01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਨੀਤਾ ਅੰਬਾਨੀ ਦਾ ਵੱਡਾ ਐਲਾਨ: 100 ਏਕੜ 'ਚ ਬਣੇਗੀ 'ਅਨੰਤ ਆਸ਼ਰੇ' ਟਾਊਨਸ਼ਿਪ, 5 ਹਜ਼ਾਰ ਤੋਂ ਵੱਧ ਲੋਕਾਂ ਨੂੰ ਮਿਲੇਗਾ ਉਮਰ ਭਰ ਲਈ ਘਰ

ਮੁੰਬਈ, 1 ਨਵੰਬਰ (ਇੰਟ)-ਰਿਲਾਇੰਸ ਫਾਊਂਡੇਸ਼ਨ ਦੀ ਸੰਸਥਾਪਕ ਅਤੇ ਚੇਅਰਪਰਸਨ ਨੀਤਾ ਅੰਬਾਨੀ ਨੇ ਇਕ ਵੱਡੀ ਸਮਾਜਿਕ ਪਹਿਲ ਕਰਦਿਆਂ ਮੁੰਬਈ ਨੇੜੇ ਕਰਜਤ ਵਿਚ 100 ਏਕੜ ਜ਼ਮੀਨ 'ਤੇ 'ਨੀਤਾ ਮੁਕੇਸ਼ ਅੰਬਾਨੀ ਅਨੰਤ ਆਸ਼ਰੇ' ਟਾਊਨਸ਼ਿਪ ਬਣਾਉਣ ਦਾ ਐਲਾਨ ਕੀਤਾ ਹੈ। ਇਸ ਪ੍ਰੋਜੈਕਟ ਤਹਿਤ 5,000 ਤੋਂ ਵੱਧ ਬੇਸਹਾਰਾ ਬੱਚਿਆਂ...

ਅਜੀਤ ਡੈਸਕ 01-11-2026
ਮੁੰਬਈ, 1 ਨਵੰਬਰ (ਇੰਟ)-ਰਿਲਾਇੰਸ ਫਾਊਂਡੇਸ਼ਨ ਦੀ ਸੰਸਥਾਪਕ ਅਤੇ ਚੇਅਰਪਰਸਨ ਨੀਤਾ ਅੰਬਾਨੀ ਨੇ ਇਕ ਵੱਡੀ ਸਮਾਜਿਕ ਪਹਿਲ ਕਰਦਿਆਂ ਮੁੰਬਈ ਨੇੜੇ ਕਰਜਤ ਵਿਚ 100 ਏਕੜ ਜ਼ਮੀਨ 'ਤੇ 'ਨੀਤਾ ਮੁਕੇਸ਼ ਅੰਬਾਨੀ ਅਨੰਤ ਆਸ਼ਰੇ' ਟਾਊਨਸ਼ਿਪ ਬਣਾਉਣ ਦਾ ਐਲਾਨ ਕੀਤਾ ਹੈ। ਇਸ ਪ੍ਰੋਜੈਕਟ ਤਹਿਤ 5,000 ਤੋਂ ਵੱਧ ਬੇਸਹਾਰਾ ਬੱਚਿਆਂ, ਬਜ਼ੁਰਗਾਂ ਅਤੇ ਵਿਕਾਸ ਸੰਬੰਧੀ ਅਪੰਗਤਾਵਾਂ ਵਾਲੇ ਲੋਕਾਂ ਨੂੰ ਜੀਵਨ ਭਰ ਲਈ ਸੁਰੱਖਿਅਤ ਘਰ ਅਤੇ ਦੇਖਭਾਲ ਮੁਹੱਈਆ ਕਰਵਾਈ ਜਾਵੇਗੀ।

