ਛੇ ਮਹੀਨੇ ਤੋਂ ਬੋਰ ਹੋਣ ਦੇ ਬਾਵਜੂਦ ਨਹੀਂ ਚੱਲੀ ਪਾਣੀ ਦੀ ਮੋਟਰ
ਜਲੰਧਰ, 9 ਅਗਸਤ (ਸ਼ਿਵ)-ਵਾਰਡ ਨੰਬਰ 2 ਦੇ ਪਰਸਰਾਮ ਨਗਰ ਵਿਚ ਪਾਣੀ ਦੀ ਕਿੱਲਤ ਨੂੰ ਲੈ ਕੇ ਇਲਾਕਾ ਨਿਵਾਸੀਆਂ ਵੱਲੋਂ ਨਗਰ ਨਿਗਮ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਲਾਕਾ ਵਾਸੀਆਂ ਦਾ ਦੋਸ਼ ਹੈ ਕਿ ਪਿਛਲੇ ਕਰੀਬ ਛੇ ਮਹੀਨਿਆਂ ਤੋਂ ਪਾਣੀ ਦੀ ਮੋਟਰ ਲਈ ਬੋਰ ਕਰ ਦਿੱਤਾ ਗਿਆ ਹੈ, ਪਰ ਅਜੇ ਤੱਕ ਮੋਟਰ ਨੂੰ ਬਿਜਲੀ ਦਾ ਕਨੈੱਕਸ਼ਨ ਨਹੀਂ ਦਿੱਤਾ ਗਿਆ ਅਤੇ ਨਾ ਹੀ ਬਿਜਲੀ ਦਾ ਮੀਟਰ ਲਗਾਇਆ ਗਿਆ ਹੈ।
ਜਲੰਧਰ, 9 ਅਗਸਤ (ਸ਼ਿਵ)-ਵਾਰਡ ਨੰਬਰ 2 ਦੇ ਪਰਸਰਾਮ ਨਗਰ ਵਿਚ ਪਾਣੀ ਦੀ ਕਿੱਲਤ ਨੂੰ ਲੈ ਕੇ ਇਲਾਕਾ ਨਿਵਾਸੀਆਂ ਵੱਲੋਂ ਨਗਰ ਨਿਗਮ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਲਾਕਾ ਵਾਸੀਆਂ ਦਾ ਦੋਸ਼ ਹੈ ਕਿ ਪਿਛਲੇ ਕਰੀਬ ਛੇ ਮਹੀਨਿਆਂ ਤੋਂ ਪਾਣੀ ਦੀ ਮੋਟਰ ਲਈ ਬੋਰ ਕਰ ਦਿੱਤਾ ਗਿਆ ਹੈ, ਪਰ ਅਜੇ ਤੱਕ ਮੋਟਰ ਨੂੰ ਬਿਜਲੀ ਦਾ ਕਨੈੱਕਸ਼ਨ ਨਹੀਂ ਦਿੱਤਾ ਗਿਆ ਅਤੇ ਨਾ ਹੀ ਬਿਜਲੀ ਦਾ ਮੀਟਰ ਲਗਾਇਆ ਗਿਆ ਹੈ। ਇਸ ਮੌਕੇ ਵਾਰਡ ਨੰਬਰ 2 ਦੇ ਕੌਂਸਲਰ ਹਰਪ੍ਰੀਤ ਵਾਲੀਆ ਨੇ ਕਿਹਾ ਕਿ ਪਿਛਲੇ ਛੇ ਮਹੀਨਿਆਂ ਤੋਂ ਨਗਰ ਨਿਗਮ ਵੱਲੋਂ ਪਾਣੀ ਵਾਲੀ ਮੋਟਰ ਦਾ ਬੋਰ ਕਰਵਾਉਣ ਤੋਂ ਬਾਅਦ ਕੰਮ ਅਧੂਰਾ ਛੱਡ ਦਿੱਤਾ ਗਿਆ ਹੈ। ਗਰਮੀਆਂ ਦੇ ਮੌਸਮ ਵਿਚ ਪਾਣੀ ਦੀ ਲੋੜ ਵਧਣ ਕਾਰਨ ਇਲਾਕਾ ਵਾਸੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੂੰ ਆਪਣੀ ਰੋਜ਼ਾਨਾ ਜ਼ਰੂਰਤ ਲਈ ਦੂਜੇ ਮੁਹੱਲਿਆਂ ਜਾਂ ਵਾਰਡਾਂ ਤੋਂ ਪਾਣੀ ਲਿਆਉਣਾ ਪੈ ਰਿਹਾ ਹੈ। ਹਰਪ੍ਰੀਤ ਵਾਲੀਆ ਨੇ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਕਈ ਵਾਰ ਜਾਣੂ ਕਰਵਾਇਆ ਜਾ ਚੁੱਕਾ ਹੈ ਅਤੇ ਰੋਜ਼ਾਨਾ ਬਿਜਲੀ ਕਨੈੱਕਸ਼ਨ ਚਾਲੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ, ਤਾਂ ਜੋ ਵਾਰਡ ਵਿਚ ਪਾਣੀ ਦੀ ਸਮੱਸਿਆ ਦਾ ਹੱਲ ਹੋ ਸਕੇ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਅੱਜ ਵਚਿੰਤ ਨਗਰ, ਪਰਸਰਾਮ ਨਗਰ ਅਤੇ ਹਰਗੋਬਿੰਦ ਨਗਰ ਦੇ ਵਸਨੀਕ ਪਾਣੀ ਦੀ ਮੋਟਰ ਵਾਲੀ ਥਾਂ ’ਤੇ ਇਕੱਠੇ ਹੋਏ ਅਤੇ ਨਗਰ ਨਿਗਮ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਲਾਕਾ ਵਾਸੀਆਂ ਨੇ ਮੰਗ ਕੀਤੀ ਕਿ ਮੋਟਰ ਦਾ ਬਿਜਲੀ ਕਨੈੱਕਸ਼ਨ ਤੁਰੰਤ ਕਰਵਾਇਆ ਜਾਵੇ, ਤਾਂ ਜੋ ਉਨ੍ਹਾਂ ਨੂੰ ਪਾਣੀ ਦੀ ਕਿੱਲਤ ਤੋਂ ਰਾਹਤ ਮਿਲ ਸਕੇ। ਕੌਂਸਲਰ ਹਰਪ੍ਰੀਤ ਵਾਲੀਆ ਨੇ ਕਿਹਾ ਕਿ ਜੇਕਰ ਬੁੱਧਵਾਰ ਤੱਕ ਪਾਣੀ ਦੀ ਮੋਟਰ ਦਾ ਬਿਜਲੀ ਕਨੈੱਕਸ਼ਨ ਨਾ ਕੀਤਾ ਗਿਆ ਤਾਂ ਵੀਰਵਾਰ ਨੂੰ ਨਗਰ ਨਿਗਮ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਜਾਵੇਗੀ ਅਤੇ ਠੇਕੇਦਾਰ ਵਿਰੁੱਧ ਮੰਗ ਪੱਤਰ ਦਿੱਤਾ ਜਾਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਸ ਤੋਂ ਬਾਅਦ ਵੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਨਗਰ ਨਿਗਮ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।