ਪੁਲਿਸ ਵਲੋਂ ਮਾਰਚ ਮਹੀਨੇ 'ਚ ਡੇਢ ਕਰੋੜ ਦੀ ਹੈਰੋਇਨ ਤੇ ਅਫੀਮ ਬਰਾਮਦ-62 ਗਿ੍ਫ਼ਤਾਰ
ਅਜੀਤ ਡੈਸਕ
02-04-2026
ਡੱਬਵਾਲੀ, 1 ਅਪ੍ਰੈਲ (ਇਕਬਾਲ ਸਿੰਘ ਸ਼ਾਂਤ)-ਜ਼ਿਲ੍ਹਾ ਪੁਲਿਸ ਡੱਬਵਾਲੀ ਵਲੋਂ ਮਾਰਚ ਮਹੀਨੇ ਦੀ ਕਾਰਗੁਜ਼ਾਰੀ ਰਿਪੋਰਟ ਜਾਰੀ ਕੀਤੀ ਹੈ, ਜਿਸ ਮੁਤਾਬਕ ਮੁਤਾਬਕ ਐੱਨ.ਡੀ.ਪੀ.ਐੱਸ. ਐਕਟ ਤੇ ਆਬਕਾਰੀ ਐਕਟ ਤਹਿਤ ਕੁੱਲ 42 ਮੁਕੱਦਮੇ ਦਰਜ ਕਰਕੇ 62 ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਗਿਆ | ਪੁਲਿਸ ਵਲੋਂ ਰਿਪੋਰਟ ਵਿਚ ਕਰੀਬ ਡੇਢ ਕਰੋੜ ਰੁਪਏ ਦੀ ਹੈਰੋਇਨ ਤੇ ਲੱਖਾਂ ਰੁਪਏ ਦੀ ਅਫੀਮ ਬਰਾਮਦ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ | ਰਿਪੋਰਟ ਅਨੁਸਾਰ ਨਸ਼ਿਆਂ ਦੇ 30 ਮੁਕੱਦਮਿਆਂ 'ਚ 46 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ, ਜਦਕਿ ਪੁਰਾਣੇ ਮਾਮਲਿਆਂ 'ਚ ਲੋੜੀਂਦੇ 24 ਨਸ਼ਾ ਤਸਕਰਾਂ ਨੂੰ ਵੀ ਗਿ੍ਫ਼ਤਾਰ ਕੀਤਾ ਗਿਆ | ਇਸ ਤਰ੍ਹਾਂ ਨਸ਼ਿਆਂ ਨਾਲ ਸੰਬੰਧਿਤ ਕੁੱਲ 53 ਮੁਕੱਦਮਿਆਂ 'ਚ 70 ਮੁਲਜ਼ਮਾਂ ਦੀ ਗਿ੍ਫ਼ਤਾਰੀ ਕੀਤੀ ਗਈ ਹੈ | ਬਰਾਮਦਗੀ 'ਚ 778.033 ਗ੍ਰਾਮ ਹੈਰੋਇਨ, 2 ਕਿੱਲੋ 776 ਗ੍ਰਾਮ ਅਫੀਮ, 2 ਕਿੱਲੋ 60 ਗ੍ਰਾਮ ਚੂਰਾ ਪੋਸਤ ਤੇ 70 ਨਸ਼ੀਲੀਆਂ ਗੋਲੀਆਂ ਸ਼ਾਮਿਲ ਹਨ | ਆਬਕਾਰੀ ਐਕਟ ਤਹਿਤ 12 ਮੁਕੱਦਮਿਆਂ 'ਚ 16 ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਕੇ 144 ਬੋਤਲ ਦੇਸੀ ਸ਼ਰਾਬ, 48 ਬੋਤਲ ਅੰਗਰੇਜ਼ੀ ਸ਼ਰਾਬ ਤੇ 310 ਲੀਟਰ ਲਾਹਣ ਬਰਾਮਦ ਕੀਤਾ ਗਿਆ | ਚੋਰੀ ਦੇ ਮਾਮਲਿਆਂ 'ਚ 19 ਵਾਰਦਾਤਾਂ ਸੁਲਝਾਉਣ ਤੇ 29 ਮੁਲਜ਼ਮਾਂ ਦੀ ਗਿ੍ਫ਼ਤਾਰੀ ਦਾ ਦਾਅਵਾ ਕੀਤਾ ਹੈ | ਨਾਲ ਹੀ ਦੋ ਵਾਹਨ ਚੋਰ ਗਿਰੋਹਾਂ ਦਾ ਭਾਂਡਾ ਭੰਨ੍ਹ ਕੇ 6 ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਤੇ ਉਨ੍ਹਾਂ ਕੋਲੋਂ 2 ਸਕੂਟੀਆਂ ਤੇ 17 ਮੋਟਰਸਾਈਕਲ ਬਰਾਮਦ ਕੀਤੇ ਗਏ | ਇਸ ਤੋਂ ਇਲਾਵਾ ਤਿੰਨ ਲੋੜੀਂਦੇ ਮੁਲਜ਼ਮਾਂ ਅਤੇ ਦੋ ਬੇਲ ਜੰਪਰਾਂ ਨੂੰ ਵੀ ਗਿ੍ਫ਼ਤਾਰ ਕੀਤਾ ਗਿਆ |