ਸ੍ਰੀ ਮੁਕਤਸਰ ਸਾਹਿਬ, 29 ਜਨਵਰੀ (ਰਣਜੀਤ ਸਿੰਘ ਢਿੱਲੋਂ)-ਐੱਸ.ਐੱਸ.ਪੀ. ਅਭਿਮੰਨਿਊ ਰਾਣਾ ਦੀ ਅਗਵਾਈ ਹੇਠ ਜ਼ਿਲ੍ਹੇ ਅੰਦਰ ਅਮਨ-ਕਾਨੂੰਨ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਜ਼ਿਲ੍ਹੇ ਦੀਆਂ ਚਾਰੇ ਸਬ-ਡਵੀਜ਼ਨਾਂ ਵਿਚ ਕਬਾੜੀਆਂ ਦੀਆਂ ਦੁਕਾਨਾਂ 'ਤੇ ਸਰਚ ਤੇ ਚੈਕਿੰਗ ਅਭਿਆਨ ਚਲਾਇਆ ਗਿਆ | ਇਸ ਮੁਹਿੰਮ ਦਾ ਮੁੱਖ ਉਦੇਸ਼ ਚੋਰੀ ਦੇ ਸਾਮਾਨ, ਖ਼ਾਸ ਕਰਕੇ ਮੋਟਰਾਂ, ਵਾਹਨਾਂ ਦੇ ਪਾਰਟਸ, ਟਰਾਂਸਫ਼ਾਰਮਰ, ਸੋਲਰ ਪੈਨਲ, ਬੈਟਰੀਆਂ ਆਦਿ ਦੀ ਗ਼ੈਰਕਾਨੂੰਨੀ ਖ਼ਰੀਦ-ਫਰੋਖ਼ਤ 'ਤੇ ਰੋਕ ਲਗਾਉਣਾ ਅਤੇ ਕਬਾੜੀਏ ਦੇ ਕਾਰੋਬਾਰ ਨਾਲ ਜੁੜੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣਾ ਸੀ | ਇਹ ਚੈਕਿੰਗ ਮੁਹਿੰਮ ਬਚਨ ਸਿੰਘ ਡੀ.ਐੱਸ.ਪੀ. (ਸ੍ਰੀ ਮੁਕਤਸਰ ਸਾਹਿਬ), ਨਵੀਨਪਾਲ ਸਿੰਘ ਡੀ.ਐੱਸ.ਪੀ. (ਮਲੋਟ), ਅਰੁਣ ਮੁੰਡਨ ਡੀ.ਐੱਸ.ਪੀ. (ਗਿੱਦੜਬਾਹਾ) ਅਤੇ ਹਰਬੰਸ ਸਿੰਘ ਡੀ.ਐੱਸ.ਪੀ. (ਲੰਬੀ) ਦੀ ਨਿਗਰਾਨੀ ਹੇਠ ਆਪਣੇ-ਆਪਣੇ ਇਲਾਕਿਆਂ ਵਿਚ ਅਲੱਗ-ਅਲੱਗ ਪੁਲਿਸ ਟੀਮਾਂ ਬਣਾ ਕੇ ਅਮਲ ਵਿਚ ਲਿਆਂਦੀ ਗਈ | ਚੈਕਿੰਗ ਦੌਰਾਨ ਕਬਾੜੀਏ ਦੀਆਂ ਦੁਕਾਨਾਂ 'ਤੇ ਪਏ ਸਾਮਾਨ ਦੀ ਬਰੀਕੀ ਨਾਲ ਜਾਂਚ ਕੀਤੀ ਗਈ ਅਤੇ ਦੁਕਾਨਦਾਰਾਂ ਨੂੰ ਕਾਨੂੰਨੀ ਜ਼ਿੰਮੇਵਾਰੀਆਂ ਸੰਬੰਧੀ ਜਾਣੂ ਕਰਵਾਇਆ ਗਿਆ | ਐੱਸ.ਐੱਸ.ਪੀ. ਨੇ ਕਬਾੜੀਆਂ ਨੂੰ ਸਪੱਸ਼ਟ ਤੌਰ 'ਤੇ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਕਬਾੜ ਦਾ ਸਾਮਾਨ ਖ਼ਰੀਦਣ ਜਾਂ ਵੇਚਣ ਸਮੇਂ ਪੂਰੀ ਚੌਕਸੀ ਵਰਤਣਾ ਲਾਜ਼ਮੀ ਹੈ | ਉਨ੍ਹਾਂ ਦੱਸਿਆ ਕਿ ਜਦੋਂ ਵੀ ਕੋਈ ਵਿਅਕਤੀ ਕਬਾੜ ਵੇਚਣ ਜਾਂ ਖ਼ਰੀਦਣ ਲਈ ਦੁਕਾਨ 'ਤੇ ਆਉਂਦਾ ਹੈ ਤਾਂ ਦੁਕਾਨਦਾਰ ਦਾ ਫ਼ਰਜ਼ ਬਣਦਾ ਹੈ ਕਿ ਹਰ ਗ੍ਰਾਹਕ ਦੀ ਪੂਰੀ ਪਹਿਚਾਣ (ਆਈ.