ਸ੍ਰੀ ਮੁਕਤਸਰ ਸਾਹਿਬ, 29 ਜਨਵਰੀ (ਰਣਜੀਤ ਸਿੰਘ ਢਿੱਲੋਂ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਸ੍ਰੀ ਮੁਕਤਸਰ ਸਾਹਿਬ ਦੇ ਸਾਬਕਾ ਪ੍ਰਧਾਨ ਗੁਰਦਾਸ ਗਿਰਧਰ ਨੇ ਕਿਹਾ ਕਿ ਚਾਇਨਾ ਡੋਰ ਵੇਚਣ ਅਤੇ ਸਟੋਰ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਰਵਾਈ ਹੋਵੇ ਤਾਂ ਜੋ ਇਸ ਨਾਲ ਜਾ ਰਹੀਆਂ ਮਨੁੱਖੀ ਤੇ ਪੰਛੀਆਂ ਦੀਆਂ ਕੀਮਤੀ ਜਾਨਾਂ ਦਾ ਬਚਾਅ ਹੋ ਸਕੇ | ਉਨ੍ਹਾਂ ਕਿਹਾ ਕਿ ਇਹ ਡੋਰ ਐਨੀ ਜ਼ਿਆਦਾ ਖ਼ਤਰਨਾਕ ਹੈ ਕਿ ਇਸ ਨਾਲ ਜਿੱਥੇ ਪੰਛੀਆਂ ਤੇ ਜਾਨਵਰਾਂ ਦਾ ਜਾਨੀ ਨੁਕਸਾਨ ਹੁੰਦਾ ਹੈ, ਉੱਥੇ ਹੀ ਮਨੁੱਖਾਂ ਦਾ ਵੀ ਜਾਨੀ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਬਾਜ਼ਾਰਾਂ 'ਚ ਸ਼ਰੇ੍ਹਆਮ ਚਾਈਨਾ ਡੋਰ ਦੀ ਵਿਕਰੀ ਹੋ ਰਹੀ ਹੈ, ਪਰ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੋਇਆ ਹੈ | ਦੁਕਾਨਦਾਰ ਬੇਖ਼ੌਫ਼ ਹੋ ਕੇ ਧੜੱਲੇ ਨਾਲ ਚਾਈਨਾ ਡੋਰ ਵੇਚ ਰਹੇ ਹਨ | ਇਹ ਚਾਈਨਾ ਡੋਰ ਬਾਜ਼ਾਰਾਂ 'ਚ ਕਈ ਵਾਰ ਮੋਟਰਸਾਈਕਲ ਚਾਲਕਾਂ ਦੇ ਗਲ 'ਚ ਫ਼ਿਰ ਜਾਂਦੀ ਹੈ, ਜਿਸ ਕਾਰਨ ਲੋਕਾਂ ਦਾ ਜਾਨੀ ਨੁਕਸਾਨ ਹੋ ਜਾਂਦਾ ਹੈ | ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਚਾਈਨਾ ਡੋਰ ਨੂੰ ਸਖ਼ਤੀ ਨਾਲ ਰੋਕਿਆ ਜਾਵੇ | ਦੁਕਾਨਦਾਰਾਂ ਵਲੋਂ ਸਟੋਰ ਕੀਤੀ ਚਾਈਨਾ ਡੋਰ ਜ਼ਬਤ ਕਰਕੇ ਇਸ ਨੂੰ ਨਸ਼ਟ ਕੀਤਾ ਜਾਵੇ ਅਤੇ ਚਾਈਨਾ ਡੋਰ ਵਿਕ੍ਰੇਤਾਵਾਂ ਨੂੰ ਵੱਡੇ ਜੁਰਮਾਨੇ ਕੀਤੇ ਜਾਣ |