ਜਲੰਧਰ, 2 ਅਕਤੂਬਰ (ਸ਼ਿਵ)-ਸ਼ਹਿਰ ਵਿਚ ਸਫ਼ਾਈ ਵਿਵਸਥਾ ਨੂੰ ਹੋਰ ਸੁਚੱਜਾ ਅਤੇ ਪ੍ਰਭਾਵਸ਼ਾਲੀ ਬਣਾਉਣ ਦੇ ਮਕਸਦ ਨਾਲ ਨਗਰ ਨਿਗਮ ਜਲੰਧਰ ਦੇ ਕਮਿਸ਼ਨਰ ਸੁਰਿੰਦਰ ਸਿੰਘ ਵਲੋਂ ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਵੱਖ-ਵੱਖ ਡੰਪ ਸਥਾਨਾਂ ਦਾ ਦੌਰਾ ਕਰਕੇ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਪਰ ਨਵੇਂ ਕਮਿਸ਼ਨਰ ਆਪ ਹੁਣ ਡੰਪਾਂ ’ਚ ਜਾ ਕੇ ਸਾਰੇ ਹਾਲਾਤਾਂ ਦਾ ਜਾਇਜ਼ਾ ਲੈ ਰਹੇ ਹਨ ਜਿਸ ਦੀ ਲੋਕ ਕਾਫੀ ਪ੍ਰਸੰਸਾ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਹੈਲਥ ਅਫ਼ਸਰ ਡਾ. ਸ਼੍ਰੀਕ੍ਰਿਸ਼ਨ ਵੀ ਮੌਜੂਦ ਸਨ। ਨਿਰੀਖਣ ਦੌਰਾਨ ਕਮਿਸ਼ਨਰ ਵਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਸਫ਼ਾਈ ਦੇ ਪ੍ਰਬੰਧਾਂ ਅਤੇ ਕੂੜੇ ਦੀ ਉਠਾਈ ਸੰਬੰਧੀ ਸਥਿਤੀ ਦਾ ਜਾਇਜ਼ਾ ਲਿਆ ਗਿਆ। ਇਸ ਦੌਰੇ ਦੌਰਾਨ ਬੀ.ਐੱਮ.ਸੀ. ਚੌਕ ਡੰਪ, ਟੀ.ਵੀ. ਸੈਂਟਰ ਡੰਪ ਅਤੇ ਆਦਰਸ਼ ਨਗਰ ਡੰਪ ਸਥਾਨਾਂ ਦਾ ਵਿਸ਼ੇਸ਼ ਤੌਰ ’ਤੇ ਨਿਰੀਖਣ ਕੀਤਾ ਗਿਆ। ਇਨ੍ਹਾਂ ਥਾਵਾਂ ’ਤੇ ਕੂੜੇ ਦੇ ਪ੍ਰਬੰਧਨ ਅਤੇ ਨਿਯਮਤ ਸਫ਼ਾਈ ਨੂੰ ਲੈ ਕੇ ਸੰਬੰਧਿਤ ਅਧਿਕਾਰੀਆਂ ਤੋਂ ਜਾਣਕਾਰੀ ਲਈ ਗਈ। ਨਗਰ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਵਲੋਂ ਆਪਣੀ ਤਾਇਨਾਤੀ ਤੋਂ ਬਾਅਦ ਹੀ ਸ਼ਹਿਰ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਲਗਾਤਾਰ ਨਿਰੀਖਣ ਕੀਤੇ ਜਾ ਰਹੇ ਹਨ। ਸ਼ਹਿਰ ਦੇ ਕਈ ਡੰਪਾਂ ਦੀ ਹਾਲਤ ਕਾਫੀ ਖਰਾਬ ਹੈ ਤਾਂ ਇਸ ਤੋਂ ਪਹਿਲਾਂ ਵੀ ਕਈ ਕਮਿਸ਼ਨਰਾਂ ਵਲੋਂ ਬੀ. ਐਂਡ. ਆਰ. ਸ਼ਾਖਾ ਨੂੰ ਹਦਾਇਤਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ ਕਿ ਉਹ ਸ਼ਹਿਰ ਦੇ ਡੰਪਾਂ ਦੀ ਹਾਲਤ ਵਿਚ ਸੁਧਾਰ ਕਰਨ ਲਈ ਨਾ ਸਿਰਫ ਉਨ੍ਹਾਂ ਦੇ ਫਰਸ਼ਾਂ ਨੂੰ ਪੱਕੇ ਕਰਵਾਉਣ ਸਗੋਂ ਉਨ੍ਹਾਂ ਸਾਰੇ ਡੰਪਾਂ ਦੀ ਚਾਰਦੀਵਾਰੀਆਂ ਕਰਨੀਆਂ ਵੀ ਯਕੀਨੀ ਬਣਾਉਣ ਤਾਂ ਜੋ ਕੂੜਾ ਬਾਹਰ ਨਾ ਆ ਸਕੇ। ਪਰ ਇਹ ਕੰਮ ਕਾਫੀ ਸਮੇਂ ਤੋਂਂ ਲੰਬਿਤ ਪਿਆ ਹੈ ਤੇ ਅੱਜ ਵੀ ਨਗਰ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਵਲੋਂ ਸੰਬੰਧਿਤ ਅਫਸਰਾਂ ਨੂੰ ਡੰਪਾਂ ਦੀ ਹਾਲਤ ਵਿਚ ਸੁਧਾਰ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਨੇ ਬੀ. ਐਮ. ਸੀ. ਡੰਪ ਦੇ ਫਰਸ਼ ਨੂੰ ਠੀਕ ਕਰਨ, ਟੀ. ਵੀ. ਸੈਂਟਰ ਵਾਲੇ ਡੰਪ ਅਤੇ ਪ੍ਰਤਾਪ ਬਾਗ ਵਾਲੇ ਡੰਪ ਦੀ ਚਾਰਦੀਵਾਰੀ ਕਰਨ ਦੀ ਹਦਾਇਤ ਦਿੱਤੀ ਹੈ। ਇਸ ਤੋਂ ਇਲਾਵਾ ਚੌਕਾਂ ਅਤੇ ਪਾਰਕਾਂ ਅਤੇ ਡਿਵਾਈਡਰਾਂ ਦੀ ਸਫਾਈ ਕਰਨ ਦੀ ਹਦਾਇਤ ਦਿੱਤੀ ਹੈ। ਕਮਿਸ਼ਨਰ ਸੁਰਿੰਦਰ ਸਿੰਘ ਨੇ ਸੰਬੰਧਿਤ ਅਧਿਕਾਰੀਆਂ ਅਤੇ ਸਫ਼ਾਈ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰ ਦੀ ਸਫ਼ਾਈ ਵਿਵਸਥਾ ਵਿਚ ਹੋਰ ਸੁਧਾਰ ਲਿਆਂਦਾ ਜਾਵੇ ਅਤੇ ਕੂੜੇ ਦੀ ਸਮੇਂ ਸਿਰ ਉਠਾਈ ਨੂੰ ਯਕੀਨੀ ਬਣਾਇਆ ਜਾਵੇ।ਉਨ੍ਹਾਂ ਕਿਹਾ ਕਿ ਡੰਪ ਸਥਾਨਾਂ ਦੀ ਨਿਯਮਤ ਸਫ਼ਾਈ ਕੀਤੀ ਜਾਵੇ, ਤਾਂ ਜੋ ਇਨ੍ਹਾਂ ਥਾਵਾਂ ’ਤੇ ਕੂੜਾ ਇਕੱਠਾ ਹੋਣ ਕਾਰਨ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸਫ਼ਾਈ ਕਾਰਜਾਂ ਦੀ ਨਿਗਰਾਨੀ ਕਰਨ ਅਤੇ ਆਪਣੇ-ਆਪਣੇ ਖੇਤਰਾਂ ਵਿਚ ਸਫ਼ਾਈ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਨਿਰਦੇਸ਼ ਵੀ ਦਿੱਤੇ। ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਜਨਤਕ ਥਾਵਾਂ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਕੂੜੇ ਦੀ ਉਠਾਈ ਵਿਚ ਕਿਸੇ ਕਿਸਮ ਦੀ ਲਾਪਰਵਾਹੀ ਨਾ ਵਰਤੀ ਜਾਵੇ। ਨਗਰ ਨਿਗਮ ਵਲੋਂ ਕੀਤੇ ਗਏ ਇਸ ਨਿਰੀਖਣ ਦਾ ਮੁੱਖ ਉਦੇਸ਼ ਸ਼ਹਿਰ ’ਚ ਸਫ਼ਾਈ ਪ੍ਰਬੰਧਾਂ ਨੂੰ ਹੋਰ ਬਿਹਤਰ ਬਣਾਉਣਾ ਅਤੇ ਡੰਪ ਸਥਾਨਾਂ ਦੀ ਨਿਯਮਤ ਸਫ਼ਾਈ ਰਾਹੀਂ ਸਵੱਛ ਵਾਤਾਵਰਨ ਨੂੰ ਯਕੀਨੀ ਬਣਾਉਣਾ ਹੈ।
ਕੂੜੇ ਦੇ ਡੰਪਾਂ ’ਚ ਜਾ ਕੇ ਹਾਲਾਤ ਸੁਧਾਰਨ ਦਾ ਕੰਮ ਕਰ ਰਹੇ ਨੇ ਨਗਰ ਨਿਗਮ ਦੇ ਨਵੇਂ ਕਮਿਸ਼ਨਰ
ਜਲੰਧਰ, 2 ਅਕਤੂਬਰ (ਸ਼ਿਵ)-ਸ਼ਹਿਰ ਵਿਚ ਸਫ਼ਾਈ ਵਿਵਸਥਾ ਨੂੰ ਹੋਰ ਸੁਚੱਜਾ ਅਤੇ ਪ੍ਰਭਾਵਸ਼ਾਲੀ ਬਣਾਉਣ ਦੇ ਮਕਸਦ ਨਾਲ ਨਗਰ ਨਿਗਮ ਜਲੰਧਰ ਦੇ ਕਮਿਸ਼ਨਰ ਸੁਰਿੰਦਰ ਸਿੰਘ ਵਲੋਂ ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਵੱਖ-ਵੱਖ ਡੰਪ ਸਥਾਨਾਂ ਦਾ ਦੌਰਾ ਕਰਕੇ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਪਰ ਨਵੇਂ ਕਮਿਸ਼ਨਰ ਆਪ ਹੁਣ ਡੰਪਾਂ ’ਚ ਜਾ ਕੇ ਸਾਰੇ ਹਾਲਾਤਾਂ ਦਾ ਜਾਇਜ਼ਾ ਲੈ ਰਹੇ ਹਨ ਜਿਸ ਦੀ ਲੋਕ ਕਾਫੀ ਪ੍ਰਸੰਸਾ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਹੈਲਥ ਅਫ਼ਸਰ ਡਾ.
ਕੂੜੇ ਦੇ ਇਕ ਡੰਪ ’ਚ ਜਾਇਜ਼ਾ ਲੈਣ ਮੌਕੇ ਕਮਿਸ਼ਨਰ ਸੁਰਿੰਦਰ ਸਿੰਘ ਤੇ ਹੋਰ। ਤਸਵੀਰ. ਮੁਨੀਸ਼
03-10-2026