ਐਤਵਾਰ ਨੂੰ ਨੀਤਾ ਅੰਬਾਨੀ ਨੇ ਇਸ ਪ੍ਰੋਜੈਕਟ ਦੇ ਪ੍ਰਸਤਾਵਿਤ ਸਥਾਨ 'ਤੇ ਭੂਮੀ ਪੂਜਨ ਕਰਕੇ ਨੀਂਹ ਪੱਥਰ ਰੱਖਿਆ। ਇਸ ਟਾਊਨਸ਼ਿਪ ਨੂੰ ਗੈਰ-ਮੁਨਾਫ਼ਾ ਸੰਸਥਾ ਵਜੋਂ ਵਿਕਸਤ ਕੀਤਾ ਜਾਵੇਗਾ ਅਤੇ ਇਸ ਦਾ ਨਿਰਮਾਣ ਵੱਖ-ਵੱਖ ਪੜਾਵਾਂ ਵਿੱਚ ਕੀਤਾ ਜਾਵੇਗਾ। ਹਾਲਾਂਕਿ, ਇਸ ਲਈ ਜ਼ਰੂਰੀ ਸਰਕਾਰੀ ਮਨਜ਼ੂਰੀਆਂ ਵੀ ਲੈਣੀਆਂ ਹੋਣਗੀਆਂ।

ਰਿਲਾਇੰਸ ਫਾਊਂਡੇਸ਼ਨ ਮੁਤਾਬਕ, ਇੱਥੇ ਸਿਰਫ਼ ਰਿਹਾਇਸ਼ ਹੀ ਨਹੀਂ, ਸਗੋਂ ਸਿਹਤ ਸੇਵਾਵਾਂ, ਸਿੱਖਿਆ, ਪੁਨਰਵਾਸ, ਰੁਜ਼ਗਾਰ ਅਤੇ ਮਨੋਰੰਜਨ ਦੀਆਂ ਸਹੂਲਤਾਂ ਵੀ ਇਕੋ ਥਾਂ ਉਪਲਬਧ ਹੋਣਗੀਆਂ। ਇਸ ਪ੍ਰੋਜੈਕਟ ਨਾਲ ਦੇਖਭਾਲ ਕਰਨ ਵਾਲਿਆਂ, ਡਾਕਟਰਾਂ, ਸਹਾਇਕ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਸਮੇਤ ਲਗਭਗ 15,000 ਲੋਕਾਂ ਨੂੰ ਲਾਭ ਮਿਲਣ ਦੀ ਉਮੀਦ ਹੈ।

ਨੀਤਾ ਅੰਬਾਨੀ ਨੇ ਕਿਹਾ- ਹਰ ਵਿਅਕਤੀ ਨੂੰ ਮਿਲੇ ਪਿਆਰ ਅਤੇ ਸਤਿਕਾਰ

ਭੂਮੀ ਪੂਜਨ ਸਮਾਰੋਹ ਦੌਰਾਨ ਨੀਤਾ ਅੰਬਾਨੀ ਨੇ ਕਿਹਾ ਕਿ 'ਅਨੰਤ ਆਸ਼ਰੇ' ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਦਿਲ ਦੇ ਬਹੁਤ ਕਰੀਬ ਹੈ। ਇਸ ਦਾ ਮਕਸਦ ਉਨ੍ਹਾਂ ਬੱਚਿਆਂ ਨੂੰ ਘਰ ਦੇਣਾ ਹੈ, ਜਿਨ੍ਹਾਂ ਨੂੰ ਪਰਿਵਾਰ ਦੀ ਲੋੜ ਹੈ, ਅਪੰਗਤਾਵਾਂ ਵਾਲੇ ਲੋਕਾਂ ਨੂੰ ਸੁਰੱਖਿਅਤ ਜੀਵਨ ਦੇਣਾ ਅਤੇ ਬਜ਼ੁਰਗਾਂ ਨੂੰ ਪਿਆਰ ਤੇ ਸਹਾਰਾ ਪ੍ਰਦਾਨ ਕਰਨਾ ਹੈ।

