ਮਲਸੀਆਂ, 16 ਮਈ (ਦਲਜੀਤ ਸਿੰਘ ਸਚਦੇਵਾ)- ਸ਼ਾਹਕੋਟ ਹਲਕੇ ਦੇ ਕਸਬਾ ਮਲਸੀਆਂ ਵਿਖੇ 'ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ' ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਦਾ ਰਸਮੀ ਤੌਰ 'ਤੇ ਆਗਾਜ਼ ਕਰ ਦਿੱਤਾ ਗਿਆ ਹੈ | ਇਸ ਸੰਬੰਧੀ ਮਲਸੀਆਂ ਦੇ ਆਕਲਪੁਰ ਪੱਤੀ ਸਥਿਤ ਕਮਿਊਨਿਟੀ ਸੈਂਟਰ ਵਿਖੇ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਇਲਾਕੇ ਦੀਆਂ ਔਰਤਾਂ ਨੇ ਸ਼ਿਰਕਤ ਕੀਤੀ | ਸਮਾਗਮ ਦੌਰਾਨ ਪੰਜਾਬ ਵਪਾਰੀ ਕਮਿਸ਼ਨ ਹਲਕਾ ਸ਼ਾਹਕੋਟ ਦੇ ਚੇਅਰਮੈਨ ਤੇ ਸੀਨੀਅਰ 'ਆਪ' ਆਗੂ ਅਨਿਲ ਅਗਰਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਿਨ੍ਹਾਂ ਨੇ ਯੋਜਨਾ ਦੇ ਰਜਿਸਟ੍ਰੇਸ਼ਨ ਕੈਂਪ ਦੀ ਸ਼ੁਰੂਆਤ ਕਰਵਾਈ | ਅਨਿਲ ਅਗਰਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਮ ਲੋਕਾਂ ਦੀ ਆਪਣੀ ਸਰਕਾਰ ਹੈ | ਉਨ੍ਹਾਂ ਕਿਹਾ ਕਿ 'ਆਪ' ਵਲੋਂ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ ਜੋ ਵੀ ਵਾਅਦੇ ਤੇ ਗਾਰੰਟੀਆਂ ਕੀਤੀਆਂ ਗਈਆਂ ਸਨ, ਉਹ ਪੂਰੀਆਂ ਹੋ ਗਈਆਂ ਹਨ | ਪਿਛਲੀਆਂ ਸਰਕਾਰਾਂ ਸਿਰਫ਼ ਚੋਣਾਂ ਵੇਲੇ ਲਾਰੇ ਲਾਉਂਦੀਆਂ ਸਨ, ਪਰ ਮਾਨ ਸਰਕਾਰ ਜੋ ਕਹਿੰਦੀ ਹੈ, ਉਹ ਕਰਕੇ ਦਿਖਾਉਂਦੀ ਹੈ | ਭਿ੍ਸ਼ਟਾਚਾਰ ਮੁਕਤ ਪ੍ਰਸ਼ਾਸਨ, ਮੁਫ਼ਤ ਬਿਜਲੀ, ਆਮ ਆਦਮੀ ਕਲੀਨਿਕ ਤੇ ਹੁਣ ਮਾਵਾਂ-ਧੀਆਂ ਦੇ ਮਾਨ-ਸਨਮਾਨ ਨੂੰ ਬਹਾਲ ਰੱਖਣ ਲਈ ਸ਼ੁਰੂ ਕੀਤੀ ਗਈ ਇਹ ਯੋਜਨਾ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ | ਇਸ ਯੋਜਨਾ ਦਾ ਮੁੱਖ ਉਦੇਸ਼ ਸੂਬੇ ਦੀਆਂ ਮਹਿਲਾਵਾਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰਨਾ ਤੇ ਸਮਾਜ ਵਿਚ ਉਨ੍ਹਾਂ ਦਾ ਸਤਿਕਾਰ ਵਧਾਉਣਾ ਹੈ | ਇਸ ਮੌਕੇ ਯੋਜਨਾ ਦੀ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਮੌਕੇ ਲੱਡੂ ਵੀ ਵੰਡੇ ਗਏ | ਇਸ ਮੌਕੇ ਸ਼ਹਿਰੀ ਪ੍ਰਧਾਨ ਨਿਰਮਲ ਸਿੰਘ ਸਰਾਭਾ ਨੇ ਸਮਾਗਮ ਵਿਚ ਆਈਆਂ ਹੋਈਆਂ ਮਹਿਲਾਵਾਂ ਦਾ ਧੰਨਵਾਦ ਕੀਤਾ ਤੇ ਲਾਭਪਾਤਰੀ ਮਹਿਲਾਵਾਂ ਨੂੰ ਇਸ ਯੋਜਨਾ ਦੇ ਲਾਭ ਲੈਣ ਲਈ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ ਕੀਤੀ | ਇਸ ਮੌਕੇ ਆਂਗਣਵਾੜੀ ਸੁਪਰਵਾਈਜ਼ਰ ਬਲਦੇਵ ਕੌਰ, ਬਲਜਿੰਦਰ ਸਿੰਘ ਪੰਚ, ਅਮਰਜੀਤ ਪੰਚ, ਗੁਰਪ੍ਰੀਤ ਸਿੰਘ ਪੰਚ, ਅਜੇ ਕੁਮਾਰ ਪੰਚ, ਜਗਦੀਪ ਸਿੰਘ ਨੰਬਰਦਾਰ, ਸੁਖਦੇਵ ਸਿੰਘ ਬਿੰਟਾ, ਪਹਿਲਵਾਨ ਸੰਜੂ, ਜੱਸ ਮਨੀਲਾ, ਬੱਗਾ ਆਦਿ ਹਾਜ਼ਰ ਸਨ |