16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਪਿਛਲੇ ਤਿੰਨ ਸਾਲ ਤੋਂ ਬੰਦ ਪਿਆ ਹੈ ਪੰਜਾਬ ਸਰਕਾਰ ਦਾ ਬਹੁ-ਕੌਸ਼ਲ ਵਿਕਾਸ ਕੇਂਦਰ

ਲੈਦਰ ਕੰਪਲੈਕਸ ਸਥਿਤ ਜ਼ਿਲ੍ਹਾ ਰੋਜ਼ਗਾਰ ਉਤਪਤੀ, ਕੌਸ਼ਲ ਵਿਕਾਸ ਤੇ ਸਿਖਲਾਈ ਬਿਊਰੋ ਦਾ ਮਲਟੀ ਸਕਿੱਲ ਡਿਵੈੱਲਪਮੈਂਟ ਸੈਂਟਰ ਜੋ ਕੋਰਸ ਨਾ ਚੱਲਣ ਕਾਰਨ ਪਿਛਲੇ ਤਿੰਨ ਸਾਲ ਤੋਂ ਬੰਦ ਪਿਆ ਹੈ | ਤਸਵੀਰ-ਜੀਪੀ ਸਿੰਘ | <br/> 21-05-2026
ਜਲੰਧਰ, 20 ਮਈ (ਜਤਿੰਦਰ ਪੰਮੀ)-ਪੰਜਾਬ ਸਰਕਾਰ ਦੇ ਜ਼ਿਲ੍ਹਾ ਰੋਜ਼ਗਾਰ ਉਤਪਤੀ, ਕੌਸ਼ਲ ਵਿਕਾਸ ਤੇ ਸਿਖਲਾਈ ਬਿਊਰੋ ਵਲੋਂ ਲੈਦਰ ਕੰਪਲੈਕਸ ਅੰਦਰ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਯੋਗ ਬਣਾਉਣ ਲਈ ਵੱਖ-ਵੱਖ ਤਰ੍ਹਾਂ ਦੇ ਸਕਿੱਲ ਕੋਰਸ ਕਰਵਾਉਣ ਲਈ ਖੋਲਿ੍ਹਆ ਗਿਆ ਬਹੁ ਕੌਸ਼ਲ ਵਿਕਾਸ ਕੇਂਦਰ ਪਿਛਲੇ ਤਿੰਨ ਸਾਲ ਤੋਂ ਬੰਦ ਪਿਆ ਹੈ | ਕੋਰਸ ਕਰਨ ਦੇ ਚਾਹਵਾਨ ਨੌਜਵਾਨ ਉਥੇ ਕੋਰਸ ਬਾਰੇ ਪੁੱਛਣ ਪੁੱਜਦੇ ਹਨ ਤਾਂ ਪਤਾ ਲੱਗਦਾ ਹੈ ਕਿ ਕੇਂਦਰ ਤਾਂ ਬੰਦ ਹੈ, ਜਿਸ ਕਾਰਨ ਉਹ ਨਿਰਾਸ਼ ਹੋ ਕੇ ਪਰਤ ਰਹੇ ਹਨ | ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵਲੋਂ 2016 'ਚ ਲੈਦਰ ਕੰਪਲੈਕਸ ਵਿਚ ਗੁਦਾਮਾਂ ਦੇ ਨੇੜੇ 4 ਏਕੜ ਰਕਬੇ 'ਚ ਮਲਟੀ ਸਕਿੱਲ ਡਿਵੈੱਲਪਮੈਂਟ ਸੈਂਟਰ ਸ਼ੁਰੂ ਕੀਤਾ ਗਿਆ ਸੀ | ਇਸ ਕੇਂਦਰ ਵਿਚ ਨੌਜਵਾਨਾਂ ਲਈ ਵੱਖ-ਵੱਖ ਤਰ੍ਹਾਂ ਸਕਿੱਲ ਕੋਰਸ ਚਲਾਉਣ ਲਈ ਦਿੱਲੀ ਦੀ ਇਕ ਲਰਨਇਟ ਨਾਲ ਸਮਝੌਤਾ ਕੀਤਾ ਗਿਆ ਸੀ, ਜਿਹੜੀ ਕਿ ਸਿੱਖਿਆਰਥੀਆਂ ਨੂੰ ਉਕਤ ਕੋਰਸ ਕਰਵਾਉਂਦੀ ਸੀ | ਮਿਲੀ ਜਾਣਕਾਰੀ ਮੁਤਾਬਕ ਕਰੀਬ ਸੱਤ ਸਾਲ ਤੱਕ ਇਹ ਕੇਂਦਰ ਉਕਤ ਕੰਪਨੀ ਵਲੋਂ ਚਲਾਇਆ ਜਾਂਦਾ ਰਿਹਾ ਪਰ ਤਿੰਨ ਸਾਲ ਪਹਿਲਾਂ 2023 ਦਾ ਸੈਸ਼ਨ ਪੂਰਾ ਕਰਨ ਉਪਰੰਤ ਕੰਪਨੀ ਇਥੋਂ ਆਪਣਾ ਸਾਰਾ ਸਾਮਾਨ ਚੁੱਕ ਕੇ ਲੈ ਗਈ | ਇਸ ਤੋਂ ਬਾਅਦ ਜ਼ਿਲ੍ਹਾ ਰੋਜ਼ਗਾਰ ਉਤਪਤੀ, ਕੌਸ਼ਲ ਵਿਕਾਸ ਤੇ ਸਿਖਲਾਈ ਬਿਊਰੋ ਵਲੋਂ ਇਸ ਕੇਂਦਰ ਨੂੰ ਚਲਾਉਣ ਵੱਲ ਧਿਆਨ ਨਹੀਂ ਦਿੱਤਾ ਗਿਆ, ਜਿਸ ਕਾਰਨ ਇਹ ਇਮਾਰਤ ਕਬੂਤਰਖਾਨਾ ਬਣਦੀ ਜਾ ਰਹੀ ਹੈ | ਦੱਸਣਯੋਗ ਹੈ ਕਿ ਇਸ ਕੇਂਦਰ ਵਿਚ ਸੈਮੀਨਾਰ ਹਾਲ ਤੋਂ ਇਲਾਵਾ ਕਲਾਸ ਰੂਮ ਅਤੇ ਵਰਕਸ਼ਾਪਾਂ ਵੀ ਬਣਾਈਆਂ ਗਈਆਂ ਹਨ, ਜਿੱਥੇ ਕੋਰਸ ਕਰਨ ਵਾਲੇ ਨੌਜਵਾਨਾਂ ਨੂੰ ਪੜ੍ਹਾਉਣ ਦੇ ਨਾਲ਼-ਨਾਲ਼ ਟਰੇਨਿੰਗ ਵੀ ਦਿੱਤੀ ਜਾਂਦੀ ਰਹੀ ਹੈ | ਇੱਥੇ ਕੋਰਸ ਕਰਨ ਵਾਲੇ ਸਿੱਖਿਆਰਥੀਆਂ ਦੇ ਰਹਿਣ ਲਈ ਕੇਂਦਰ ਦੇ ਸਾਹਮਣੇ ਹੀ ਮੁੰਡੇ-ਕੁੜੀਆਂ ਲਈ ਵੱਖ-ਵੱਖ ਹੋਸਟਲ ਬਣਾਏ ਗਏ ਹਨ, ਜਿਨ੍ਹਾਂ ਵਿਚ 24-24 ਕਮਰੇ ਹਨ, ਜਿਨ੍ਹਾਂ 'ਚੋਂ ਹਰੇਕ ਹੋਸਟਲ 'ਚ 200-200 ਦੇ ਕਰੀਬ ਸਿੱਖਿਆਰਥੀ ਰਹਿ ਸਕਦੇ ਹਨ | ਇਹ ਕੇਂਦਰ ਬੰਦ ਹੋਣ ਨਾਲ ਜਿੱਥੇ ਕਰੋੜਾਂ ਰੁਪਏ ਨਾਲ ਤਿਆਰ ਕੀਤੀਆਂ ਇਮਾਰਤਾਂ ਖਰਾਬ ਹੋ ਰਹੀਆਂ ਹਨ, ਉਥੇ ਹੀ ਜ਼ਿਲ੍ਹੇ ਦੀ ਸਨਅੱਤ ਨੂੰ ਕੁਸ਼ਲ ਕਾਮਿਆਂ ਦੀ ਘਾਟ ਨਾਲ ਜੂਝਣਾ ਪੈ ਰਿਹਾ ਹੈ | ਖੇਡ ਉਦਯੋਗਪਤੀ ਤੇ ਕਾਰੋਬਾਰੀ ਆਗੂ ਰਵਿੰਦਰ ਧੀਰ ਦਾ ਕਹਿਣਾ ਹੈ ਕਿ ਸਰਕਾਰਾਂ ਵਲੋਂ ਖੇਡ ਸਨਅਤ ਵੱਲ ਕਦੇ ਵੀ ਸਹੀ ਢੰਗ ਨਾਲ ਧਿਆਨ ਨਹੀਂ ਦਿੱਤਾ ਗਿਆ | ਪਿਛਲੇ ਲੰਮੇਂ ਸਮੇਂ ਤੋਂ ਖੇਡ ਸਨਅੱਤ ਦੇ ਨਾਲ ਹੀ ਜ਼ਿਲ੍ਹੇ ਦੀਆਂ ਹੋਰਨਾਂ ਸਨਅੱਤਾਂ ਵੀ ਸਕਿੱਲ ਕਾਮਿਆਂ ਦੀ ਘਾਟ ਨਾਲ ਜੂਝ ਰਹੀਆਂ ਹਨ | ਇਹ ਕੇਂਦਰ ਉਨ੍ਹਾਂ ਦੀ ਘਾਟ ਪੂਰੀ ਕਰਨ 'ਚ ਥੋੜ੍ਹੀ ਜਿਹੀ ਮਦਦ ਕਰਨ ਲੱਗਾ ਸੀ ਪਰ ਤਿੰਨ ਸਾਲਾਂ ਤੋਂ ਇੱਥੇ ਕੋਈ ਵੀ ਕੋਰਸ ਨਾ ਕਰਵਾਏ ਜਾਣ ਕਾਰਨ ਸਕਿੱਲਡ ਲੇਬਰ ਦੀ ਵੱਡੀ ਘਾਟ ਪੈਦਾ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਕੇਂਦਰ ਨੂੰ ਤੁਰੰਤ ਸ਼ੁਰੂ ਕਰਨਾ ਚਾਹੀਦਾ ਹੈ ਤਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਸਕਿੱਲ ਕੋਰਸ ਕਰਵਾ ਕੇ ਰੋਜ਼ਗਾਰ ਦੇ ਯੋਗ ਬਣਾਇਆ ਜਾ ਸਕੇ |
ਇਸ ਸਾਲ ਸ਼ੁਰੂ ਕਰ ਦਿੱਤਾ ਜਾਵੇਗਾ ਕੇਂਦਰ-ਨੀਲਮ ਮਹੇ
ਜ਼ਿਲ੍ਹਾ ਰੋਜ਼ਗਾਰ ਉਤਪਤੀ, ਕੌਸ਼ਲ ਵਿਕਾਸ ਤੇ ਸਿਖਲਾਈ ਬਿਊਰੋ ਦੇ ਡਿਪਟੀ ਡਾਇਰੈਕਟਰ ਨੀਲਮ ਮਹੇ ਨੇ ਕਿਹਾ ਕਿ ਸਕਿੱਲ ਡਿਵੈੱਲਪਮੈਂਟ ਸੈਂਟਰ 'ਚ ਇਸ ਸਾਲ ਤੋਂ ਦੁਬਾਰਾ ਕਿੱਤਾਮੁਖੀ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ | ਕੋਰਸ ਸ਼ੁਰੂ ਕਰਨ ਲਈ ਵਿਭਾਗ ਵਲੋਂ ਸਿਖਲਾਈ ਸੰਸਥਾ ਨਾਲ ਸਮਝੌਤਾ ਕੀਤਾ ਜਾ ਰਿਹਾ ਹੈ | ਇਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤੇ ਇਮਾਰਤ ਦੀ ਮੁਰੰਮਤ ਦਾ ਕੰਮ ਵੀ ਚੱਲ ਰਿਹਾ ਹੈ | ਡਿਪਟੀ ਡਾਇਰੈਕਟਰ ਨੇ ਕਿਹਾ ਕਿ ਕੇਂਦਰ 'ਚ ਅਗਲੇ ਮਹੀਨਿਆਂ ਦੌਰਾਨ ਵੱਖ-ਵੱਖ ਤਰ੍ਹਾਂ ਦੇ ਸਕਿੱਲ ਕੋਰਸ ਸ਼ੁਰੂ ਕੀਤੇ ਜਾਣਗੇ, ਜਿਨ੍ਹਾਂ 'ਚ ਸੀਐਨਸੀ ਅਪ੍ਰੇਰਟਰ, ਮੈਨੂਅਲ ਮੈਟਲ ਆਰਕ ਵੈਲਡਿੰਗ, ਜਨਰਲ ਡਿਊਟੀ ਅਸਿਸਟੈਂਟ, ਪ੍ਰੋਫੈਸ਼ਨਲ ਮੇਕਅਪ ਆਰਟਿਸਟ, ਸਹਾਇਕ ਇਲੈਕਟ੍ਰੀਸ਼ਨ, ਸਟਿਚਿੰਗ ਅਪ੍ਰੇਟਰ ਗੁੱਡਜ਼ ਐਂਡ ਗਾਰਮੈਂਟਸ, ਕੋਮਿਸ ਚੈਫ, ਡਿਜੀਟਲ ਮਿੱਤਰਾ, ਅਕਾਊਾਟ ਅਸਿਸਟੈਂਟ, ਗ੍ਰਾਫਿਕ ਡਿਜ਼ਾਈਨਿੰਗ, ਚਾਈਲਡ ਕੇਅਰਟੇਕਰ (ਨਾਨ ਕਲੀਨੀਕਲ), ਡੋਮੈਸਟਿਕ ਡਾਟਾ ਐਂਟਰੀ ਅਪ੍ਰੇਰਟਰ, ਫਰੰਟ ਆਫਿਸ ਐਸੋਸੀਏਟਸ ( ਦੋਵੇਂ ਸ਼ਹਿਰੀ ਉਮੀਦਵਾਰਾਂ ਲਈ), ਫੂਡ ਪ੍ਰੋਡਕਟਸ ਪੈਕੇਜਿੰਗ, ਟੈਨੀਸ਼ੀਅਨ (ਦਿਹਾਤੀ ਉਮੀਦਵਾਰਾਂ ਲਈ), ਐਲਡਰਲੀ ਕੇਅਰਟੇਕਰ (ਨਾਨ ਕਲੀਨੀਕਲ) ਅਤੇ ਵੇਅਰ ਹਾਊਸ ਐਸੋਸੀਏਟ ਸ਼ਾਮਲ ਹਨ |

ਪਿਛਲੀ ਖ਼ਬਰ ਟਰੰਪ ਦੀ ਪਾਰਟੀ 'ਚ ਬਗ਼ਾਵਤ ਅਗਲੀ ਖ਼ਬਰ ਸਪੋਰਟਸ ਮਾਰਕੀਟ 'ਚ ਵਾਪਰੀਆਂ ਅਪਰਾਧਕ ਘਟਨਾਵਾਂ ਕਾਰਨ ਕਾਰੋਬਾਰੀਆਂ 'ਚ ਡਰ ਦਾ ਮਾਹੌਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।