ਉਨ੍ਹਾਂ ਕਿਹਾ ਕਿ ਇਹ ਸਿਰਫ਼ ਇਕ ਦੇਖਭਾਲ ਕੇਂਦਰ ਨਹੀਂ ਹੋਵੇਗਾ, ਸਗੋਂ ਅਜਿਹਾ ਪਰਿਵਾਰਕ ਮਾਹੌਲ ਹੋਵੇਗਾ ਜਿੱਥੇ ਲੋਕਾਂ ਨੂੰ ਇਲਾਜ ਅਤੇ ਸਹੂਲਤਾਂ ਦੇ ਨਾਲ ਪਿਆਰ, ਆਪਣਾਪਣ ਅਤੇ ਖੁਸ਼ੀ ਵੀ ਮਿਲੇਗੀ। ਇੱਥੇ ਰਹਿਣ ਵਾਲੇ ਲੋਕ ਕੁਦਰਤ ਦੇ ਨੇੜੇ ਰਹਿ ਕੇ ਸਿੱਖਣ, ਕੰਮ ਕਰਨ, ਦੋਸਤ ਬਣਾਉਣ ਅਤੇ ਤਿਉਹਾਰ ਮਨਾਉਣ ਦਾ ਆਨੰਦ ਮਾਣ ਸਕਣਗੇ।

5,000 ਤੋਂ ਵੱਧ ਲੋਕਾਂ ਲਈ ਬਣਨਗੇ ਪਰਿਵਾਰਕ ਘਰ
ਅਨੰਤ ਆਸ਼ਰੇ ਨੂੰ ਆਮ ਦੇਖਭਾਲ ਕੇਂਦਰ ਦੀ ਬਜਾਏ ਇਕ ਪੂਰੀ ਰਿਹਾਇਸ਼ੀ ਟਾਊਨਸ਼ਿਪ ਵਜੋਂ ਵਿਕਸਤ ਕੀਤਾ ਜਾਵੇਗਾ। ਇੱਥੇ ਰਹਿਣ ਵਾਲੇ ਲੋਕਾਂ ਨੂੰ ਮਰੀਜ਼ਾਂ ਦੀ ਬਜਾਏ ਪਰਿਵਾਰ ਦੇ ਮੈਂਬਰਾਂ ਵਾਂਗ ਰੱਖਿਆ ਜਾਵੇਗਾ। ਟਾਊਨਸ਼ਿਪ ਵਿਚ ਘਰਾਂ ਦੇ ਨਾਲ ਸੜਕਾਂ, ਮੰਦਰ, ਹਸਪਤਾਲ, ਖੇਡ ਮੈਦਾਨ, ਬਾਗ਼, ਖੇਤੀਬਾੜੀ ਖੇਤਰ ਅਤੇ ਵਰਕਸ਼ਾਪਾਂ ਬਣਾਈਆਂ ਜਾਣਗੀਆਂ।

ਹਰੇਕ ਨਿਵਾਸੀ ਲਈ ਛੋਟੇ ਪਰਿਵਾਰਕ ਘਰਾਂ ਦਾ ਪ੍ਰਬੰਧ ਹੋਵੇਗਾ। ਉਨ੍ਹਾਂ ਦੀ ਦੇਖਭਾਲ ਲਈ ਵਿਸ਼ੇਸ਼ ਕਰਮਚਾਰੀ ਅਤੇ ਪਰਿਵਾਰਕ ਮਾਹੌਲ ਦੇਣ ਵਾਲੇ ਦੇਖਭਾਲਕਰਤਾ ਤਾਇਨਾਤ ਹੋਣਗੇ। ਹਰ ਵਿਅਕਤੀ ਦੀ ਸਿਹਤ, ਸਿੱਖਿਆ, ਹੁਨਰ ਅਤੇ ਰੁਜ਼ਗਾਰ ਨੂੰ ਧਿਆਨ ਵਿਚ ਰੱਖ ਕੇ ਵੱਖਰੀ ਯੋਜਨਾ ਤਿਆਰ ਕੀਤੀ ਜਾਵੇਗੀ, ਜਿਸ ਦੀ ਹਰ ਛੇ ਮਹੀਨਿਆਂ ਬਾਅਦ ਸਮੀਖਿਆ ਹੋਵੇਗੀ।

