ਨਕੋਦਰ, 16 ਮਈ (ਗੁਰਵਿੰਦਰ ਸਿੰਘ)-ਪ੍ਰਸਿੱਧ ਗੀਤਕਾਰ ਵਿਜੈ ਧੰਮੀ, ਧੰਮੀ ਹੇਰਾਂ ਵਾਲੇ ਨੇ ਆਪਣੀ ਉੁੱਚੀ-ਸੁੱਚੀ ਗੀਤਕਾਰੀ ਨਾਲ਼ ਪੂਰੀ ਦੁਨੀਆਂ ਵਿਚ ਆਪਣਾ ਨਾਮ ਬਣਾਇਆ, ਆਪਣੇ ਪਿੰਡ ਹੇਰਾਂ ਦਾ ਨਾਮ ਰੌਸ਼ਨ ਕੀਤਾ ਤੇ ਨਾਲ਼ ਨਾਲ਼ ਪੰਜਾਬੀ ਗੀਤਕਾਰੀ ਨੂੰ ਸਾਫ ਸੁਥਰੇ ਗੀਤਾਂ ਨਾਲ਼ ਮਾਲੋਮਾਲ ਕੀਤਾ | ਹੁਣ ਜਿੱਥੇ ਵਿਜੈ ਧੰਮੀ ਅਤੇ ਉਸਦੇ ਪਰਿਵਾਰ ਲਈ ਬਹੁਤ ਮਾਣ ਵਾਲੀ ਗੱਲ ਹੈ ਓਥੇ ਪਿੰਡ ਹੇਰਾਂ ਤੇ ਨਕੋਦਰ ਇਲਾਕੇ ਲਈ ਵੀ ਬਹੁਤ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦਾ ਛੋਟਾ ਬੇਟਾ ਵਾਰਿਸ ਧੰਮੀ ਕੈਨੇਡਾ ਵਿਚ ਮੈਟਰੋ ਵੈਨਕੂਵਰ ਪੁਲਿਸ ਵਿੱਚ ਸੇਵਾਵਾਂ ਨਿਭਾਅ ਰਿਹਾ ਹੈ | ਇਹ ਸਰਕਾਰੀ ਨੌਕਰੀ ਹਾਸਿਲ ਕਰਨੀ ਇਸ ਕਰਕੇ ਬਹੁਤ ਮੁਸ਼ਕਿਲ ਹੈ ਕਿਉਂਕਿ ਇਸ ਦੀਆਂ ਸ਼ਰਤਾਂ ਮੁਤਾਬਕ ਸਰੀਰਕ ਟੈਸਟ, ਦਿਮਾਗੀ ਟੈਸਟ, ਪੜ੍ਹਾਈ, ਸਮਾਜ ਪ੍ਰਤੀ ਸੋਚ ਤੇ ਸੇਵਾਵਾਂ, ਪਰਿਵਾਰਕ ਪਿਛੋਕੜ ਤੇ ਹੋਰ ਬਹੁਤ ਕੁੱਝ ਐਸਾ ਹੈ, ਜਿਸ ਵਿਚੋਂ ਲੰਘ ਕੇ ਸਫਲਤਾ ਹਾਸਲ ਕਰ ਹੁੰਦੀ ਹੈ | ਦੱਸਣ ਮੁਤਾਬਕ ਅਪਲਾਈ ਕਰਨ ਵਾਲੇ ਕਈ ਸੌ ਦੀ ਗਿਣਤੀ ਵਿਚੋਂ ਪੰਜ-ਸੱਤ ਨੌਜਵਾਨ ਮੁੰਡੇ ਕੁੜੀਆਂ ਹੀ ਸਿਲੈਕਟ ਹੁੰਦੇ ਹਨ | ਇਥੇ ਇਹ ਵੀ ਜ਼ਿਕਰਯੋਗ ਹੈ ਕਿ ਵਾਰਿਸ ਧੰਮੀ ਨੇ ਮਾਡਲਿੰਗ ਕਰਦਿਆਂ ਨੂਰਾਂ ਸਿਸਟਰਜ਼ ਦੇ ਚਰਚਿਤ ਗੀਤ ਜਿੰਦੜੀਏ ਵਿਚ ਅਤੇ ਹੋਰ ਕਈ ਗੀਤਾਂ ਵਿੱਚ ਹੀਰੋ ਵਜੋਂ ਭੂਮਿਕਾਵਾਂ ਨਿਭਾਈਆਂ ਹਨ | ਵਾਰਿਸ ਧੰਮੀ ਦੀ ਕੈਨੇਡਾ ਦੀ ਧਰਤੀ 'ਤੇ ਜਾ ਕੇ ਇਸ ਮਾਣਮੱਤੀ ਪ੍ਰਾਪਤੀ ਲਈ ਜਿੱਥੇ ਪਰਿਵਾਰ ਜਾਂ ਇਲਾਕੇ ਨੂੰ ਮਾਣ ਹੈ ਓਥੇ ਸਾਰੇ ਪੰਜਾਬੀਆਂ ਦਾ ਸਿਰ ਵੀ ਮਾਣ ਨਾਲ ਉੱਚਾ ਹੋਇਆ ਹੈ |