ਸ੍ਰੀ ਮੁਕਤਸਰ ਸਾਹਿਬ, 29 ਜਨਵਰੀ (ਰਣਜੀਤ ਸਿੰਘ ਢਿੱਲੋਂ)-ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਜਗਜੀਤ ਸਿੰਘ ਹਨੀ ਫ਼ੱਤਣਵਾਲਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਨੇ ਕਿਹਾ ਕਿ ਚਾਇਨਾ ਡੋਰ ਵੇਚਣ ਤੇ ਸਟੋਰ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਰਵਾਈ ਹੋਵੇ | ਉਨ੍ਹਾਂ ਕਿਹਾ ਕਿ ਇਹ ਡੋਰ ਐਨੀ ਜ਼ਿਆਦਾ ਖ਼ਤਰਨਾਕ ਹੈ ਕਿ ਇਸ ਨਾਲ ਜਿੱਥੇ ਪੰਛੀਆਂ ਤੇ ਜਾਨਵਰਾਂ ਦਾ ਜਾਨੀ ਨੁਕਸਾਨ ਹੁੰਦਾ ਹੈ, ਉੱਥੇ ਹੀ ਮਨੁੱਖਾਂ ਦਾ ਵੀ ਜਾਨੀ ਨੁਕਸਾਨ ਹੋ ਰਿਹਾ ਹੈ | ਅਜੇ ਪਿਛਲੇ ਦਿਨੀਂ ਹੀ ਸਮਰਾਲਾ ਵਿਖੇ ਇਕ ਵਿਦਿਆਰਥੀ ਦੀ ਚਾਈਨਾ ਡੋਰ ਕਾਰਨ ਮੌਤ ਹੋ ਗਈ, ਜਦਕਿ ਮੁੱਲਾਂਪੁਰ ਦਾਖਾ ਵਿਖੇ ਇਕ ਔਰਤ ਦੀ ਮੌਤ ਹੋਈ | ਉਨ੍ਹਾਂ ਕਿਹਾ ਕਿ ਬਾਜ਼ਾਰਾਂ 'ਚ ਸ਼ਰੇ੍ਹਆਮ ਚਾਈਨਾ ਡੋਰ ਦੀ ਵਿਕਰੀ ਹੋ ਰਹੀ ਹੈ, ਪਰ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੋਇਆ ਹੈ | ਦੁਕਾਨਦਾਰ ਬੇਖ਼ੌਫ਼ ਹੋ ਕੇ ਧੜੱਲੇ ਨਾਲ ਚਾਈਨਾ ਡੋਰ ਵੇਚ ਰਹੇ ਹਨ | ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਚਾਈਨਾ ਡੋਰ ਨੂੰ ਸਖ਼ਤੀ ਨਾਲ ਰੋਕਿਆ ਜਾਵੇ | ਦੁਕਾਨਦਾਰਾਂ ਵਲੋਂ ਸਟੋਰ ਕੀਤੀ ਚਾਈਨਾ ਡੋਰ ਜ਼ਬਤ ਕਰਕੇ ਇਸ ਨੂੰ ਨਸ਼ਟ ਕੀਤਾ ਜਾਵੇ ਅਤੇ ਚਾਈਨਾ ਡੋਰ ਵਿਕ੍ਰੇਤਾਵਾਂ ਨੂੰ ਵੱਡੇ ਜੁਰਮਾਨੇ ਕੀਤੇ ਜਾਣ | ਉਸ ਦਾ ਲਾਇਸੰਸ ਕੈਂਸਲ ਹੋਵੇ, ਪਰਚਾ ਦਰਜ ਕਰਕੇ ਗਿ੍ਫ਼ਤਾਰ ਕੀਤਾ ਜਾਵੇ ਅਤੇ ਛੇ ਮਹੀਨੇ ਜ਼ਮਾਨਤ ਨਾ ਹੋਵੇ |