8 ਪਿੰਡਾਂ ਦੇ ਨਾਮ ਪਵਿੱਤਰ ਨਦੀਆਂ 'ਤੇ ਰੱਖੇ ਜਾਣਗੇ
ਪ੍ਰਸਤਾਵਿਤ ਟਾਊਨਸ਼ਿਪ ਨੂੰ ਅੱਠ ਰਿਹਾਇਸ਼ੀ ਪਿੰਡਾਂ ਵਿਚ ਵੰਡਿਆ ਜਾਵੇਗਾ। ਇਨ੍ਹਾਂ ਪਿੰਡਾਂ ਦੇ ਨਾਮ ਭਾਰਤ ਦੀਆਂ ਪਵਿੱਤਰ ਨਦੀਆਂ ਦੇ ਨਾਮ 'ਤੇ ਰੱਖੇ ਜਾਣਗੇ। ਹਰੇਕ ਪਿੰਡ ਦੀ ਵੱਖਰੀ ਪਛਾਣ ਲਈ ਵਿਸ਼ੇਸ਼ ਰੰਗ, ਚਿੰਨ੍ਹ ਅਤੇ ਸੰਵੇਦੀ ਬਾਗ਼ ਤਿਆਰ ਕੀਤੇ ਜਾਣਗੇ।

ਇਸ ਪ੍ਰੋਜੈਕਟ ਦਾ ਲਾਭ ਕਰਜਤ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਵੀ ਮਿਲੇਗਾ। ਸਥਾਨਕ ਲੋਕਾਂ ਲਈ ਹਸਪਤਾਲ, ਮੰਦਰ, ਖੇਡ ਸਹੂਲਤਾਂ ਅਤੇ ਕੈਫੇ ਵਰਗੀਆਂ ਸਹੂਲਤਾਂ ਵੀ ਉਪਲਬਧ ਹੋਣਗੀਆਂ। ਫਾਊਂਡੇਸ਼ਨ ਮੁਤਾਬਕ, ਇਲਾਕੇ ਦੇ ਲਗਭਗ 1,000 ਲੋਕਾਂ ਨੂੰ ਥੈਰੇਪੀ, ਸਿੱਖਿਆ ਅਤੇ ਰੁਜ਼ਗਾਰ ਦੇ ਮੌਕੇ ਮਿਲਣ ਦੀ ਸੰਭਾਵਨਾ ਹੈ।

ਵਿਸ਼ੇਸ਼ ਹਸਪਤਾਲ ਅਤੇ ਆਧੁਨਿਕ ਪੁਨਰਵਾਸ ਕੇਂਦਰ ਵੀ ਬਣੇਗਾ
ਅਨੰਤ ਆਸ਼ਰੇ ਵਿਚ ਇਕ ਵਿਸ਼ੇਸ਼ ਹਸਪਤਾਲ ਬਣਾਇਆ ਜਾਵੇਗਾ, ਜਿੱਥੇ ਵਿਕਾਸ ਸੰਬੰਧੀ ਸਮੱਸਿਆਵਾਂ, ਮਿਰਗੀ, ਵਿਸ਼ੇਸ਼ ਦੰਦਾਂ ਦੀ ਦੇਖਭਾਲ ਅਤੇ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਲਈ ਪੈਲੀਏਟਿਵ ਕੇਅਰ ਦੀਆਂ ਸਹੂਲਤਾਂ ਹੋਣਗੀਆਂ।

ਇਸ ਤੋਂ ਇਲਾਵਾ ਫਿਜ਼ੀਓਥੈਰੇਪੀ, ਕਿੱਤਾਮੁਖੀ ਥੈਰੇਪੀ, ਸਪੀਚ ਥੈਰੇਪੀ ਅਤੇ ਹਾਈਡ੍ਰੋਥੈਰੇਪੀ ਵਰਗੀਆਂ ਆਧੁਨਿਕ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ। ਬੱਚਿਆਂ ਲਈ ਵਿਸ਼ੇਸ਼ ਸਿੱਖਿਆ ਕੇਂਦਰ ਦੇ ਨਾਲ ਆਮ ਸਕੂਲ ਵੀ ਬਣਾਇਆ ਜਾਵੇਗਾ। ਸੰਗੀਤ, ਕਲਾ, ਖੇਡਾਂ ਅਤੇ ਹੋਰ ਰਚਨਾਤਮਕ ਗਤੀਵਿਧੀਆਂ ਰਾਹੀਂ ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਿਆ ਜਾਵੇਗਾ। ਇਸ ਤੋਂ ਇਲਾਵਾ ਵੰਤਾਰਾ ਦੀ ਮਾਹਰ ਟੀਮ ਦੀ ਮਦਦ ਨਾਲ ਜਾਨਵਰਾਂ ਨਾਲ ਸਮਾਂ ਬਿਤਾਉਣ ਲਈ ਵਿਸ਼ੇਸ਼ ਫਾਰਮ ਵੀ ਤਿਆਰ ਕੀਤਾ ਜਾਵੇਗਾ।

ਮਾਪਿਆਂ ਦੀ ਸਭ ਤੋਂ ਵੱਡੀ ਚਿੰਤਾ ਦੂਰ ਕਰਨ ਦੀ ਕੋਸ਼ਿਸ਼
ਨੀਤਾ ਅੰਬਾਨੀ ਨੇ ਕਿਹਾ ਕਿ ਅਪੰਗਤਾਵਾਂ ਵਾਲੇ ਬੱਚਿਆਂ ਦੇ ਮਾਪਿਆਂ ਦੀ ਸਭ ਤੋਂ ਵੱਡੀ ਚਿੰਤਾ ਇਹ ਹੁੰਦੀ ਹੈ ਕਿ ਉਨ੍ਹਾਂ ਦੇ ਜਾਣ ਤੋਂ ਬਾਅਦ ਬੱਚਿਆਂ ਦੀ ਦੇਖਭਾਲ ਕੌਣ ਕਰੇਗਾ। ਉਨ੍ਹਾਂ ਦੀ ਇੱਛਾ ਹੈ ਕਿ ਅਜਿਹੇ ਮਾਪੇ ਇਸ ਭਰੋਸੇ ਨਾਲ ਸੁੱਖ ਦਾ ਸਾਹ ਲੈ ਸਕਣ ਕਿ ਉਨ੍ਹਾਂ ਦੇ ਬੱਚਿਆਂ ਲਈ ਹਮੇਸ਼ਾ ਇੱਕ ਘਰ ਅਤੇ ਪਰਿਵਾਰ ਮੌਜੂਦ ਰਹੇਗਾ।

ਇਹ ਪ੍ਰੋਜੈਕਟ ਖਾਸ ਤੌਰ 'ਤੇ ਔਟਿਜ਼ਮ, ਸੇਰੇਬ੍ਰਲ ਪਾਲਸੀ, ਮਿਰਗੀ, ਵਿਕਾਸ ਸੰਬੰਧੀ ਅਪੰਗਤਾਵਾਂ ਅਤੇ ਗੁੰਝਲਦਾਰ ਸਿਹਤ ਸਮੱਸਿਆਵਾਂ ਵਾਲੇ ਲੋਕਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਜਾ ਰਿਹਾ ਹੈ। ਇਸ ਦਾ ਮੁੱਖ ਉਦੇਸ਼ ਬੇਸਹਾਰਾ ਅਤੇ ਲੰਬੇ ਸਮੇਂ ਤੱਕ ਦੇਖਭਾਲ ਦੀ ਲੋੜ ਵਾਲੇ ਲੋਕਾਂ ਨੂੰ ਸੁਰੱਖਿਅਤ ਜੀਵਨ, ਪਿਆਰ, ਸਤਿਕਾਰ ਅਤੇ ਆਪਣਾਪਣ ਦੇਣਾ ਹੈ।

 
ਪਿਛਲੀ ਖ਼ਬਰ ਦਿਲਜੀਤ ਦੋਸਾਂਝ ਦੇ ਦਿੱਲੀ ਕੰਸਰਟ ਨੂੰ ਖ਼ਰਾਬ ਕਰਨ ਦੀ ਸਾਜ਼ਿਸ਼ ਦਾ ਪਰਦਾਫਾਸ਼, 3 ਗ੍ਰਿਫ਼ਤਾਰ ਅਗਲੀ ਖ਼ਬਰ ਮੋਬਾਈਲ ਫੋਨ ਪਿੱਛੇ ਦੋਸਤ ਨੇ ਹੀ ਕਰ ਦਿੱਤਾ ਦੋਸਤ ਦਾ ਕਤਲ, ਇੱਟ ਮਾਰ ਕੇ ਉਤਾਰਿਆ ਮੌਤ ਦੇ ਘਾਟ