨ੍ਹਾਂ ਮਾਤਾ-ਪਿਤਾ ਨੂੰ ਖ਼ਾਸ ਤੌਰ ’ਤੇ ਸਨਮਾਨਿਤ ਕਰਕੇ ‘ਚੰਗੇ ਨਾਗਰਿਕ’ ਦਾ ਰੁਤਬਾ ਦਿੱਤਾ ਜਾਵੇਗਾ, ਜਿਨ੍ਹਾਂ ਦੇ ਘਰ ਸਿਰਫ਼ ਦੋ ਜਾਂ ਦੋ ਤੋਂ ਵੱਧ ਧੀਆਂ ਹਨ ਅਤੇ ਕੋਈ ਲੜਕਾ ਨਹੀਂ ਹੈ। ਅਜਿਹੇ ਮਾਪਿਆਂ ਨੂੰ ਹਰ ਸਾਲ ‘ਕੌਮਾਂਤਰੀ ਮਹਿਲਾ ਦਿਵਸ’ ਮੌਕੇ ਸਨਮਾਨਿਤ ਕਰਨ ਦੇ ਨਾਲ-ਨਾਲ ਪਿੰਡ ਦੀ ਯੂਥ ਲਾਇਬਰੇਰੀ ’ਚ ਸਥਾਪਿਤ ਕੀਤੇ ਜਾਣ ਵਾਲੇ ’ਗੌਰਵ ਬੋਰਡ’ ’ਤੇ ਉਨ੍ਹਾਂ ਦੇ ਨਾਮ ਸੁਨਹਿਰੀ ਅੱਖਰਾਂ ਵਿਚ ਲਿਖੇ ਜਾਣਗੇ। ਇਸ ਦੇ ਨਾਲ ਹੀ, ਇਨ੍ਹਾਂ ਪਰਿਵਾਰਾਂ ਨੂੰ ਹਰ ਪੰਚਾਇਤੀ ਕੰਮ ਅਤੇ ਸਰਕਾਰੀ ਭਲਾਈ ਸਕੀਮਾਂ ’ਚ ਪਹਿਲ ਦੇ ਅਧਾਰ ’ਤੇ ਤਰਜੀਹ ਦਿੱਤੀ ਜਾਵੇਗੀ। ਪੰਚਾਇਤ ਸਕੱਤਰ ਪਰਮਜੀਤ ਸਿੰਘ ਭੁੱਲਰ ਵਲੋਂ ਗ੍ਰਾਮ ਸਭਾ ਦੇ ਸਾਹਮਣੇ ਵੱਖ-ਵੱਖ ਵਿਕਾਸ ਕਾਰਜਾਂ, ਫੰਡਾਂ ਦੀ ਆਮਦਨ ਅਤੇ ਖ਼ਰਚ ਦੀ ਵਿਸਥਾਰਪੂਰਵਕ ਰਿਪੋਰਟ ਪੜ੍ਹ ਕੇ ਸੁਣਾਈ ਗਈ, ਜਿਸ ਨੂੰ ਸਾਰੇ ਮੈਂਬਰਾਂ ਨੇ ਹੱਥ ਖੜ੍ਹੇ ਕਰਕੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਸਟੇਜ ਦਾ ਸੰਚਾਲਨ ਭੁਪਿੰਦਰ ਸਿੰਘ ਜਟਾਣਾ ਨੇ ਕੀਤਾ। ਇਸ ਮੌਕੇ ਪੰਚ ਹਾਕਮ ਸਿੰਘ ਹਰਬੰਸ ਸਿੰਘ, ਕਰਮਜੀਤ ਸਿੰਘ ਫੌਜੀ, ਪਰਮਜੀਤ ਕੌਰ, ਹਰਵਿੰਦਰ ਕੌਰ, ਰਾਜਵੀਰ ਕੌਰ, ਰਣਜੀਤ ਕੌਰ, ਅਵਤਾਰ ਸਿੰਘ ਨੰਬਰਦਾਰ, ਪ੍ਰਧਾਨ ਕਰਮਜੀਤ ਸਿੰਘ, ਪ੍ਰਧਾਨ ਰਣਜੀਤ ਸਿੰਘ, ਪ੍ਰਧਾਨ ਹਰਬੰਸ ਸਿੰਘ, ਡਾ: ਨਿਰਭੈ ਸਿੰਘ, ਪਰਮਜੀਤ ਭੁੱਲਰ ਅਤੇ ਅਧਿਆਪਕ ਗੁਰਜੀਤ ਕੌਰ ਹਾਜ਼ਰ ਸਨ।
ਪਿਛਲੀ ਖ਼ਬਰ ਭਾਕਿਯੂ (ਡਕੌਂਦਾ) ਵਲੋਂ ਬਿਜਲੀ ਗਰਿੱਡ ਕੁੱਲਰੀਆਂ ਅੱਗੇ ਰੋਸ ਧਰਨਾ ਅਗਲੀ ਖ਼ਬਰ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਸ਼ੁਰੂਆਤ ਮੌਕੇ ਵੱਖ-ਵੱਖ ਥਾਵਾਂ ’ਤੇ ਸਮਾਗਮ ਔਰਤਾਂ ਨੇ ਵੱਡੀ ਗਿਣਤੀ ’ਚ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।