ਡੀ.) ਦਾ ਰਿਕਾਰਡ ਰੱਖਿਆ ਜਾਵੇ, ਸਾਮਾਨ ਦੀ ਪੜਤਾਲ ਕਰਨ ਤੋਂ ਬਾਅਦ ਹੀ ਖ਼ਰੀਦ ਕੀਤੀ ਜਾਵੇ, ਹਰ ਕਬਾੜੀਏ ਦੀ ਦੁਕਾਨ 'ਤੇ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਣਾ ਲਾਜ਼ਮੀ ਹਨ | ਖ਼ਰੀਦੇ ਜਾਂ ਵੇਚੇ ਗਏ ਸਾਮਾਨ ਅਤੇ ਸੰਬੰਧਿਤ ਵਿਅਕਤੀ ਦੀ ਫ਼ੋਟੋ/ਵੀਡੀਓ ਰਿਕਾਰਡਿੰਗ ਹੋਣੀ ਚਾਹੀਦੀ ਹੈ | ਉਨ੍ਹਾਂ ਖ਼ਾਸ ਤੌਰ 'ਤੇ ਦੋਪਹੀਆ ਤੇ ਚਾਰ ਪਹੀਆ ਵਾਹਨਾਂ ਦੇ ਸਾਮਾਨ ਦੀ ਖ਼ਰੀਦ-ਫਰੋਖ਼ਤ ਦੌਰਾਨ ਵਿਸ਼ੇਸ਼ ਪੜਤਾਲ ਕਰਨ ਦੀ ਸਖ਼ਤ ਹਦਾਇਤ ਦਿੱਤੀ | ਐੱਸ.ਐੱਸ.ਪੀ. ਨੇ ਕਬਾੜੀਆਂ ਨੂੰ ਅਪੀਲ ਕੀਤੀ ਕਿ ਕਿਸਾਨਾਂ ਦੇ ਖੇਤਾਂ 'ਚੋਂ ਚੋਰੀ ਹੋ ਰਹੀਆਂ ਮੋਟਰਾਂ, ਟਰਾਂਸਫ਼ਾਰਮਰ, ਸੋਲਰ ਪੈਨਲ, ਬੈਟਰੀਆਂ ਆਦਿ ਨਾਲ ਸੰਬੰਧਿਤ ਅਪਰਾਧਾਂ ਨੂੰ ਰੋਕਣ ਲਈ ਪੁਲਿਸ ਵਿਭਾਗ ਦਾ ਪੂਰਾ ਸਹਿਯੋਗ ਦਿੱਤਾ ਜਾਵੇ | ਜੇਕਰ ਕੋਈ ਵੀ ਸ਼ੱਕੀ ਵਿਅਕਤੀ ਕਬਾੜ ਵੇਚਣ ਵਾਸਤੇ ਆਉਂਦਾ ਹੈ ਤਾਂ ਉਸ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ | ਹਰ ਕਬਾੜੀਏ ਨੂੰ ਆਪਣੀ ਦੁਕਾਨ 'ਤੇ ਪਏ ਸਾਮਾਨ ਬਾਰੇ ਇਹ ਦੱਸਣਾ ਲਾਜ਼ਮੀ ਹੋਵੇਗਾ ਕਿ ਉਹ ਸਾਮਾਨ ਕਿਸ ਤੋਂ ਅਤੇ ਕਿੰਨੀ ਰਕਮ ਵਿਚ ਖ਼ਰੀਦਿਆ ਗਿਆ | ਐੱਸ.ਐੱਸ.ਪੀ. ਨੇ ਕਿਹਾ ਕਿ ਜੇਕਰ ਕਿਸੇ ਦੁਕਾਨਦਾਰ ਦੀ ਚੋਰਾਂ ਨਾਲ ਮਿਲੀਭੁਗਤ ਪਾਈ ਗਈ ਤਾਂ ਸੰਬੰਧਿਤ ਦੁਕਾਨਦਾਰ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |