02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਸ੍ਰੀ ਮੁਕਤਸਰ ਸਾਹਿਬ ਨੇੜੇ ਰਜਬਾਹੇ 'ਚੋਂ ਮਿਲੇ ਤਿੰਨ ਭਰੂਣ

ਅਜੀਤ ਡੈਸਕ 30-01-2026
• ਸਿਹਤ ਵਿਭਾਗ ਅਤੇ ਪੁਲਿਸ ਜਾਂਚ 'ਚ ਜੁਟੀ
ਸ੍ਰੀ ਮੁਕਤਸਰ ਸਾਹਿਬ, 29 ਜਨਵਰੀ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਨੇੜੇ ਰਜਬਾਹੇ ਵਿਚੋਂ ਤਿੰਨ ਭਰੂਣ ਮਿਲੇ ਹਨ | ਸ੍ਰੀ ਮੁਕਤਸਰ ਸਾਹਿਬ ਦੀ ਬਠਿੰਡਾ ਰੋਡ ਤੋਂ ਪਿੰਡ ਖਿੜਕੀਆਂਵਾਲਾ ਨੂੰ ਰਜਬਾਹੇ ਨਾਲ ਜਾਂਦੀ ਸੜਕ ਦੇ ਨੇੜੇ ਰੁਪਾਣਾ ਮਾਈਨਰ (ਰਜਬਾਹੇ) ਵਿਚੋਂ ਤਿੰਨ ਭਰੂਣ ਮਿਲੇ ਹਨ | ਇਸ ਦਾ ਪਤਾ ਲੱਗਦਿਆਂ ਹੀ ਪੁਲਿਸ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਜਾਂਚ ਵਿਚ ਜੁਟ ਗਏ ਹਨ | ਭਰੂਣ ਨਰ ਹਨ ਜਾਂ ਮਾਦਾ ਇਹ ਵੀ ਜਾਂਚ ਦਾ ਵਿਸ਼ਾ ਹੈ ਅਤੇ ਕਦੋਂ ਤੋਂ ਇੱਥੇ ਪਏ ਹਨ, ਇਹ ਵੀ ਪਤਾ ਨਹੀਂ ਲੱਗਿਆ ਹੈ | ਇਹ ਭਰੂਣ ਕਰੀਬ ਦੋ ਮਹੀਨਿਆਂ ਦੇ ਨਜ਼ਰ ਆਉਂਦੇ ਹਨ | ਸ਼ਨੀਦੇਵ ਸੇਵਾ ਸੁਸਾਇਟੀ ਦੇ ਸੇਵਾਦਾਰ ਰਾਜ ਕੁਮਾਰ ਅਤੇ ਹੋਰ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪੁਲਿਸ ਵਿਭਾਗ ਤੋਂ ਫ਼ੋਨ ਆਇਆ ਸੀ ਕਿ ਰਜਬਾਹੇ ਵਿਚ ਭਰੂਣ ਮਿਲੇ ਹਨ ਅਤੇ ਉਹ ਤੁਰੰਤ ਪਹੁੰਚੇ ਅਤੇ ਪੁਲਿਸ ਦੀ ਮੌਜੂਦਗੀ ਵਿਚ ਕਬਜ਼ੇ ਵਿਚ ਲੈ ਕੇ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਦੀ ਮੋਰਚਰੀ ਵਿਚ ਰਖਵਾ ਦਿੱਤੇ ਹਨ | ਰਜਬਾਹੇ (ਸੂਏ) ਵਿਚ ਪਾਣੀ ਨਾ ਹੋਣ ਕਰਕੇ ਹੀ ਇਹ ਭਰੂਣ ਨਜ਼ਰ ਆਏ ਹਨ | ਸਬ ਇੰਸਪੈਕਟਰ ਸੁਖਪਾਲ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਇੱਥੇ ਪਹੁੰਚ ਕੇ ਕਾਰਵਾਈ ਸ਼ੁਰੂ ਕੀਤੀ ਅਤੇ ਸਿਹਤ ਵਿਭਾਗ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ | ਇਸ ਦੌਰਾਨ ਸਿਹਤ ਅਧਿਕਾਰੀ ਨੇ ਦੱਸਿਆ ਕਿ ਇਹ ਭਰੂਣ ਨਰ ਹਨ ਜਾਂ ਮਾਦਾ ਇਸਦਾ ਜਲਦੀ ਪਤਾ ਨਹੀਂ ਲੱਗ ਸਕਦਾ, 72 ਘੰਟਿਆਂ ਲਈ ਮੋਰਚਰੀ ਵਿਚ ਰਖਵਾਇਆ ਗਿਆ ਹੈ | ਇਸ ਦੇ ਬਾਅਦ ਵਿਚ ਪੋਸਟਮਾਰਟਮ ਕਰਵਾਇਆ ਜਾਵੇਗਾ | ਉਸ ਦੀ ਰਿਪੋਰਟ ਆਉਣ 'ਤੇ ਹੀ ਪਤਾ ਲੱਗੇਗਾ | ਜ਼ਿਕਰਯੋਗ ਹੈ ਕਿ ਭਾਵੇਂ ਸੂਬਾ ਸਰਕਾਰ ਅਤੇ ਸਿਹਤ ਵਿਭਾਗ ਭਰੂਣ ਹੱਤਿਆ ਨੂੰ ਰੋਕਣ ਲਈ ਸਰਗਰਮ ਹੈ, ਇਸ ਦੇ ਬਾਵਜੂਦ ਭਰੂਣ ਹੱਤਿਆ ਪਾਪ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ | ਸ਼ਹਿਰ ਦੇ ਨੇੜੇ ਇਸ ਤਰ੍ਹਾਂ ਤਿੰਨ ਭਰੂਣ ਮਿਲਣ ਤੋਂ ਮਗਰੋਂ ਹਸਪਤਾਲਾਂ ਵਿਚ ਲਿੰਗ ਨਿਰਧਾਰਿਤ ਟੈਸਟ ਨਾ ਕਰਨ ਦੇ ਦਾਅਵਿਆਂ ਸਬੰਧੀ ਵੀ ਸਵਾਲੀਆ ਨਿਸ਼ਾਨ ਖੜ੍ਹਾ ਹੋ ਗਿਆ ਹੈ |
ਪਿਛਲੀ ਖ਼ਬਰ ਸੜਕ ਹਾਦਸੇ 'ਚ ਇਕ ਵਿਅਕਤੀ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਸ਼ੱਕੀ ਹਾਲਤ 'ਚ ਲੱਗੀ ਅੱਗ ਨਾਲ ਝੁਲਸਣ ਕਰਕੇ ਖੇਤ ਮਜ਼ਦੂਰ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।