16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਕਣਕ ਦੀਆਂ ਵੱਧ ਪੋਸ਼ਕ ਤੱਤਾਂ ਵਾਲੀਆਂ ਕਿਸਮਾਂ ਸੰਬੰਧੀ ਖੇਤ ਦਿਵਸ ਮਨਾਇਆ

ਅਜੀਤ ਡੈਸਕ 31-03-2026
ਸ੍ਰੀ ਮੁਕਤਸਰ ਸਾਹਿਬ, 30 ਮਾਰਚ (ਰਣਜੀਤ ਸਿੰਘ ਢਿੱਲੋਂ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿ੍ਸ਼ੀ ਵਿਗਿਆਨ ਕੇਂਦਰ ਸ੍ਰੀ ਮੁਕਤਸਰ ਸਾਹਿਬ ਵਲੋਂ ਪੌਸ਼ਿਕ ਤੱਤਾਂ ਨਾਲ ਭਰਪੂਰ ਕਣਕ ਦੀਆਂ ਕਿਸਮਾਂ ਸੰਬੰਧੀ ਖੇਤ ਦਿਵਸ ਮਨਾਇਆ ਗਿਆ | ਇਸ ਹਾੜ੍ਹੀ ਦੀ ਰੁੱਤ ਵਿਚ ਕੇ.ਵੀ.ਕੇ. ਵਲੋਂ ਵੱਖ-ਵੱਖ ਪਿੰਡਾਂ 'ਚ ਕਿਸਾਨਾਂ ਦੇ ਖੇਤਾਂ ਵਿਚ ਬਾਇਓ-ਫੋਰਟੀਫਾਈਡ ਕਣਕ ਦੀ ਕਿਸਮ ਪੀ.ਬੀ.ਡਬਲਯੂ. ਜ਼ਿੰਕ 2 ਦੀਆਂ ਪ੍ਰਦਰਸ਼ਨੀਆਂ ਲਗਵਾਈਆਂ ਗਈਆਂ ਸਨ | ਇਸ ਖੇਤ ਦਿਵਸ ਵਿਚ ਡਾ. ਗੁਰਵਿੰਦਰ ਸਿੰਘ, ਡਾ. ਵਿਵੇਕ ਕੁਮਾਰ ਤੇ ਡਾ. ਸੁਖਜਿੰਦਰ ਸਿੰਘ ਵਲੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਖੇਤੀ ਸੰਬੰਧੀ ਜਾਣਕਾਰੀ ਪ੍ਰਦਾਨ ਕੀਤੀ ਗਈ | ਪਿੰਡ ਆਸਾ ਬੁੱਟਰ ਤੇ ਸੂਰੇਵਾਲਾ ਦੇ ਕਿਸਾਨਾਂ ਨੇ ਇਸ ਪ੍ਰੋਗਰਾਮ ਵਿਚ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ | ਡਾ. ਗੁਰਵਿੰਦਰ ਸਿੰਘ ਸਹਾਇਕ ਪ੍ਰੋਫ਼ੈਸਰ (ਪਸਾਰ ਸਿੱਖਿਆ) ਨੇ ਆਪਣੇ ਸੰਬੋਧਨ ਵਿਚ ਪੌਸ਼ਿਕ ਤੱਤਾਂ ਨਾਲ ਭਰਪੂਰ ਖ਼ਾਸ ਕਿਸਮਾਂ ਦੀ ਕਾਸ਼ਤ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਕਿਸਮਾਂ ਮਨੁੱਖੀ ਸਿਹਤ ਅਤੇ ਪੋਸ਼ਣ ਸੁਧਾਰ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ | ਉਨ੍ਹਾਂ ਲੋਕਾਂ ਵਿਚ ਸਿਹਤ ਸੰਬੰਧੀ ਆ ਰਹੀਆਂ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕਣਕ ਦੀਆਂ ਕਿਸਮਾਂ ਨੂੰ ਅਪਣਾ ਕੇ ਨਾ ਸਿਰਫ਼ ਆਪਣੀ ਆਮਦਨ ਵਧਾ ਸਕਦੇ ਹਨ, ਸਗੋਂ ਸਮਾਜ ਵਿਚ ਪੋਸ਼ਣ ਸੁਰੱਖਿਆ ਨੂੰ ਵੀ ਮਜ਼ਬੂਤ ਕਰ ਸਕਦੇ ਹਨ | ਡਾ. ਵਿਵੇਕ ਕੁਮਾਰ ਸਹਾਇਕ ਪ੍ਰੋਫ਼ੈਸਰ (ਫ਼ਸਲ ਵਿਗਿਆਨ) ਨੇ ਪੌਸ਼ਿਕ ਤੱਤਾਂ ਨਾਲ ਭਰਪੂਰ ਕਣਕ ਦੀਆਂ ਸਾਰੀਆਂ ਕਿਸਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਕਿਸਾਨਾਂ ਨੂੰ ਗਰਮੀ ਰੁੱਤ ਦੀ ਮੂੰਗੀ ਦੀ ਕਾਸ਼ਤ ਅਤੇ ਆਉਣ ਵਾਲੀ ਸਾਉਣੀ ਰੁੱਤ ਦੀਆਂ ਫ਼ਸਲਾਂ ਦੀ ਤਿਆਰੀ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਡਾ. ਸੁਖਜਿੰਦਰ ਸਿੰਘ ਸਹਾਇਕ ਪੋ੍ਰਫ਼ੈਸਰ (ਫ਼ਲ ਵਿਗਿਆਨ) ਨੇ ਘਰੇਲੂ ਬਗ਼ੀਚੀ ਤੇ ਫ਼ਲ ਪੋਸ਼ਣ ਬਾਗ ਦੇ ਮਾਡਲ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਘਰੇਲੂ ਪੱਧਰ 'ਤੇ ਪੋਸ਼ਣ ਦੀ ਪੂਰਤੀ ਲਈ ਇਨ੍ਹਾਂ ਮਾਡਲਾਂ ਨੂੰ ਅਪਣਾਉਣਾ ਬਹੁਤ ਲਾਭਕਾਰੀ ਹੈ ਅਤੇ ਪਰਿਵਾਰ ਦੀ ਸਿਹਤ ਨੂੰ ਸੁਧਾਰਨ ਵਿਚ ਇਹ ਮਹੱਤਪੂਰਨ ਭੂਮਿਕਾ ਨਿਭਾਉਂਦੇ ਹਨ | ਇਸ ਮੌਕੇ ਕਿਸਾਨਾਂ ਵਲੋਂ ਪੁੱਛੇ ਗਏ ਵੱਖ-ਵੱਖ ਸਵਾਲਾਂ ਦੇ ਜਵਾਬ ਵੀ ਮਾਹਿਰਾਂ ਵਲੋਂ ਸੰਤੁਸ਼ਟੀਜਨਕ ਢੰਗ ਨਾਲ ਦਿੱਤੇ ਗਏ | ਖੇਤ ਦਿਵਸ ਦੌਰਾਨ ਕਿਸਾਨਾਂ ਨੇ ਕਣਕ ਦੀਆਂ ਪੌਸ਼ਿਕ ਤੱਤਾਂ ਨਾਲ ਭਰਪੂਰ ਕਿਸਮਾਂ ਖ਼ਾਸ ਤੌਰ 'ਤੇ ਜ਼ਿੰਕ-2 ਪ੍ਰਤੀ ਵੱਡੀ ਦਿਲਚਸਪੀ ਦਿਖਾਈ ਅਤੇ ਉਨ੍ਹਾਂ ਨੂੰ ਅਪਣਾਉਣ ਦੀ ਇੱਛਾ ਵੀ ਜਤਾਈ |
ਪਿਛਲੀ ਖ਼ਬਰ ਇੰਡਕ ਆਰਟਸ ਵੈੱਲਫ਼ੇਅਰ ਕੌਂਸਲ ਵਲੋਂ ਕਵਿਤਾ ਉਤਸਵ ਸਮਾਗਮ ਕਰਵਾਇਆ ਅਗਲੀ ਖ਼ਬਰ ਕੱਪੜਾ ਵਪਾਰੀ ਦੇ ਬਾਰਦਾਨਾ ਗੋਦਾਮ 'ਚ ਲੱਗੀ ਭਿਆਨਕ ਅੱਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।